ਅਕਾਲੀ ਆਗੂ ਤੇ ਉਸ ਦੀ ਪਤਨੀ ਵਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਪਿਤਾ ਦੀ ਵੀ ਮੌਤ
Tuesday, Jul 07, 2020 - 06:33 PM (IST)
ਪਾਤੜਾਂ (ਅਡਵਾਨੀ) : ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਅਤੇ ਯੂਥ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਗੁਰਸੇਵਕ ਸਿੰਘ ਧਹੂੜ ਵੱਲੋਂ ਪਿਛਲੇ ਮਹੀਨੇ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਬੀਤੇ ਐਤਵਾਰ ਨੂੰ ਉਸ ਦੀ ਪਤਨੀ ਵੱਲੋਂ ਵੀ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਸੀ, ਜਿਸ ਦੇ ਚੱਲਦਿਆਂ ਮ੍ਰਿਤਕ ਦੇ ਮਾਮੇ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ 'ਤੇ ਮ੍ਰਿਤਕ ਗੁਰਸੇਵਕ ਸਿੰਘ ਧਹੂੜ ਦੀ ਮਾਤਾ, ਉਸਦੇ ਭਰਾ ਰਾਮਫਲ ਸਿੰਘ, ਪਿੰਡ ਦੇ ਮੈਂਬਰ ਪੰਚਾਇਤ ਲਾਲਾ ਸਿੰਘ ਸਮੇਤ ਸਾਬਕਾ ਵਿਧਾਇਕਾ ਦੇ ਪਤੀ ਕਰਨ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਰਿਵਾਰ ਵਿਚ ਇਕ ਮਹੀਨੇ ਦੌਰਾਨ ਹੋਈਆਂ ਦੋ ਮੌਤਾਂ ਅਤੇ ਪਤਨੀ ਅਤੇ ਪੁੱਤਰ ਖ਼ਿਲਾਫ਼ ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਦਾ ਸਦਮਾ ਨਾ ਸਹਾਰਦਿਆਂ ਅੱਜ ਤੜਕਸਾਰ ਗੁਰਸੇਵਕ ਸਿੰਘ ਦੇ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬੇਅਦਬੀ ਮਾਮਲੇ 'ਚ 'ਸਿੱਟ' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੀਤਾ ਨਾਮਜ਼ਦ
ਦੱਸਣਯੋਗ ਹੈ ਕਿ ਸਾਬਕਾ ਵਿਧਾਇਕਾ ਬੀਬੀ ਵਾਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਗੁਰਸੇਵਕ ਸਿੰਘ ਧਹੂੜ ਦੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਪਾਤੜਾਂ ਪੁਲਸ ਨੇ ਸਾਬਕਾ ਵਿਧਾਇਕ ਬੀਬੀ ਲੂੰਬਾ ਦੇ ਪਤੀ ਆਰ. ਟੀ. ਏ. ਕਰਨ ਸਿੰਘ ਅਤੇ ਗੁਰਸੇਵਕ ਸਿੰਘ ਧਹੂੜ ਦੇ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ 302 ਦਾ ਮਾਮਲਾ ਦਰਜ ਕਰ ਲਿਆ ਸੀ ਜਿਸ ਨੂੰ ਲੈ ਕੇ ਹਲਕਾ ਸ਼ੁਤਰਾਣਾ ਦੇ ਲੋਕਾਂ ਵਿਚ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੀ ਸਰਪ੍ਰਸਤੀ ਹੇਠ ਹਜ਼ਾਰਾਂ ਲੋਕਾਂ ਨੇ ਡੀ. ਐੱਸ. ਪੀ. ਪਾਤੜਾਂ ਭਰਪੂਰ ਸਿੰਘ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਬਾਅਦ 'ਚ ਕਿ ਅਕਾਲੀ ਦਲ ਦੇ ਲੀਡਰਾਂ ਵੱਲੋ ਧਰਨਾ ਮੁਲਤਵੀ ਕਰਵਾ ਕੇ ਐੱਸ. ਐੱਸ. ਪੀ. ਪਟਿਆਲਾ ਨੂੰ ਮਿਲਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਕੈਪਟਨ ਸਰਕਾਰ ਦੀਆਂ ਨਵੀਆਂ ਹਿਦਾਇਤਾਂ, ਹੁਣ ਪੰਜਾਬ 'ਚ ਐਂਟਰੀ ਲਈ ਰੱਖੀ ਇਹ ਸ਼ਰਤ
ਇਸ ਸਦਮੇ ਨੂੰ ਲੈ ਕੇ ਗੁਰਸੇਵਕ ਸਿੰਘ ਧਹੂੜ ਦੇ ਪਿਤਾ ਦੀ ਮੌਤ ਹੋ ਗਈ ਜਿਸ ਦੀ ਲਾਸ਼ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਸ ਇਸ ਮਾਮਲੇ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਕਰਦੀ ਤੇ ਅਸਲ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਦੋਂ ਤੱਕ ਪਿੰਡ ਦੇ ਲੋਕ ਮ੍ਰਿਤਕ ਦਾ ਸਸਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਦੇਵ ਸਿੰਘ ਢੀਂਡਸਾ