ਪੰਜਾਬੀਆਂ ਦੇ ਵਿਆਹਾਂ ''ਚ ਹੁਣ ਲੜਕੀਆਂ ਪਰੋਸਣ ਲੱਗੀਆਂ ਸ਼ਰਾਬ

11/29/2017 4:11:48 AM

ਬਠਿੰਡਾ(ਪਰਮਿੰਦਰ)-ਪੰਜਾਬੀਆਂ ਦੇ ਵਿਆਹਾਂ ਵਿਚ ਹੁਣ ਲੜਕੀਆਂ ਸਟੇਜ ਤੋਂ ਉੱਤਰ ਕੇ ਲੋਕਾਂ ਵਿਚ ਆ ਗਈਆਂ ਹਨ। ਪਹਿਲਾਂ ਲੜਕੀਆਂ ਕੇਵਲ ਸਟੇਜ 'ਤੇ ਨੱਚ ਕੇ ਲੋਕਾਂ ਦਾ ਮਨੋਰੰਜਨ ਕਰਦੀਆਂ ਸਨ ਪਰ ਹੁਣ ਨਵੇਂ ਰੁਝਾਨ ਤਹਿਤ ਲੜਕੀਆਂ ਵਿਆਹ ਵਿਚ ਸ਼ਾਮਲ ਲੋਕਾਂ ਨੂੰ ਸ਼ਰਾਬ ਵੀ ਪਰੋਸਣ ਲੱਗੀਆਂ ਹਨ। ਉਕਤ ਲੜਕੀਆਂ ਨਾ ਕੇਵਲ ਗਿਲਾਸਾਂ ਵਿਚ ਸ਼ਰਾਬ ਪਾ ਕੇ ਦੇਣ ਵਾਲੇ ਬਾਰ ਟੈਂਡਰ ਦਾ ਕੰਮ ਕਰਦੀਆਂ ਹਨ ਬਲਕਿ ਲੋਕਾਂ ਦੇ ਟੇਬਲਾਂ ਤੱਕ ਜਾ ਕੇ ਉਨ੍ਹਾਂ ਨੂੰ ਸ਼ਰਾਬ ਦੇ ਗਿਲਾਸ ਵੀ ਸਰਵ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਇਹ ਰੁਝਾਨ ਵੱਡੇ ਵਿਆਹ ਸਮਾਗਮਾਂ 'ਚ ਵੇਖਿਆ ਜਾ ਰਿਹਾ ਹੈ ਪਰ ਜਲਦੀ ਹੀ ਇਸ ਦੇ ਆਮ ਹੋਣ ਦੇ ਆਸਾਰ ਹਨ। ਹੁਣ ਵੇਖਣਾ ਇਹ ਹੈ ਕਿ ਪੰਜਾਬੀ ਇਸ ਗਲਤ ਰੁਝਾਨ ਨੂੰ ਰੋਕਣ ਲਈ ਕੋਈ ਕਦਮ ਚੁੱਕਦੇ ਹਨ ਜਾਂ ਇਸ ਨੂੰ ਹੋਰ ਹੁਲਾਰਾ ਦਿੰਦੇ ਹਨ।
ਡਾਂਸ ਦਾ ਵਿਰੋਧ, ਸ਼ਰਾਬ ਪਰੋਸਣ ਨੂੰ ਮਨਜ਼ੂਰੀ
ਕੁਝ ਸਾਲ ਪਹਿਲਾਂ ਮੈਰਿਜ ਪੈਲੇਸਾਂ ਵਿਚ ਵੈਸਟਰਨ ਜਾਂ ਛੋਟੇ ਕੱਪੜਿਆਂ ਵਿਚ ਡਾਂਸ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਸੀ, ਜਿਸ ਕਾਰਨ ਉਸ ਦਾ ਵਿਰੋਧ ਹੋਣ ਲੱਗਾ। ਵਿਰੋਧ ਨੂੰ ਵੇਖਦਿਆਂ ਪੰਜਾਬ ਵਿਚ ਕਈ ਸੱਭਿਆਚਾਰਕ ਗਰੁੱਪ ਪੈਦਾ ਹੋਏ, ਜਿਨ੍ਹਾਂ 'ਚ ਲੜਕੀਆਂ ਪੰਜਾਬੀ ਸੂਟ ਜਾਂ ਪੂਰੇ ਕੱਪੜੇ ਪਹਿਨ ਕੇ ਨੱਚਣ ਲੱਗ ਪਈਆਂ। ਉਕਤ ਗਰੁੱਪ ਹੁਣ ਤੱਕ ਚੱਲ ਰਹੇ ਹਨ ਪਰ ਹੁਣ ਲੜਕੀਆਂ ਵੱਲੋਂ ਸ਼ਰਾਬ ਪਰੋਸਣ ਦੇ ਨਵੇਂ ਸ਼ੁਰੂ ਹੋਏ ਰੁਝਾਨ ਦਾ ਕੋਈ ਵਿਰੋਧ ਨਹੀਂ ਕਰ ਰਿਹਾ। ਬੇਸ਼ੱਕ ਇਹ ਰੁਝਾਨ ਪੰਜਾਬੀ ਸੱਭਿਆਚਾਰ ਦੇ ਵਿਰੁੱਧ ਹੈ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪਰ ਇਸ ਦੇ ਵਿਰੋਧ ਵਿਚ ਅਜੇ ਤੱਕ ਕੋਈ ਆਵਾਜ਼ ਨਹੀਂ ਉਠਾਈ ਗਈ। ਗੌਰਤਲਬ ਹੈ ਕਿ ਇਕ ਗੈਰ ਪੰਜਾਬੀ ਪੰਡਿਤ ਰਾਓ ਧਰੇਨਵਰ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਰ ਪੰਜਾਬੀ ਖੁਦ ਇਸ ਤਰ੍ਹਾਂ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਵਿਚ ਲੱਗੇ ਹੋਏ ਹਨ।  
ਲੜਕੀਆਂ ਦਾ ਮਿਹਨਤਾਨਾ ਵੀ ਜ਼ਿਆਦਾ
ਜਾਣਕਾਰੀ ਅਨੁਸਾਰ ਵਿਆਹਾਂ ਵਿਚ ਸ਼ਰਾਬ ਪਰੋਸਣ ਵਾਲੀਆਂ ਉਕਤ ਲੜਕੀਆਂ ਉੱਚ ਸਿੱਖਿਆ ਪ੍ਰਾਪਤ ਹੁੰਦੀਆਂ ਹਨ ਅਤੇ ਜ਼ਿਆਦਾਤਰ ਤਾਂ ਇੰਗਲਿਸ਼ 'ਚ ਗੱਲ ਕਰਦੀਆਂ ਹਨ। ਪੰਜਾਬ ਵਿਸ਼ੇਸ਼ ਕਰ ਕੇ ਮਾਲਵਾ ਇਲਾਕੇ ਵਿਚ ਇਸ ਪ੍ਰਕਾਰ ਦਾ ਕੋਈ ਸਰਵਿਸ ਪ੍ਰੋਵਾਈਡਰ ਨਹੀਂ ਹੈ, ਜਿਸ ਕਾਰਨ ਵਿਆਹਾਂ 'ਤੇ ਵੱਧ ਪੈਸਾ ਲਾਉਣ ਵਾਲੇ ਲੋਕ ਇਨ੍ਹਾਂ ਲੜਕੀਆਂ ਨੂੰ ਚੰਡੀਗੜ੍ਹ ਜਾਂ ਦਿੱਲੀ ਆਦਿ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਉਂਦੇ ਹਨ। ਇਨ੍ਹਾਂ ਦਾ ਮਿਹਨਤਾਨਾ ਵੀ ਲੜਕਿਆਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਲੜਕੇ ਜਿੱਥੇ ਇਸ ਕੰਮ ਲਈ 2 ਹਜ਼ਾਰ ਰੁਪਏ ਤੱਕ ਚਾਰਜ ਕਰਦੇ ਹਨ ਉੱਥੇ ਹੀ ਲੜਕੀਆਂ ਸ਼ਰਾਬ ਪਰੋਸਣ ਦੇ ਕੰਮ ਦਾ 2500-3000 ਰੁਪਏ ਲੈਂਦੀਆਂ ਹਨ। ਇਸ ਦੇ ਨਾਲ ਹੀ ਜੋ ਲੜਕੀਆਂ ਮਾਕਟੇਲ ਆਦਿ ਬਣਾਉਣ ਲਈ ਆਉਂਦੀਆਂ ਹਨ ਉਨ੍ਹਾਂ ਦਾ ਮਿਹਨਤਾਨਾ ਇਸ ਤੋਂ ਵੀ ਜ਼ਿਆਦਾ ਹੁੰਦਾ ਹੈ। ਵੱਡੇ ਵਿਆਹਾਂ ਵਿਚ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। 
ਕੀ ਕਹਿੰਦੇ ਹਨ ਵੈਡਿੰਗ ਪਲਾਨਰ
ਇਸ ਸਬੰਧ ਵਿਚ ਸੰਗਮ ਕੈਟਰਰਸ ਅਤੇ ਵੈਡਿੰਗ ਪਲਾਨਰ ਦੇ ਸੰਚਾਲਕ ਰਾਜਿੰਦਰ ਗਰਗ ਨੇ ਕਿਹਾ ਕਿ ਵਿਆਹਾਂ ਵਿਚ ਬਰਾਤ ਦਾ ਸਵਾਗਤ ਲੜਕੀਆਂ ਤੋਂ ਕਰਵਾਇਆ ਜਾ ਸਕਦਾ ਹੈ ਪਰ ਸ਼ਰਾਬ ਪਰੋਸਣ ਦੇ ਲਈ ਲੜਕੀਆਂ ਨੂੰ ਇਸਤੇਮਾਲ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਨਾ ਕੇਵਲ ਸਾਡੇ ਸੱਭਿਆਚਾਰ ਨੂੰ ਸੱਟ ਵੱਜਦੀ ਹੈ ਬਲਕਿ ਵਿਆਹਾਂ ਵਿਚ ਮਾਹੌਲ ਖਰਾਬ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ।
ਲੜਕੀਆਂ ਕਾਰਨ ਪੈਦਾ ਹੁੰਦੈ ਵਿਵਾਦ
ਇਹ ਵੀ ਜ਼ਿਕਰਯੋਗ ਹੈ ਕਿ ਵਿਆਹਾਂ ਵਿਚ ਸ਼ਰਾਬ ਪੀਣ ਤੋਂ ਬਾਅਦ ਅਕਸਰ ਵਿਵਾਦ ਹੋ ਜਾਂਦੇ ਹਨ ਅਤੇ ਪੰਜਾਬ ਵਿਚ ਤਾਂ ਜ਼ਿਆਦਾਤਰ ਵਿਆਹਾਂ ਵਿਚ ਸ਼ਰਾਬ ਕਾਰਨ ਹੰਗਾਮੇ ਹੁੰਦੇ ਰਹਿੰਦੇ ਹਨ। ਅਜਿਹੇ ਵਿਚ ਜੇਕਰ ਸ਼ਰਾਬ ਪਰੋਸਣ ਦਾ ਕੰਮ ਲੜਕੀਆਂ ਤੋਂ ਕਰਵਾਇਆ ਜਾਂਦਾ ਹੈ ਤਾਂ ਵਿਵਾਦ ਹੋਣ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਸ਼ਰਾਬੀ ਹਾਲਤ ਵਿਚ ਨੌਜਵਾਨ ਜਾਂ ਵਿਆਹ ਵਿਚ ਸ਼ਾਮਿਲ ਰਿਸ਼ਤੇਦਾਰ ਗੋਲੀਬਾਰੀ ਤੱਕ ਕਰ ਦਿੰਦੇ ਹਨ, ਜਦਕਿ ਲੜਕੀਆਂ ਨੂੰ ਵੇਖ ਕੇ ਇਸ ਪ੍ਰਕਾਰ ਦੀਆਂ ਘਟਨਾਵਾਂ ਵਿਚ ਵੀ ਵਾਧਾ ਦਰਜ ਹੋ ਸਕਦਾ ਹੈ। ਸ਼ਰਾਬੀ ਹਾਲਤ ਵਿਚ ਕੋਈ ਵਿਅਕਤੀ ਇਨ੍ਹਾਂ ਲੜਕੀਆਂ ਦੇ ਨਾਲ ਛੇੜਛਾੜ ਕਰ ਸਕਦਾ ਹੈ, ਜਿਸ ਕਾਰਨ ਵਿਆਹ ਵਿਚ ਹੰਗਾਮਾ ਹੋ ਸਕਦਾ ਹੈ। ਇਸ ਨਾਲ ਵਿਆਹ ਸਮਾਰੋਹ ਵਿਚ ਰੁਕਾਵਟ ਪਾਉਣ ਨਾਲ ਸਬੰਧਤ ਲੋਕਾਂ ਜਾਂ ਪਰਿਵਾਰਾਂ ਨੂੰ ਵੀ ਦਿੱਕਤਾਂ ਆ ਸਕਦੀਆਂ ਹਨ। 


Related News