2 ਘੁੱਟ ਪੀ ਲੈਣ ਦੇ ਯਾਰਾ, 31 ਮਾਰਚ ਦੀਆਂ ਲੱਗੀਆਂ ਬਹਾਰਾਂ...

Sunday, Apr 01, 2018 - 03:48 AM (IST)

2 ਘੁੱਟ ਪੀ ਲੈਣ ਦੇ ਯਾਰਾ, 31 ਮਾਰਚ ਦੀਆਂ ਲੱਗੀਆਂ ਬਹਾਰਾਂ...

ਸ਼ਰਾਬ ਹੋਈ ਸਸਤੀ, ਪਿਆਕੜਾਂ ਦੀਆਂ ਖੂਬ ਖੜਕੀਆਂ ਗਲਾਸੀਆਂ
ਦੋਰਾਹਾ(ਸੂਦ)-ਸਾਡੇ ਦੇਸ਼ ਵਿਚ 31 ਮਾਰਚ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਿਨ ਕਈ ਸਕੂਲਾਂ ਦੇ ਬੱਚਿਆਂ ਦਾ ਨਤੀਜਾ ਆਉਂਦਾ ਹੈ ਤੇ ਵਪਾਰੀਆਂ ਲਈ ਇਹ ਸਾਲ ਦਾ ਅਖੀਰਲਾ ਦਿਨ ਹੁੰਦਾ ਹੈ। ਇਸ ਤੋਂ ਇਲਾਵਾ ਸ਼ਰਾਬ ਪੀਣ ਵਾਲੇ ਪਿਆਕੜਾਂ ਲਈ ਵੀ ਇਹ ਦਿਨ ਬਹੁਤ ਖਾਸ ਹੁੰਦਾ ਹੈ, ਜਿਸ ਕਰਕੇ ਪਿਆਕੜ  ਇਸ ਦਿਨ ਨੂੰ ਕਈ ਮਹੀਨੇ ਪਹਿਲਾਂ ਹੀ ਉਡੀਕਣਾਂ ਸ਼ੁਰੂ ਕਰ ਦਿੰਦੇ ਹਨ । ਇੱਥੇ ਹੀ ਬਸ ਨਹੀਂ ਮਾਰਚ ਮਹੀਨੇ ਦਾ ਆਖੀਰ ਹੋਣ ਕਰਕੇ ਕੰੰਮਾਂ-ਕਾਰਾਂ 'ਤੇ ਜਾਣ ਵਾਲੇ ਕਈ ਪਿਆਕੜ ਆਪਣੀ ਮਹੀਨੇ ਦੀ ਤਨਖਾਹ 'ਚੋਂ ਜਾਂ ਰੋਜ਼ਾਨਾ ਦੀ ਕਮਾਈ 'ਚੋਂ ਇਸ ਖਾਸ ਦਿਨ ਲਈ ਪੈਸੇ ਬਚਾ ਕੇ ਵੀ ਰੱਖਦੇ ਹਨ ਤਾਂ ਜੋ ਉਹ ਇਸ 31 ਮਾਰਚ ਵਾਲੇ ਦਿਨ ਖੂਬ ਮੌਜ-ਮਸਤੀ ਕਰ ਸਕਣ ਅਤੇ ਅਪ੍ਰੈਲ ਮਹੀਨੇ ਦਾ ਕੋਟਾ ਵੀ ਆਪਣੇ ਘਰ ਵਾਸਤੇ ਲੈ ਕੇ ਜਾ ਸਕਣ । ਠੀਕ ਇਸੇ ਤਰ੍ਹਾਂ ਅੱਜ ਵੀ ਸਥਾਨਕ ਸ਼ਹਿਰ ਦੇ ਠੇਕਿਆਂ 'ਤੇ ਸਵੇਰ ਤੋਂ ਸ਼ਰਾਬੀ ਪਿਆਕੜਾਂ ਦਾ ਜਮਾਵੜਾ ਲੱਗਿਆ ਰਿਹਾ, ਜਿਸ ਨਾਲ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਤੇ ਹੋਰ ਬਾਜ਼ਾਰਾਂ ਵਿਚ ਸ਼ਰਾਬੀਆਂ ਦੀਆਂ ਮਹਿਫਲਾਂ ਲੱਗੀਆਂ ਰਹੀਆਂ ਤੇ ਸ਼ਾਮ ਢੱਲਦੇ ਸਾਰ ਸ਼ਰਾਬੀ ਪਿਆਕੜਾਂ ਦੀ ਗਿਣਤੀ ਵਧਦੀ ਗਈ । 'ਜਗ ਬਾਣੀ' ਟੀਮ ਨੇ ਜਦ ਸ਼ਹਿਰ ਦੇ ਬਾਜ਼ਾਰਾਂ 'ਚ ਜਾ ਕੇ ਠੇਕਿਆਂ 'ਤੇ ਜਾ ਕੇ ਦੇਖਿਆ ਤਾਂ ਸ਼ਹਿਰ ਵਾਸੀਆਂ ਦੇ ਨਾਲ-ਨਾਲ ਆਲੇ -ਦੁਆਲੇ ਦੇ ਪਿੰਡਾਂ ਦੇ ਲੋਕ ਕਾਰਾਂ, ਸਾਈਕਲਾਂ, ਮੋਟਰਸਾਈਕਲਾਂ ਅਤੇ ਟਰੈਕਟਰਾਂ ਆਦਿ 'ਤੇ ਵੱਡੀ ਮਾਤਰਾ ਵਿਚ ਵੱਖ-ਵੱਖ ਬਰੈਂਡ ਦੀ ਸ਼ਰਾਬ ਦੀ ਖਰੀਦਦਾਰੀ ਕਰਦੇ ਦਿਖੇ, ਜਿਸ ਨਾਲ ਸ਼ਰਾਬ ਦੇ ਠੇਕੇਦਾਰਾਂ ਨੇ ਆਪਣਾ ਸਟਾਕ ਵੀ ਕਾਫੀ ਮਾਤਰਾ ਵਿਚ ਵੇਚ ਦਿੱਤਾ। ਇਸ ਤੋਂ ਇਲਾਵਾ ਕਈ ਪਿਆਕੜ ਤਾਂ ਸ਼ਰਾਬ ਦੀਆਂ ਬੋਤਲਾਂ ਨੂੰ ਪੈਗ ਬਣਾ ਕੇ ਖੜਕਾਉਂਦੇ ਹੋਏ ਇਹ ਕਹਿੰਦੇ ਵੀ ਨਜ਼ਰ ਆਏ ਕਿ 2 ਘੁੱਟ ਪੀ ਲੈਣ ਦੇ ਯਾਰਾ......  31 ਮਾਰਚ ਦੀਆਂ ਲੱਗੀਆਂ ਨੇ ਬਹਾਰਾਂ....... 
ਪਿਛਲੇ ਦਿਨੀਂ ਖੰਨਾ ਸ਼ਹਿਰ ਦੇ ਕੁੱਲ 47 ਠੇਕਿਆਂ ਲਈ ਬੋਲੀ ਤੋਂ ਬਾਅਦ ਅੱਜ ਸਥਾਨਕ ਸ਼ਹਿਰ ਦੇ ਜੀ. ਟੀ. ਰੋਡ ਅਤੇ ਹੋਰਨਾਂ ਇਲਾਕਿਆਂ 'ਚ ਠੇਕਿਆਂ'ਦੇ ਅੱਗੇ ਪਿਆਕੜਾਂ ਦੀਆਂ ਰੌਣਕਾਂ ਦਿਖੀਆਂ। ਸ਼ਰਾਬ ਪੀਣ ਦੇ ਸ਼ੌਕੀਨ ਸਸਤੀ ਸ਼ਰਾਬ ਦੀਆਂ ਬੋਤਲਾਂ ਅਤੇ ਪੇਟੀਆਂ ਲੈ ਜਾਂਦੇ ਦਿਖਾਈ ਦਿੱਤੇ, ਸ਼ਰਾਬ ਪੀਣ ਦੇ ਸ਼ੌਕੀਨ ਲੋਕਾਂ ਨੇ ਸਸਤੇ ਭਾਅ ਸ਼ਰਾਬ ਖਰੀਦ ਕਰਕੇ ਸਟੋਰ ਕਰਨ ਦੇ ਮਕਸਦ ਨਾਲ ਸ਼ਰਾਬ ਖ਼ਰੀਦੀ। ਅੱਜ ਬਾਅਦ ਦੁਪਹਿਰ ਪੁਰਾਣੇ ਠੇਕਿਆਂ ਵਾਲਿਆਂ ਵੱਲੋਂ ਜਿਉਂ ਹੀ ਸਸਤੇ ਰੇਟ 'ਤੇ ਸ਼ਰਾਬ ਵੇਚਣ ਦੇ ਬੈਨਰ ਲਾਏ, ਲੋਕਾਂ ਦੀਆਂ ਭੀੜਾਂ ਠੇਕਿਆਂ ਵੱਲ ਨੂੰ ਉਮੜ ਪਈਆਂ ਅਤੇ ਲੋਕਾਂ ਨੇ ਸ਼ਰਾਬ ਦੀਆਂ ਪੇਟੀਆਂ ਅਤੇ ਬੋਤਲਾਂ ਲਾਈਨਾਂ 'ਚ ਖੜ੍ਹ ਕੇ ਖਰੀਦੀਆਂ।


Related News