ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਹੁਦੇ ਤੋਂ ਬਰਖ਼ਾਸਤ ਕਰਨਾ ਮੰਦਭਾਗੀ ਗੱਲ : ਅਕਾਲੀ ਆਗੂ
Sunday, Mar 09, 2025 - 12:18 PM (IST)

ਮੋਗਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੇ ਮਾਮਲੇ 'ਚ ਅੱਜ ਇੱਥੇ ਸੀਨੀਅਰ ਅਕਾਲੀ ਆਗੂਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ, ਮੈਂਬਰ ਵਰਕਿੰਗ ਕਮੇਟੀ ਅਤੇ ਧਰਮਕੋਟ ਦੇ ਇੰਚਾਰਜ ਸ਼ਾਮਲ ਹੋਏ। ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਅਹੁਦੇ ਤੋਂ ਫ਼ਾਰਗ ਕਰਨ ਕਰਕੇ ਸਾਰੀਆਂ ਸਿੱਖ ਸੰਗਤਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਮਨ ਨੂੰ ਠੇਸ ਪਹੁੰਚਾਉਣ ਵਾਲਾ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਦਾ ਬਹੁਤ ਪੁਰਾਣਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈ ਅਤੇ ਅੱਜ ਜੇਕਰ ਇਸ ਅਹੁਦੇ ਨਾਲ ਅਜਿਹਾ ਖਿਲਵਾੜ ਹੋਵੇਗਾ ਤਾਂ ਕੁਦਰਤੀ ਗੱਲ ਹੈ ਕਿ ਸਿੱਖਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚੇਗੀ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਜੱਥੇਬੰਦੀ ਹੈ, ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਕਾਇਮ ਕਰਨ ਲਈ ਬਣਾਈ ਗਈ ਸੀ ਅਤੇ ਇਸ ਦੇ ਪ੍ਰਬੰਧਾਂ ਲਈ ਐੱਸ. ਜੀ. ਪੀ. ਸੀ. ਬਣਾਈ ਗਈ ਸੀ।
ਹੁਣ ਸਾਡਾ ਸਭ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਅੰਤਰਿਗ ਕਮੇਟੀ ਨੂੰ ਬੇਨਤੀ ਕਰੀਏ ਕਿ ਇਕ ਵਾਰ ਆਪਣੇ ਫ਼ੈਸਲੇ ਨੂੰ ਮੁੜ ਵਿਚਾਰਨ। ਉਨ੍ਹਾਂ ਕਿਹਾ ਕਿ ਅੱਜ ਇਕ ਛੋਟੀ ਜਿਹੀ ਮੀਟਿੰਗ ਰੱਖੀ ਗਈ ਹੈ ਪਰ ਅਸੀਂ ਵੱਡਾ ਇਕੱਠ ਵੀ ਕਰਾਂਗੇ। ਅਕਾਲੀ ਆਗੂਆਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਸਾਡੇ ਦਿਲਾਂ ਅਤੇ ਮਨਾਂ 'ਚ ਵਸੀ ਹੋਈ ਹੈ ਅਤੇ ਅਸੀਂ ਇਸ ਲਈ ਸਮਰਪਿਤ ਹੋਈਏ। ਇਸ ਮੀਟਿੰਗ ਦੌਰਾਨ ਅਮਰਜੀਤ ਸਿੰਘ ਲੰਡੇ ਕੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਮੋਗਾ, ਬਲਦੇਵ ਸਿੰਘ ਮਾਣੂੰਕੇ, ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਬਚਿੱਤਰ ਸਿੰਘ ਘੋਲੀਆ, ਬੀਬੀ ਨਰਿੰਦਰ ਕੌਰ, ਗੁਰਮੇਲ ਸਿੰਘ ਸੰਗਤਪੁਰਾ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ, ਦੀਪਕ ਸੰਧੂ, ਮਨਜੀਤ ਸਿੰਘ ਸੰਧੂ, ਜਸਪਿੰਦਰ ਕੌਰ, ਦੀਦਾਰ ਸਿੰਘ, ਬਲਦੇਵ ਸਿੰਘ, ਬਲਜੀਤ ਸਿੰਘ ਅਤੇ ਇਕਬਾਲਦੀਪ ਸਿੰਘ ਹੈਰੀ ਯੂਥ ਆਗੂ ਹਾਜ਼ਰ ਸਨ।