ਸ਼ਰਾਬ ਦੀ ਸੈਂਪਲਿੰਗ ਦੌਰਾਨ ਸਿਹਤ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਹੋਏ ਆਹਮੋ-ਸਾਹਮਣੇ

Thursday, Sep 26, 2019 - 10:57 AM (IST)

ਸ਼ਰਾਬ ਦੀ ਸੈਂਪਲਿੰਗ ਦੌਰਾਨ ਸਿਹਤ ਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਹੋਏ ਆਹਮੋ-ਸਾਹਮਣੇ

ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਸਥਾਨਕ ਵਾਨ ਬਾਜ਼ਾਰ 'ਚ ਸਿਹਤ ਵਿਭਾਗ ਦੀ ਟੀਮ ਵਲੋਂ ਇਕ ਸ਼ਰਾਬ ਦੇ ਠੇਕੇ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਜਦੋਂ ਟੀਮ ਦੇ ਅਧਿਕਾਰੀ ਸ਼ਰਾਬ ਦੇ ਸੈਂਪਲ ਲੈ ਰਹੇ ਸਨ ਤਾਂ ਐਕਸਾਈਜ਼ ਵਿਭਾਗ ਦੇ ਕਮਿਸ਼ਨ ਸਣੇ ਇਸ ਵਿਭਾਗ ਦੇ ਅਧਿਕਾਰੀ ਠੇਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਰਾਬ ਦੇ ਸੈਂਪਲ ਲਏ ਬਿਨਾਂ ਵਾਪਸ ਜਾਣ ਲਈ ਕਿਹਾ, ਜਿਸ ਕਾਰਨ ਦੋਵੇਂ ਟੀਮਾਂ ਦੇ ਅਧਿਕਾਰੀਆਂ 'ਚ ਬਹਿਸ ਹੋਣੀ ਸ਼ੁਰੂ ਹੋ ਗਈ। ਬਹਿਸ ਦੌਰਾਨ ਐਕਸਾਈਜ਼ ਵਿਭਾਗ ਦੇ ਕਮਿਸ਼ਨ ਨੇ ਕਿਹਾ ਕਿ ਸ਼ਰਾਬ ਫੂਡ ਦਾ ਹਿੱਸਾ ਨਹੀਂ ਹੈ, ਜਿਸ ਕਾਰਨ ਉਸ ਦੇ ਸੈਂਪਲ ਨਹੀਂ ਲਏ ਜਾ ਸਕਦੇ।

ਇਸ ਦੇ ਨਾਲ ਹੀ ਦੂਜੇ ਪਾਸੇ ਜ਼ਿਲੇ ਦੇ ਸਿਵਲ ਸਰਜਨ ਡਾਕਟਰ ਦਲੇਰ ਸਿੰਘ ਮੁਲਤਾਨੀ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ 'ਤੇ ਉਨ੍ਹਾਂ ਤੋਂ ਸੈਂਪਲ ਖੋਹਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀਆਂ ਨੇ ਉਨ੍ਹਾਂ ਤੋਂ ਸੈਂਪਲ ਖੋਹਣ ਦੇ ਨਾਲ-ਨਾਲ ਸਰਕਾਰੀ ਕਾਗਜ਼ ਵੀ ਨਸ਼ਟ ਕਰ ਦਿੱਤੇ। ਇਸ ਮਾਮਲੇ ਦੇ ਸਬੰਧ 'ਚ ਅਧਿਕਾਰੀਆਂ ਦੇ ਖਿਲਾਫ ਪੁਲਸ ਨੂੰ ਲਿਖਤੀ ਰੂਪ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਤੰਦਰੁਤ ਪੰਜਾਬ ਮੁਹਿੰਮ ਦੇ ਤਹਿਤ ਸ਼ਹਿਰ ਭਰ ਦੇ ਇਲਾਕਿਆਂ 'ਚ ਜਾ ਕੇ ਵਸਤਾਂ ਦੇ ਸੈਂਪਲ ਲਏ ਜਾ ਰਹੇ ਹਨ। ਡਾ. ਮੁਲਤਾਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੈਂਸਰ ਅਤੇ ਖਾਣ-ਪੀਣ ਨਾਲ ਹੋਣ ਵਾਲੀ ਬੀਮਾਰੀਆਂ ਤੋਂ ਬਚਣਾ ਹੈ ਤਾਂ ਲੋਕਾਂ ਨੂੰ ਸਾਫ-ਸੁਥਰਾ ਖਾਣਾ ਅਤੇ ਵਧੀਆ ਮਠਿਆਈਆਂ ਵੱਲ ਖੁਦ ਧਿਆਨ ਦੇਣਾ ਹੋਵੇਗਾ।


author

rajwinder kaur

Content Editor

Related News