ਅਕਾਲੀ ਆਗੂਆਂ ਨੇ ਮਨਜੀਤ ਧਨੇਰ ਖਿਲਾਫ ਕੀਤੀ ਨਾਅਰੇਬਾਜ਼ੀ

Sunday, May 16, 2021 - 12:56 AM (IST)

ਬੁਢਲਾਡਾ, (ਮਨਜੀਤ)- ਕਿਸਾਨੀ ਨੂੰ ਬਚਾਉਣ ਲਈ ਸਮੁੱਚੇ ਵਰਗ ਕਿਸਾਨੀ ਝੰਡੇ ਹੇਠ ਜੱਦੋ ਜਹਿਦ ਕਰ ਰਹੇ ਹਨ ਪਰ ਦੂਸਰੇ ਪਾਸੇ ਮਨਜੀਤ ਸਿੰਘ ਧਨੇਰ ਵਰਗੇ ਅਖੌਤੀ ਕਿਸਾਨ ਆਗੂ ਪੰਜਾਬ ਦੀ ਖੁਸ਼ਹਾਲੀ ਲਈ ਕੁਰਸੀ ਨੂੰ ਠੋਕਰ ਮਾਰਨ ਵਾਲੀ ਪੰਜਾਬ ਦੀ ਧੀ ਬੀਬੀ ਹਰਸਿਮਰਤ ਕੌਰ ਬਾਦਲ ਵਿਰੁੱਧ ਘਟੀਆ ਸ਼ਬਦਾਵਲੀ ਵਰਤ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਦਿਹਾਤੀ ਪ੍ਰਧਾਨ ਗੁਰਮੇਲ ਸਿੰਘ ਫਫੜੇ ਨੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਧਨੇਰ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ। ਉਹ ਕਦੇ ਵੀ ਘਟੀਆ ਰਾਜਨੀਤੀ ਨਹੀਂ ਕਰਦੀ ਅਤੇ ਨਾ ਹੀ ਕਿਸੇ ਦੀ ਘਟੀਆ ਰਾਜਨੀਤੀ ਬਰਦਾਸ਼ਤ ਕਰਦੀ ਹੈ। ਇਸ ਲਈ ਇਸ ਆਗੂ ਨੂੰ ਤੁਰੰਤ ਪੰਜਾਬ ਦੀਆਂ ਧੀਆਂ ਤੋਂ ਮੁਆਫੀ ਮੰਗਦਿਆਂ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜਿੰਨਾ ਚਿਰ ਇਹ ਆਗੂ ਆਪਣੀ ਗਲਤੀ ਦਾ ਅਹਿਸਾਸ ਨਹੀਂ ਕਰਦਾ। ਉਨਾ ਚਿਰ ਇਸ ਦਾ ਕਿਸਾਨੀ ਸਟੇਜਾਂ ’ਤੇ ਮੁਕੰਮਲ ਬਾਈਕਾਟ ਕੀਤਾ ਜਾਵੇ ਤਾਂ ਕਿ ਕਿਸਾਨੀ ਸੰਘਰਸ਼ ਨੂੰ ਢਾਅ ਨਾ ਲੱਗੇ। ਇਸੇ ਦੌਰਾਨ ਅਕਾਲੀ ਆਗੂਆਂ ਨੇ ਧਨੇਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਜਥੇਦਾਰ ਤਾਰਾ ਸਿੰਘ, ਬਲਵਿੰਦਰ ਸਿੰਘ ਕਾਕਾ ਕੋਚ, ਕੌਂਸਲਰ ਰਾਜਿੰਦਰ ਸਿੰਘ ਝੰਡਾ, ਜਸਪਾਲ ਸਿੰਘ ਬੱਤਰਾ, ਜੱਸੀ ਬਾਬਾ, ਰਾਜੂ ਮਦਾਨ, ਯੂਥ ਅਕਾਲੀ ਦਲ ਦਿਹਾਤੀ ਜ਼ਿਲਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਆਦਿ ਹਾਜ਼ਰ ਸਨ।


Bharat Thapa

Content Editor

Related News