ਮਨੁੱਖ ਵਜੋਂ ਹੀ ਜਨਮੇ ਸਾਰੇ ਭਗਵਾਨ, ਨਰ ਤੋਂ ਨਾਰਾਇਣ ਤੱਕ ਦਾ ਸਫ਼ਰ ਸਾਰੇ ਧਰਮਾਂ ਲਈ ਸੱਚ: ਹਾਈ ਕੋਰਟ

Wednesday, Aug 14, 2024 - 04:21 AM (IST)

ਚੰਡੀਗੜ੍ਹ (ਗੰਭੀਰ) : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਐੱਸ.ਸੀ.-ਐੱਸ.ਟੀ. ਐਕਟ ਤਹਿਤ ਪੰਜਾਬੀ ਫਿਲਮ ਅਦਾਕਾਰ ਰਾਣਾ ਜੰਗ ਬਹਾਦਰ ਖ਼ਿਲਾਫ਼ ਦਰਜ ਐੱਫ.ਆਈ.ਆਰ. ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਭਗਵਾਨ ਵਾਲਮੀਕਿ ਆਪਣੀ ਜ਼ਿੰਦਗੀ ਦੀ ਸ਼ੁਰੂਆਤ ’ਚ ਡਾਕੂ ਸਨ। ਇਸ ਸਬੰਧੀ ਉਨ੍ਹਾਂ ’ਤੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਹੋਇਆ ਸੀ। 

ਹਾਈ ਕੋਰਟ ਨੇ ਕਿਹਾ ਕਿ ਸਾਰੇ ਭਗਵਾਨ ਮਨੁੱਖ ਵਜੋਂ ਹੀ ਜਨਮੇ ਸਨ। ਜਸਟਿਸ ਪੰਕਜ ਜੈਨ ਨੇ ਆਪਣੇ ਹੁਕਮ ’ਚ ਕਿਹਾ ਕਿ ਧਰਮ ਭਾਵੇਂ ਕੋਈ ਵੀ ਹੋਵੇ, ਜਿਹੜੇ ਵੀ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ, ਉਹ ਮਨੁੱਖ ਹੀ ਜਨਮੇ ਸਨ। ਸਮਾਜ ਦੀ ਭਲਾਈ ਤੇ ਆਪਣੀ ਤਾਕਤ ਦੇ ਹਿਸਾਬ ਨਾਲ ਉਹ ਅਲੱਗ ਹੋ ਗਏ। ਲੋਕ ਭਾਵੇਂ ਕਿਸੇ ਵੀ ਧਰਮ ਦੇ ਹੋਣ, ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਤੇ ਉਨ੍ਹਾਂ ਵਿਚ ਆਪਣਾ ਵਿਸ਼ਵਾਸ ਪ੍ਰਗਟ ਕਰ ਕੇ ਪੂਜਾ ਕਰਦੇ ਹਨ। ਨਰ ਤੋਂ ਨਾਰਾਇਣ ਬਣਨ ਦੀ ਯਾਤਰਾ ਸਿਰਫ਼ ਭਾਰਤ ’ਚ ਹੀ ਨਹੀਂ ਹੈ ਸਗੋਂ ਇਹ ਵੀ ਸੱਚ ਹੈ ਕਿ ਦੂਜੇ ਦੇਸ਼ਾਂ ਵਿਚ ਸਥਾਪਤ ਧਰਮਾਂ ’ਚ ਵੀ ਇਸੇ ਤਰ੍ਹਾਂ ਹੈ।

ਹਾਈ ਕੋਰਟ ਨੇ ਇਹ ਟਿੱਪਣੀ ਜਲੰਧਰ ਤੇ ਅੰਮ੍ਰਿਤਸਰ ’ਚ ਦਰਜ ਦੋ ਐੱਫ.ਆਈ.ਆਰਜ਼ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ। ਰਾਣਾ ਜੰਗ ਬਹਾਦਰ ਨੇ ਇਸ ਕਾਰਵਾਈ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ।

ਸੁਣਵਾਈ ਦੌਰਾਨ ਜਸਟਿਸ ਜੈਨ ਨੇ ਕਿਹਾ ਕਿ ਪੁਲਸ ਨੇ ਜਿਨ੍ਹਾਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ, ਉਨ੍ਹਾਂ ’ਚ ਕਿਸੇ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ, ਕਿਸੇ ਮੂਰਤੀ ਜਾਂ ਪੂਜਾ ਸਥਾਨ ਨੂੰ ਖੰਡਿਤ ਕਰਨ ਦਾ ਦੋਸ਼ ਬਣਦਾ ਹੈ। ਜਿਨ੍ਹਾਂ ਧਾਰਾਵਾਂ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਦੇਖਦਿਆਂ ਇਸ ਅਦਾਲਤ ਦਾ ਮੰਨਣਾ ਹੈ ਕਿ ਇਸ ਦਾ ਟਰਾਇਲ ਚਲਾਉਣਾ ਨਿਆ ਸੰਗਤ ਨਹੀਂ ਹੋਵੇਗਾ। ਨਾਲ ਹੀ ਇਹ ਅਦਾਲਤ ਭਗਵਾਨ ਵਾਲਮੀਕਿ ਬਾਰੇ ਕੀਤੀ ਗਈ ਟਿੱਪਣੀ ਨੂੰ ਫੈਲਾਉਣ ’ਤੇ ਬਹਿਸ ਨਹੀਂ ਚਾਹੁੰਦੀ।


Inder Prajapati

Content Editor

Related News