ਝੋਨੇ ਦੀ ਨਿਰਵਿਘਨ ਖਰੀਦ ਲਈ ਮੰਡੀਆਂ ''ਚ ਸਾਰੇ ਪ੍ਰਬੰਧ ਮੁਕੰਮਲ

09/29/2017 4:15:40 AM

ਸੁਲਤਾਨਪੁਰ ਲੋਧੀ, (ਸੋਢੀ)- ਮਾਰਕੀਟ ਕਮੇਟੀ ਦੇ ਸੈਕਟਰੀ ਸੰਜੀਵ ਦੱਤਾ ਨੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸਰਕਾਰ ਵਲੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੀਆਂ ਸਮੂਹ ਅਨਾਜ ਮੰਡੀਆਂ 'ਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਝੋਨੇ ਦੀ ਖਰੀਦ ਸਮੇਂ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। 
ਉਨ੍ਹਾਂ ਨਾਲ ਇਸ ਸਮੇਂ ਮਾਰਕੀਟ ਕਮੇਟੀ ਦੇ ਮੁੱਖ ਲੇਖਾਕਾਰ ਸੁਖਬੀਰ ਸਿੰਘ ਤੇ ਮੰਡੀ ਸੁਪਰਵਾਈਜ਼ਰ ਜ਼ੋਰਾਵਰ ਸਿੰਘ ਵੀ ਸਨ। ਦੱਤਾ ਨੇ ਕਿਹਾ ਕਿ ਮੰਡੀਆਂ 'ਚ ਝੋਨੇ ਦੀ ਨਿਰਵਿਘਨ ਤੇ ਤੇਜੀ ਨਾਲ ਖਰੀਦ ਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਪੱਕਾ ਝੋਨਾ ਹੀ ਕਟਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੰਡੀਆਂ 'ਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ ਤਾਂ ਜੋ ਵੇਚਣ ਲੱਗਿਆਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਮਾਪਦੰਡਾਂ ਮੁਤਾਬਕ ਸੁੱਕਾ ਝੋਨਾ ਲੈ ਕੇ ਆਉਣ, ਕਿਉਂਕਿ ਵੱਧ ਨਮੀ ਵਾਲਾ ਝੋਨਾ ਸਾਰਿਆਂ ਲਈ ਹੀ ਪ੍ਰੇਸ਼ਾਨੀ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਦੇ ਮੁੱਖ ਪ੍ਰਬੰਧਕ ਡਾ. ਚਾਰੂਮਿਤਾ ਐੱਸ. ਡੀ. ਐੱਮ. ਦੀ ਅਗਵਾਈ ਹੇਠ ਮੰਡੀਆਂ 'ਚ ਲਾਈਟਾਂ, ਪਾਣੀ ਤੇ ਸਫਾਈ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਵੇਚਣ ਉਪਰੰਤ ਆੜ੍ਹਤੀਏ ਤੋਂ ਆਪਣਾ ਜੇ-ਫਾਰਮ ਜ਼ਰੂਰ ਪ੍ਰਾਪਤ ਕਰਨ।


Related News