ਅਕਾਲੀ ਦਲ ਬਚਾਉਣਾ ਤਾਂ ਭਰਿਆ ਮੇਲਾ ਛੱਡ ਕੇ ਪਾਸੇ ਹੋ ਜਾਣ ਸੁਖਬੀਰ ਸਿੰਘ ਬਾਦਲ: ਕਿਰਨਬੀਰ ਸਿੰਘ ਕੰਗ

10/03/2022 12:47:13 PM

ਜਲੰਧਰ (ਜ. ਬ.)- ਆਲ ਇੰਡੀਆ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਸੁਖਬੀਰ ਸਿੰਘ ਬਾਦਲ ਨੂੰ ਮਸ਼ਵਰਾ ਦਿੱਤਾ ਹੈ ਕਿ ਉਨ੍ਹਾਂ ਨੂੰ ਪਾਰਟੀ ਦੇ ਹਾਲਾਤ ਨੂੰ ਵੇਖਦਿਆਂ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਅਤੇ ਹੋਰ ਕਿਸੇ ਨੂੰ ਮੌਕਾ ਦੇਣਾ ਚਾਹੀਦਾ ਹੈ। ਕੰਗ ਮੁਤਾਬਕ ਸੁਖਬੀਰ ਚੰਗੇ ਇਨਸਾਨ ਹੋ ਸਕਦੇ ਨੇ ਪਰ ਉਹ ਸ਼ਾਨਦਾਰ ਸਿਆਸਤਦਾਨ ਨਹੀਂ ਸਾਬਿਤ ਹੋਏ ਹਨ। ਉਨ੍ਹਾਂ ਦੀ ਅਗਵਾਈ ’ਚ ਪਾਰਟੀ ਢਹਿੰਦੀ ਕਲਾ ਵਿਚ ਰਹੀ ਹੈ। ਇਸ ਕਰਕੇ ਸੁਖਬੀਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਬਾਦਲ ਪਰਿਵਾਰ ਨੂੰ ਚੁਣੌਤੀ ਦਿੱਤੀ ਕਿ 2024 ਦੀਆਂ ਚੋਣਾਂ ’ਚ ਬਾਦਲ ਪਰਿਵਾਰ, ਉਨ੍ਹਾਂ ਦੇ ਬੱਚੇ, ਉਨ੍ਹਾਂ ਦੇ ਸਾਲੇ ਅਤੇ ਸਾਲਿਆਂ ਦੇ ਬੱਚੇ ਵੀ ਭਾਵੇਂ ਸਾਰੀਆਂ ਸੀਟਾਂ ’ਤੇ ਚੋਣਾਂ ਲੜ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੇ ਉਹ ਇਕ ਵੀ ਸੀਟ ਜਿੱਤ ਗਏ ਤਾਂ ਅਸੀਂ ਉਨ੍ਹਾਂ ਦੇ ਮਗਰ ਲੱਗ ਜਾਵਾਂਗੇ। ਪੇਸ਼ ਹਨ ਉਨ੍ਹਾਂ ਨਾਲ ਪੱਤਰਕਾਰ ਰਮਨਦੀਪ ਸਿੰਘ ਸੋਢੀ ਵਲੋਂ ਕੀਤੀ ਵਿਸ਼ੇਸ਼ ਗੱਲਬਾਤ ਦੇ ਕੁਝ ਅੰਸ਼-

ਸਵਾਲ- ਤੁਸੀਂ ਪਾਰਟੀ ਖਿਲਾਫ ਡੱਟ ਕੇ ਬੋਲਦੇ ਹੋ, ਇਸ ਦੇ ਬਾਵਜੂਦ ਤੁਸੀਂ ਪਾਰਟੀ ਦਾ ਹਿੱਸਾ ਹੋ, ਕੀ ਕਹੋਗੇ?
ਜਵਾਬ-
ਪਾਰਟੀ ਖ਼ਿਲਾਫ਼ ਬੋਲਣ ਦੀ ਗੱਲ ਨਹੀਂ, ਗੱਲ ਹੈ ਸੱਚ ਬੋਲਣ ਦੀ ਅਤੇ ਜੇ ਜ਼ਮੀਰ ਮਾਰ ਲਓਗੇ ਤਾਂ ਇਹ ਸਰੀਰ ਤਾਂ ਉਂਝ ਹੀ ਨਾਸ਼ਵਾਨ ਹੈ। ਇਹ ਤਾਂ ਮੁੱਕ ਹੀ ਗਿਆ ਸਮਝੋ। ਇਹ ਤਾਂ ਪਰਮਾਤਮਾ ਦੀ ਖੇਡ ਹੈ, ਜਿੰਨੇ ਸਵਾਸ ਨੇ ਓਨਾ ਹੀ ਜਿਊਣਾ ਹੈ ਪਰ ਘੱਟ ਤੋਂ ਘੱਟ ਜਿੰਨੀ ਤੁਹਾਨੂੰ ਇਨਸਾਨ ਦੇ ਰੂਪ ਵਿਚ ਜ਼ਿੰਦਗੀ ਮਿਲੀ ਹੈ ਉਸ ’ਚ ਆਪਣਾ ਜ਼ਮੀਰ ਨਾ ਮਰਨ ਦਿਓ। ਪਾਰਟੀ ’ਚ ਕਈ ਅਜਿਹੇ ਵੀ ਨੇ ਜਿਹੜੇ ਬੋਲੇ, ਉਹ ਵੀ ਉਨ੍ਹਾਂ ਨੇ ਲੱਡੂ ਖਾਧੇ ਨੇ ਤਾਂ ਉਹ ਬੋਲੇ। ਜੇ ਲੱਡੂ ਨਾ ਖਾਧੇ ਹੁੰਦੇ ਫਿਰ ਬੋਲਦੇ ਤਾਂ ਉਨ੍ਹਾਂ ਦਾ ਵੀ ਨੁਕਸਾਨ ਨਾ ਹੁੰਦਾ। ਸੋ ਲੜਾਈ ਵਿਚ ਕਈ ਸੀਨੀਅਰ ਲੀਡਰ ਹਨ, ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈਂਦਾ, ਉਹ ਆਪਣੇ ਅੰਦਰ ਝਾਤੀ ਮਾਰ ਲੈਣ। ਲੜਾਈ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੀ ਲੜਦੇ ਨੇ ਤੇ ਪੁੱਤਰ ਵਾਦ ’ਤੇ ਲੜਦੇ ਹਨ।

ਇਹ ਵੀ ਪੜ੍ਹੋ: ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਸਵਾਲ-ਤੁਹਾਡੇ ਮਤਭੇਦਾਂ ਦੀ ਵਜ੍ਹਾ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ?
ਜਵਾਬ-
ਮੇਰੇ ਮਤਭੇਦ ਕੋਈ ਨਹੀਂ। ਮੇਰੀ ਤਾਂ ਸਿਧਾਂਤਾਂ ਦੀ ਲੜਾਈ ਹੈ। ਮੈਂ ਤਾਂ ਸਾਧਾਰਨ ਫੌਜੀ ਪਰਿਵਾਰ ’ਚੋਂ ਉੱਠ ਕੇ ਇਕ ਸਰਕਲ ਪ੍ਰਧਾਨ ਤੋਂ ਸ਼ੁਰੂ ਹੋਇਆ। ਫਿਰ ਆਪਣੀ ਮਿਹਨਤ ਤੇ ਕੁਰਬਾਨੀ ਸਦਕਾ ਇਥੇ ਤੱਕ ਪਹੁੰਚਿਆ ਹਾਂ। ਕੁਝ ਗੱਲਾਂ ਨੇ ਜਿਹੜੀਆਂ ਸਾਡੀਆਂ ਅੰਦਰੂਨੀ ਹਨ, ਜਿਨ੍ਹਾਂ ’ਤੇ ਮੈਂ ਸੁਖਬੀਰ ਸਿੰਘ ਬਾਦਲ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਸੁਖਬੀਰ ਸਿੰਘ ਬਾਦਲ ਮੇਰਾ ਛੋਟਾ ਭਰਾ ਹੈ। ਜੇ ਉਦੋਂ ਸੁਣ ਲੈਂਦੇ ਤਾਂ ਸ਼ਾਇਦ ਇਹ ਹਾਲਾਤ ਨਾ ਵੇਖਣੇ ਪੈਂਦੇ, ਜੋ ਅੱਜ ਅਕਾਲੀ ਦਲ ਦੇ ਹਨ। ਉਨ੍ਹਾਂ ਨੂੰ ਗੱਲਬਾਤ ਰਾਹੀਂ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ। ਵੱਡੇ ਬਾਦਲ ਸਾਬ੍ਹ ਇਹ ਆਖ਼ ਦਿੰਦੇ ਸਨ ਕਿ ਹੁਣ ਸੁਖਬੀਰ ਬਾਦਲ ਵੇਖ ਰਿਹਾ ਹੈ, ਉਨ੍ਹਾਂ ਨਾਲ ਗੱਲ ਕਰ ਲਓ। ਜਦੋਂ ਸੁਖਬੀਰ ਬਾਦਲ ਨਾਲ ਗੱਲ ਕਰਦਾ ਸੀ ਤਾਂ ਉਹ ਸੁਣ ਤਾਂ ਜ਼ਰੂਰ ਲੈਂਦੇ ਸਨ ਪਰ ਸੁਣਨ ਤੋਂ ਬਾਅਦ ਗੱਲ ਉਥੇ ਹੀ ਆ ਜਾਂਦੀ ਸੀ।

ਸਵਾਲ-ਤੁਸੀਂ ਆਪਣੇ ਸਿਧਾਂਤਾਂ ’ਤੇ ਥੋੜ੍ਹਾ ਚਾਨਣਾ ਪਾਓਗੇ?
ਜਵਾਬ-
ਸਿਆਸੀ ਤੌਰ ’ਤੇ ਇਨ੍ਹਾਂ ਦਾ ਹੀ ਨਾਅਰਾ ਹੈ ‘ਰਾਜ ਨਹੀਂ ਸੇਵਾ’ ਪਰ ਸੇਵਾ ਵਾਲੀ ਹੁਣ ਕੋਈ ਗੱਲ ਹੀ ਨਹੀਂ ਰਹਿ ਗਈ। ਜਦੋਂ ਤੁਸੀਂ ਸਿਆਸਤ ਨੂੰ ਆਪਣਾ ਬਰੈੱਡ ਐਂਡ ਬਟਰ ਬਣਾਓਗੇ ਤਾਂ ਫਿਰ ਬਰੈੱਡ ਐਂਡ ਬਟਰ ਤਾਂ ਉਹੀ ਹੈ ਜਿੰਨੀ ਦੇਰ ਤੱਕ ਚੱਲਿਆ ਤਾਂ ਚੱਲਿਆ ਅਤੇ ਫਿਰ ਬਾਅਦ ਵਿਚ ਤਾਂ ਬਰੈੱਡ ਨੂੰ ਵੀ ਉੱਲੀ ਲੱਗ ਜਾਂਦੀ ਹੈ ਤੇ ਅੱਜ ਅਕਾਲੀ ਦਲ ਨੂੰ ਵੀ ਲੱਗ ਗਈ ਹੈ।

ਸਵਾਲ-ਸੁਖਬੀਰ ਕਹਿੰਦੇ ਨੇ ਕਿ ਪੰਜਾਬ ਦੀ ਤਰੱਕੀ ਵਿਚ ਸਭ ਤੋਂ ਵੱਡਾ ਰੋਲ ਉਨ੍ਹਾਂ ਦਾ ਹੈ?
ਜਵਾਬ-
ਜੇ ਜ਼ਮੀਨ ਅਤੇ ਜਾਇਦਾਦ ਨੂੰ ਗਹਿਣੇ ਰੱਖ ਕੇ ਲਗਜ਼ਰੀ ਗੱਡੀ ਲੈ ਲਓ ਉਸ ਨੂੰ ਡਿਵੈੱਲਪਮੈਂਟ ਨਹੀਂ ਕਿਹਾ ਜਾ ਸਕਦਾ। ਪੂਰੇ ਪੰਜਾਬ ਨੂੰ ਗਹਿਣੇ ਰੱਖ ਕੇ ਤੁਸੀਂ ਡਿਵੈੱਲਪਮੈਂਟ ਕਹੋ ਉਹ ਗ੍ਰੋਥ ਨਹੀਂ। ਪੰਜਾਬ ਇਕ ਪੋਟੈਂਸ਼ੀਅਲ ਸਟੇਟ ਸੀ, ਉਸ ਦੇ ਪੋਟੈਂਸ਼ੀਅਲ ਦੀ ਵਰਤੋਂ ਕਰਦੇ। ਉਸ ਦੀ ਗ੍ਰੋਥ ’ਚੋਂ ਡਿਵੈੱਲਪਮੈਂਟ ਕਰੋ। ਉਹ ਡਿਵੈੱਲਪਮੈਂਟ ਤੇ ਗ੍ਰੋਥ ਹੈ। ਮੈਂ ਕਰਜ਼ਾ ਚੁੱਕ ਕੇ ਡਿਵੈੱਲਪਮੈਂਟ ਕਰਨਾ ਤੇ ਉਸ ਦੀ ਰਿਟਰਨ ਨਾ ਆਉਣੀ। ਪ੍ਰੋਡਕਟ ਤਾਂ ਉਹ ਹੈ ਜਿਸ ਦੀ ਰਿਟਰਨ ਆਵੇ। ਬਿਜ਼ਨੈੱਸਮੈਨ ਹਨ ਸੁਖਬੀਰ ਬਾਦਲ ਤੇ ਮੇਰੇ ਭਰਾ ਨੇ ਐੱਮ. ਬੀ. ਏ. ਵੀ ਕੀਤੀ ਹੋਈ ਹੈ। ਅੱਜ ਪੰਜਾਬ ਦੇ ਹਾਲਾਤ ਕੀ ਹਨ, ਵਿੱਤੀ ਸੰਕਟ? ਇਹ ਕਿਉਂ ਹੋਇਆ? ਗਲਤ ਨੀਤੀਆਂ ਕਾਰਨ ਹੋਇਆ। ਪਹਿਲਾਂ ਕਰਜ਼ਾ ਚੁੱਕਿਆ ਗਿਆ, ਫਿਰ ਕਰਜ਼ਾ ਚੁੱਕ ਕੇ ਉਸ ਦਾ ਵਿਆਜ ਮੋੜੀ ਗਏ। ਇਹੋ ਜਿਹੀ ਡਿਵੈੱਲਪਮੈਂਟ ਨੂੰ ਕੀ ਕਰਨਾ।

ਇਹ ਵੀ ਪੜ੍ਹੋ: ਥਾਣੇਦਾਰ ਦੇ ਪੁੱਤ ਨੇ USA 'ਚ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤੀ ਇਹ ਵੱਡੀ ਡਿਗਰੀ

ਸਵਾਲ-ਤੁਹਾਡੀ ਸੁਖਬੀਰ ਸਿੰਘ ਬਾਦਲ ਨਾਲ ਜਾਣ-ਪਛਾਣ ਕਿਵੇਂ ਹੋਈ ਸੀ?
ਜਵਾਬ-
ਅਸੀਂ ਇਕੱਠੇ ਪੜ੍ਹੇ ਹਾਂ ਤੇ ਮੈਂ ਡੀ. ਏ. ਵੀ. ਕਾਲਜ ’ਚ ਪ੍ਰੈਜ਼ੀਡੈਂਟ ਸੀ, ਫਿਰ ਯੂਨੀਵਰਸਿਟੀ ’ਚ ਸੀ ਤੇ ਉਦੋਂ ਯੂਨੀਵਰਸਿਟੀ ਵਿਚ ਸਾਡੇ ਨਾਲ ਸੁਖਬੀਰ ਬਾਦਲ ਪੜ੍ਹਦੇ ਹੁੰਦੇ ਸਨ। ਸੁਖਬੀਰ ਬਾਦਲ ਬਹੁਤ ਸਾਦੇ ਸੁਭਾਅ ਵਾਲੇ ਸਨ ਕਿਉਂਕਿ ਉਥੇ ਸ਼ਾਇਦ ਹੀ ਕਿਸੇ ਨੂੰ ਪਤਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸਾਡੇ ਨਾਲ ਪੜ੍ਹ ਰਿਹਾ ਹੈ। ਕਈ ਵਾਰ ਹੁੰਦਾ ਹੈ, ਜਦੋਂ ਤੁਸੀਂ ਤਾਕਤ ਵਿਚ ਆ ਜਾਓ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ ਕਿ ਕੋਈ ਤੁਹਾਨੂੰ ਸਮਝਾਵੇ ਜਾਂ ਫਿਰ ਆਲੇ-ਦੁਆਲੇ ਵਾਲੇ ਕਹਿਣਗੇ ਕਿ ਤੈਨੂੰ ਇਹ ਸਮਝਾਏਗਾ। ਤੁਸੀਂ ਸਮਝਣਾ ਚਾਹੁੰਦੇ ਹੋ ਪਰ ਕਈ ਵਾਰ ਆਲੇ-ਦੁਆਲੇ ਵਾਲੇ ਨਹੀਂ ਸਮਝਣ ਦਿੰਦੇ। ਸਿਆਸੀ ਤੇ ਗੈਰ-ਸਿਆਸੀ ਤੌਰ ’ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ, ਜਿਵੇਂ ਸੋਚ, ਸਿਆਸਤ ਅਤੇ ਕਾਰੋਬਾਰ ਦਾ।

ਸਵਾਲ-ਸੁਖਬੀਰ ਕਹਿੰਦੇ ਨੇ ਮੇਰਾ ਸਾਰਾ ਕਾਰੋਬਾਰ ਜਨਤਕ ਹੈ, ਗਲਤ ਕੁਝ ਵੀ ਨਹੀਂ?
ਜਵਾਬ-
ਬਿਲਕੁਲ ਠੀਕ ਕਹਿੰਦੇ ਹਨ। ਸੀ. ਏ. ਪ੍ਰੋਫੈਸ਼ਨਲਜ਼ ਬਹੁਤ ਮਿਲ ਜਾਂਦੇ ਹਨ ਜਿਹੜੇ ਕਿ ਬਲੈਕ ਮਨੀ ਨੂੰ ਵ੍ਹਾਈਟ ਕਰਦੇ ਹਨ। ਅਸੀਂ ਇਕੱਠੇ ਪੜ੍ਹੇ ਹਾਂ। ਕੁਆਰੇ ਹੁੰਦੇ ਸੁਖੀਬਰ ਬੇਹੱਦ ਸ਼ਰੀਫ ਇਨਸਾਨ ਸਨ। ਥੋੜ੍ਹਾ ਬਹੁਤ ਬਦਲਾਅ ਉਨ੍ਹਾਂ ਦੇ ਵਿਆਹ ਤੋਂ ਬਾਅਦ ਹੀ ਹੋਇਆ। ਉਹ ਬਹੁਤ ਹੀ ਵਧੀਆ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਨੂੰ ਸਾਰੇ ਅਕਾਲੀ ਦਲ ਨੇ ਅਪਣਾ ਵੀ ਲਿਆ। ਬਸ ਨੰਬਰ 2 ਦੀ ਲੜਾਈ ਲੜਦੇ-ਲੜਦੇ ਨੰਬਰ 1 ਦੀ ਲੜਾਈ ਹਾਰ ਗਏ।

ਸਵਾਲ-ਅੱਜ ਅਕਾਲੀ ਦਲ ਦਾ ਭਵਿੱਖ ਕਿਵੇਂ ਵੇਖਦੇ ਹੋ?
ਜਵਾਬ-
ਅਕਾਲੀ ਦਲ ਬੁਰੇ ਦੌਰ ’ਚੋਂ ਲੰਘ ਰਿਹਾ ਹੈ ਤੇ ਇਸ ਦਾ ਭਵਿੱਖ ਵੀ ਧੁੰਦਲਾ ਜਾਪਦਾ ਹੈ। ਇੰਨੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਵਾਲੀ ਗੁਰੂਘਰ ਤੋਂ ਸ਼ੁਰੂ ਹੋਈ ਪਾਰਟੀ ਇਹ ਕੋਈ ਸਿਆਸੀ ਪਾਰਟੀ ਨਹੀਂ। ਇਹ ਤਾਂ ਗੁਰਦੁਆਰਾ ਲਹਿਰ ਵਿਚੋਂ ਉੱਠੀ ਪਾਰਟੀ ਹੈ। ਜਿਨ੍ਹਾਂ ਨੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਹੈ ਤੇ ਲੋਕਾਂ ਦੇ ਫਤਵੇ ਨਾਲ ਇਸ ਨੂੰ ਸਿਆਸੀ ਤਾਕਤ ਮਿਲ ਗਈ। ਇਸ ਤੋਂ ਬਾਅਦ ਹੀ ਅਕਾਲੀ ਦਲ ਸਿਆਸੀ ਪਾਰਟੀ ਬਣੀ। ਫਿਰ ਪ੍ਰਮਾਤਮਾ ਨੇ ਬਖਸ਼ਿਸ਼ਾਂ ਕੀਤੀਆਂ ਪਰ ਅਸੀਂ ਆਪਣੀ ਮੁੱਢਲੀ ਨੀਂਹ ਅਤੇ ਆਪਣੀ ਵਿਚਾਰਧਾਰਾ ਤੋਂ ਪਾਸੇ ਹੋ ਕੇ ਆਪਣੀ ਬਿਲਡਿੰਗ ਖੜ੍ਹੀ ਕਰ ਲਈ। ਉਹ ਬਿਲਡਿੰਗ ਬਹੁਤ ਵਧੀਆ ਖੜ੍ਹੀ ਹੋਈ ਪਰ ਹੇਠਾਂ ਫਾਊਂਡੇਸ਼ਨ ਨਹੀਂ ਸੀ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਸਵਾਲ-ਤੁਸੀਂ ਪਾਰਟੀ ਦੀਆਂ ਖਾਮੀਆਂ ਵੀ ਜਾਣਦੇ ਹੋ, ਤੁਸੀਂ ਇਸ ਲਈ ਕੀ ਕਰ ਰਹੇ ਹੋ?
ਜਵਾਬ-
ਮੈਂ ਉਨ੍ਹਾਂ ਨੂੰ ਇਹੀ ਸਲਾਹ ਦਿਆਂਗਾ ਕਿ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਸੀਟਿੰਗ ਮੈਂਬਰ ਪਾਰਲੀਮੈਂਟ ਹੋਵੇ, 30 ਹਜ਼ਾਰ ਤੋਂ ਵੱਧ ਵੋਟਾਂ ’ਤੇ ਹਾਰ ਜਾਵੇ ਤਾਂ ਫਿਰ ਉਹ ਪਾਰਟੀ ਦੇ ਪ੍ਰਧਾਨ ਰਹਿਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ। ਹੁਣ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ। ਸਾਰੇ ਇਕੱਠੇ ਹੋ ਕੇ ਨਹੀਂ ਕਹਿ ਸਕਦੇ, ਕਿਉਂਕਿ ਕਦੇ ਘਰ ਵਿਚ ਸਾਰੇ ਜੀਅ ਇਕੱਠੇ ਹੁੰਦੇ।

ਸਵਾਲ-ਜਿਹੜੀ ਐੱਚ. ਐੱਸ. ਜੀ. ਪੀ. ਸੀ. ਬਣ ਗਈ, ਦਿੱਲੀ ਬਾਰੇ ਵੀ ਕਿਹਾ ਜਾ ਰਿਹਾ ਕਿ ਇਨ੍ਹਾਂ ਹੱਥੋਂ ਚਲੀ ਗਈ ਹੈ, ਹੁਣ ਪੰਜਾਬ ਦੀ ਕਹਿ ਰਹੇ ਤਿਆਰੀ ਹੈ। ਇਸ ਤਰ੍ਹਾਂ ਦੀਆਂ ਸਿਆਸੀ ਬੁੱਧੀਜੀਵੀਆਂ ਵਲੋਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਤੁਸੀਂ ਇਸ ਬਿਰਤਾਂਤ ਨੂੰ ਕਿਵੇਂ ਦੇਖਦੇ ਹੋ?
ਜਵਾਬ-
ਗਲਤੀਆਂ ਹੋਈਆਂ ਹਨ, ਜਦੋਂ ਤੁਸੀਂ ਖੁਦ ਹੀ ਚੰਗੇ ਹੋ, ਤੁਸੀਂ ਮਸੰਦਾਂ ਤੋਂ ਗੁਰਦੁਆਰਿਆਂ ਨੂੰ ਛੁਡਵਾਇਆ ਹੈ। ਉਹ ਵੀ ਲੋਕ ਹੀ ਹਨ, ਜਿਨ੍ਹਾਂ ਨੇ ਮਸੰਦਾਂ ਤੋਂ ਛੁਟਕਾਰਾ ਦਿਵਾ ਕੇ ਗੁਰਦੁਆਰਿਆਂ ਦੇ ਪ੍ਰਬੰਧ ਅਕਾਲੀ ਦਲ ਨੂੰ ਸੌਂਪੇ। ਕਈ ਅਜਿਹੇ ਫੈਸਲੇ ਵੀ ਹਨ, ਜਿਨ੍ਹਾਂ ਨੂੰ ਸਮਾਂ ਆਉਣ ’ਤੇ ਉਜਾਗਰ ਕਰਾਂਗਾ। ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਬੀਰ ਬਾਦਲ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਉਨ੍ਹਾਂ ਨੇ ਬੜੇ ਉਤਰਾਅ-ਚੜ੍ਹਾਅ ਵੇਖੇ ਹਨ। 5 ਵਾਰ ਮੁੱਖ ਮੰਤਰੀ ਬਣਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਹ ਨਾ ਤਾਂ ਸਾਡੀ ਕਿਸੇ ਪਿਛਲੀ ਜਨਰੇਸ਼ਨ ਨੇ ਵੇਖਿਆ ਤੇ ਨਾ ਹੀ ਆਉਣ ਵਾਲੀ ਨੇ ਵੇਖਣਾ ਹੈ ਪਰ ਉਹ ਪੁੱਤਰ ਮੋਹ ਵਿਚ ਆ ਕੇ ਨੁਕਸਾਨ ਕਰਵਾ ਗਏ।

ਸਵਾਲ-ਤੁਸੀਂ ਇੰਨਾ ਕੁਝ ਬੋਲਣ ਦੇ ਬਾਵਜੂਦ ਪਾਰਟੀ ਵਿਚ ਹੋ? ਤੁਹਾਡੇ ਕੋਲ ਕਿਹੜੀ ਘੁੰਡੀ ਹੈ?
ਜਵਾਬ-
ਇਹ ਮੇਰੀ ਈਮਾਨਦਾਰੀ ਹੈ, ਮੇਰੇ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ। ਮੈਂ ਪਹਿਲਾਂ ਹੀ ਬਹੁਤ ਕੁਝ ਗੁਆ ਲਿਆ ਹੈ। ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਕਿ ਇਨ੍ਹਾਂ ਨੇ ਮੇਰਾ ਕੋਈ ਨੁਕਸਾਨ ਨਹੀਂ ਕੀਤਾ। ਮੇਰਾ ਨੁਕਸਾਨ ਵੀ ਇਨ੍ਹਾਂ ਕਾਰਨ ਹੋਇਆ ਹੈ। ਇਨ੍ਹਾਂ ਨੇ ਵੀ ਮੇਰਾ ਨੁਕਸਾਨ ਕਰਨ ’ਚ ਕੋਈ ਕਸਰ ਨਹੀਂ ਛੱਡੀ ਪਰ ਮੇਰਾ ਵਿਸ਼ਵਾਸ ਪ੍ਰਮਾਤਮਾ ਵਿਚ ਹੈ ਤੇ ਉਸ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News