ਤਿਉਹਾਰਾਂ ਦੌਰਾਨ ਪੰਜਾਬ ਵਿਚ ਸ਼ਰਾਬ ਦੀ ਸਮਗਲਿੰਗ ’ਚ ਹੋਇਆ ਵਾਧਾ

Friday, Oct 27, 2023 - 01:42 PM (IST)

ਸਮਰਾਲਾ (ਗਰਗ, ਬੰਗੜ) : ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਨਜਾਇਜ਼ ਸ਼ਰਾਬ ਦੀ ਤਸਕਰੀ ਵਿਚ ਅਚਾਨਕ ਵਾਧਾ ਹੋਇਆ ਹੈ। ਪੁਲਸ ਨੇ ਵੀ ਬਾਹਰਲੇ ਸੂਬਿਆਂ ਖਾਸਕਰ ਪੰਜਾਬ ਦੀ ਸਰਹੱਦ ਨਾਲ ਲੱਗਦੇ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਦੀ ਸੂਬੇ ਅੰਦਰ ਹੋ ਰਹੀ ਤਸਕਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਨੇ ਇਕ ਦਿਨ ਵਿਚ ਹੀ ਸਮਰਾਲਾ ਦੇ ਰਸਤੇ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਅੰਦਰ ਤਸਕਰਾਂ ਵੱਲੋਂ ਲਗਜ਼ਰੀ ਗੱਡੀਆਂ ਵਿਚ ਲੁਕੋ ਕੇ ਲਿਜਾਈਆਂ ਜਾ ਰਹੀਆਂ ਨਜਾਇਜ਼ ਸ਼ਰਾਬ ਦੀਆਂ 150 ਪੇਟੀਆਂ ਬਰਾਮਦ ਕਰਕੇ 4 ਸ਼ਰਾਬ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਰਾਬ ਤਸਕਰੀ ਲਈ ਵਰਤੀਆਂ ਗਈਆਂ ਕਈ ਗੱਡੀਆਂ ਜ਼ਿਨ੍ਹਾਂ ਵਿਚ ਸਕਾਰਪਿਓ ਅਤੇ ਹੋਡਾ ਸਿਟੀ ਵਰਗੀਆਂ ਮਹਿੰਗੀਆਂ ਗੱਡੀਆਂ ਨੂੰ ਵੀ ਕਬਜ਼ੇ ਵਿਚ ਲਿਆ ਹੈ।

ਡੀ.ਐੱਸ.ਪੀ. ਸਮਰਾਲਾ ਜਸਪਿੰਦਰ ਸਿੰਘ ਅਤੇ ਐੱਸ.ਐੱਚ.ਓ. ਭਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਪਿੰਡ ਹੇਡੋਂ ਨੇੜੇ ਇਕ ਫੈਮਲੀ ਢਾਬੇ ’ਤੇ ਖੜ੍ਹੇ ਸ਼ਰਾਬ ਤਸਕਰਾਂ ਬਾਰੇ ਜਾਣਕਾਰੀ ਮਿਲਣ ’ਤੇ ਤੁਰੰਤ ਰੇਡ ਕਰਦੇ ਹੋਏ ਉੱਥੇ ਖੜੀ ਸਕਾਰਪਿਓ ਵਿਚੋਂ 45 ਪੇਟੀਆਂ ਅੰਗਰੇਜੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਹ ਸ਼ਰਾਬ ਸਿਰਫ ਚਡੀਗੜ੍ਹ ਵਿਚ ਹੀ ਵਿਕਰੀ ਲਈ ਸੀ ਅਤੇ ਸਸਤੀ ਹੋਣ ਕਰਕੇ ਇਸ ਨੂੰ ਹਰਦੀਪ ਸਿੰਘ ਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ (ਮੋਗਾ) ਅਤੇ ਭਿੰਦਾ ਵਾਸੀ ਬਾਜਾਖਾਣਾ (ਫਰੀਦਕੋਟ) ਤਸਕਰੀ ਕਰਕੇ ਪੰਜਾਬ ਵਿਚ ਮਹਿੰਗੇ ਭਾਅ ’ਤੇ ਅੱਗੇ ਸਪਲਾਈ ਕਰਨ ਲਈ ਲਿਆਏ ਸਨ। ਪੁਲਸ ਨੇ ਹਰਦੀਪ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਹੈ, ਜਦਕਿ ਭਿੰਦਾ ਵਾਸੀ ਬਾਜਾਖਾਣਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਪੁਲਸ ਨੇ ਸ਼ਰਾਬ ਨਾਲ ਭਰੀ ਹੋਡਾ ਸਿਟੀ ਕਾਰ ਸਮਰਾਲਾ ਵੱਲਾ ਆਉਣ ਦੀ ਇਤਲਾਹ ਮਿਲਣ ’ਤੇ ਇਸ ਗੱਡੀ ਨੂੰ ਘੇਰਦੇ ਹੋਏ ਉਸ ਵਿਚੋਂ ਵੀ ਚਡੀਗੜ੍ਹ ਦੀ ਸ਼ਰਾਬ ਦੀਆਂ 65 ਪੇਟੀਆਂ ਬਰਾਮਦ ਕੀਤੀਆਂ ਹਨ। ਇਸ ਕਾਰ ਵਿਚ ਸਵਾਰ ਦੋ ਵਿਅਕਤੀਆਂ ਮਨਜਿੰਦਰ ਸਿੰਘ ਵਾਸੀ ਪਿੰਡ ਕਾਊਂਕੇ ਕਲਾ (ਜਗਰਾਓ) ਅਤੇ ਲਵਕਰਨ ਸਿੰਘ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। 

ਇਕ ਹੋਰ ਕਾਰਵਾਈ ’ਚ ਪੁਲਸ ਨੇ ਸਮਰਾਲਾ ਨੇੜੇ ਪਿੰਡ ਮੱਲਮਾਜਰਾ ਕੋਲ ਸਵੀਫਟ ਕਾਰ ਵਿਚੋਂ ਵੀ 40 ਪੇਟੀਆਂ ਅੰਗਰੇਜ਼ੀ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਦੇ ਚਾਲਕ ਲਵਪ੍ਰੀਤ ਸਿੰਘ ਵਾਸੀ ਪਿੰਡ ਕੋਠੇ ਫਤਿਹਦੀਨ (ਜਗਰਾਓ) ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਸ ਦੇ ਇਕ ਹੋਰ ਸਾਥੀ ਕਮਲ ਵਾਸੀ ਪਿੰਡ ਕਾਊਂਕੇ ਕਲਾ (ਜਗਰਾਓ) ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਦੀ ਇਸ ਵੱਡੀ ਕਾਰਵਾਈ ਦੌਰਾਨ ਇਕ ਦਿਨ ਵਿਚ ਹੀ 150 ਪੇਟੀਆਂ ਨਜਾਇਜ਼ ਸ਼ਰਾਬ ਦੀ ਬਰਾਮਦਗੀ ਅਤੇ 4 ਸ਼ਰਾਬ ਤਸਕਰਾਂ ਦੀ ਗ੍ਰਿਫਤਾਰੀ ਪੁਲਸ ਲਈ ਵੱਡੀ ਸਫਲਤਾ ਹੈ।
 


Gurminder Singh

Content Editor

Related News