ਤਲਵੰਡੀ ਸਾਬੋ 'ਚ ਅਕਾਲੀ ਵਰਕਰਾਂ ਤੇ ਗਰਮਖਿਆਲੀਆਂ 'ਚ ਝੜਪ

Saturday, Oct 06, 2018 - 05:43 PM (IST)

ਤਲਵੰਡੀ ਸਾਬੋ 'ਚ ਅਕਾਲੀ ਵਰਕਰਾਂ ਤੇ ਗਰਮਖਿਆਲੀਆਂ 'ਚ ਝੜਪ

ਬਠਿੰਡਾ (ਮਨੀਸ਼) : ਤਲਵੰਡੀ ਸਾਬੋ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਪੁੱਜੇ ਗਰਮ ਖਿਆਲੀ ਕਾਰਕੁੰਨਾਂ 'ਚੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਸਦਕਾ ਗਰਮ ਖਿਆਲੀ ਆਗੂਆਂ ਅਤੇ ਅਕਾਲੀ ਵਰਕਰਾਂ ਦਾ ਟਕਰਾਅ ਹੋ ਗਿਆ, ਜਿਸ 'ਚ ਦੋਵਾਂ ਧਿਰਾਂ ਦੇ ਪੰਜ ਆਗੂ ਜ਼ਖਮੀ ਹੋ ਗਏ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਥੇ ਇਕ ਪੈਲੇਸ 'ਚ ਪ੍ਰਕਾਸ਼ ਸਿੰਘ ਬਾਦਲ ਨੇ ਪੁੱਜਣਾ ਸੀ। ਉਥੋਂ ਥੋੜ੍ਹੀ ਹੀ ਦੂਰ ਇਕ ਰਜਬਾਹੇ ਦੇ ਪੁਲ 'ਤੇ ਗਰਮ ਖਿਆਲੀ ਧਿਰਾਂ ਦੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਲੈ ਕੇ ਪੁੱਜ ਗਏ ਸਨ ਪਰ ਉਕਤ ਜਗ੍ਹਾ 'ਤੇ ਪੁਲਸ ਦਾ ਇਕ ਵੀ ਮੁਲਾਜ਼ਮ ਮੌਜੂਦ ਦਿਖਾਈ ਨਹੀਂ ਦਿੱਤਾ। ਹਾਲਾਤ ਉਦੋਂ ਵਿਗੜੇ, ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਗਰਮ ਖਿਆਲੀਆਂ 'ਚ ਸ਼ਾਮਲ ਕੁਝ ਨੌਜਵਾਨਾਂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਲੈ ਕੇ ਆ ਰਹੀਆਂ ਬੱਸਾਂ ਨੂੰ ਰੋਕ ਕੇ ਧੱਕੇ ਨਾਲ ਮੋੜਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ 'ਤੇ ਸੋਟੀਆਂ ਆਦਿ ਮਾਰਨੀਆਂ ਸ਼ੁਰੂ ਕਰ ਦਿੱਤੀਆ। ਜਦੋਂ ਨੰਗਲਾ ਪਿੰਡ ਤੋਂ ਅਕਾਲੀ ਵਰਕਰਾਂ ਨੂੰ ਲੈ ਕੇ ਆਈ ਬੱਸ ਨੂੰ ਉਕਤ ਨੌਜਵਾਨਾਂ ਨੇ ਰੋਕ ਕੇ ਮੋੜਨਾ ਚਾਹਿਆ ਤਾਂ ਬੱਸ 'ਚ ਸਵਾਰ ਵਿਅਕਤੀਆਂ ਨੇ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਪਤਾ ਲੱਗਾ ਹੈ ਕਿ ਇਸੇ ਦੌਰਾਨ ਹੋਈ ਤੂੰ-ਤੂੰ ਮੈਂ-ਮੈਂ ਦਰਮਿਆਨ ਗੱਲ ਹੱਥੋਪਾਈ ਤੱਕ ਪੁੱਜ ਗਈ ਅਤੇ ਇਕ ਅਕਾਲੀ ਵਰਕਰ ਗੁਰਦੀਪ ਸਿੰਘ 'ਤੇ ਕਿਸੇ ਵੱਲੋਂ ਸਿਰ ਅਤੇ ਬਾਂਹ ਉਪਰ ਕ੍ਰਿਪਾਨ ਨਾਲ ਵਾਰ ਕਰ ਦਿੱਤਾ ਗਿਆ ਜੋ ਗੰਭੀਰ ਜ਼ਖਮੀ ਹੋ ਗਿਆ।

PunjabKesariਉਕਤ ਵਿਅਕਤੀ ਨੂੰ  ਬਚਾਉਂਦੇ ਦੋ ਹੋਰ ਅਕਾਲੀ ਵਰਕਰਾਂ ਭਿੰਦਰ ਸਿੰਘ ਅਤੇ ਸੁਖਦੇਵ ਸਿੰਘ ਵਾਸੀਆਨ ਨੰਗਲਾ ਦੇ ਵੀ ਸੱਟਾਂ ਲੱਗ ਗਈਆਂ। ਇਹ ਖਬਰ ਤੁਰੰਤ ਹੀ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ 'ਤੇ ਮੀਟਿੰਗ ਵਾਲੇ ਸਥਾਨ 'ਤੇ ਅੱਗ ਵਾਂਗ ਪੁੱਜ ਗਈ ਤੇ ਅਕਾਲੀ ਵਰਕਰ ਆਪ ਮੁਹਾਰੇ ਘਟਨਾ ਸਥਾਨ ਵੱਲ ਤੁਰ ਪਏ। 
ਦੋਵਾਂ ਧਿਰਾਂ ਦੀ ਝੜਪ ਦੌਰਾਨ ਮਾਨ ਦਲ ਦੇ ਜ਼ਿਲਾ ਪ੍ਰਧਾਨ ਪਰਵਿੰਦਰ ਸਿੰਘ ਬਾਲਿਆਂ ਵਾਲੀ ਦੇ ਸੱਟ ਲੱਗਣ ਦੀ ਸੂਚਨਾ ਹੈ। ਉਥੇ ਦਰਸ਼ਨ ਸਿੰਘ ਸੰਦੋਹਾ ਨਾਮੀ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਭਾਵੇਂ ਕਿ ਪਹਿਲਾਂ ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਜ਼ਖਮੀ ਜ਼ਿਆਦਾ ਹੋਣ ਕਰ ਕੇ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਬਠਿੰਡਾ ਸਿਵਲ ਹਸਪਤਾਲ ਵਿਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਅਵਤਾਰ ਸਿੰਘ ਚੋਪੜਾ ਨੇ ਇਸ ਪੱਤਰਕਾਰ ਕੋਲ ਮੰਨਿਆ ਕਿ ਪ੍ਰਦਰਸ਼ਨਕਾਰੀਆਂ 'ਚੋਂ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨ ਨਾਲ ਮਾਹੌਲ ਵਿਗੜਿਆ, ਜਦੋਂਕਿ ਉਨ੍ਹਾਂ  ਦਾ ਪ੍ਰੋਗਰਾਮ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਹੀ ਸੀ। ਓਧਰ ਅਕਾਲੀ ਦਲ ਦੇ ਆਗੂਆਂ ਨੇ ਕਥਿਤ ਦੋਸ਼ ਲਾਏ ਕਿ ਗਰਮ ਖਿਆਲੀ ਆਗੂਆਂ ਨੇ ਉਨ੍ਹਾਂ ਦੀਆਂ ਗੱਡੀਆਂ 'ਤੇ ਹਮਲਾ ਕੀਤਾ। ਜਦੋਂ ਪੁਲਸ ਨੇ ਕੋਈ ਸੁਣਵਾਈ ਨਾ ਕੀਤੀ ਤਾਂ ਵਰਕਰਾਂ  ਤੇ ਗਰਮ ਖਿਆਲੀ ਧਿਰਾਂ ਦੀ ਝੜਪ ਹੋ ਗਈ, ਜਿਨ੍ਹਾਂ 'ਚ ਦੋਵਾਂ ਦਾ ਹੀ ਨੁਕਸਾਨ ਹੋਇਆ। ਓਧਰ ਡੀ. ਐੱਸ. ਪੀ. ਤਲਵੰਡੀ ਸਾਬੋ ਸੁਰਿੰਦਰ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਹੋ ਜਾਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News