ਅਕਾਲੀ ਦਲ ਨੇ ਬੀਜ ਸਕੈਂਡਲ ਦੀ ਉਚ ਪੱਧਰੀ ਜਾਂਚ ਤੇ ਹੋਰ ਮਸਲਿਆਂ ਸਬੰਧੀ ਰਾਜਪਾਲ ਦੇ ਨਾਮ ਭੇਜਿਆ ਮੈਮੋਰੰਡਮ

05/28/2020 8:06:11 PM

ਸੰਗਰੂਰ,(ਸਿੰਗਲਾ) : ਅੱਜ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਸੰਗਰੂਰ ਦਾ ਵਫਦ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੈਮੋਰੰਡਮ ਦੇਣ ਲਈ ਪੁੱਜਿਆ। ਇੱਥੇ ਪੁੱਜੇ ਆਗੂਆਂ ਨੇ ਮੰਗ ਪੱਤਰ ਰਾਹੀ ਮੰਗ ਕੀਤੀ ਕਿ ਪਿਛਲੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਬਰਾੜ ਬੀਜ ਸਟੋਰ ਤੋਂ ਵੱਡੀ ਮਾਤਰਾ 'ਚ  PR 128 ਅਤੇ 129 ਕਿਸਮ ਦੇ ਗੈਰ ਕਾਨੂੰਨੀ ਬੀਜ ਵੱਡੀ ਮਾਤਰਾ ਵਿੱਚ ਫੜੇ ਗਏ ਸਨ ਕਿਉਂਕਿ ਖੇਤੀਬਾੜੀ ਵਿਭਾਗ ਵੱਲੋਂ ਸਪਸ਼ੱਟ ਹਦਾਇਤਾਂ ਸਨ ਕਿ ਫੜੇ ਗਏ ਬੀਜ ਦੀਆਂ ਕਿਸਮਾਂ ਦੇ ਬੀਜ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਇਲਾਵਾ ਬਾਹਰ ਨਹੀਂ ਵੇਚ ਸਕਦੇ ਪਰ ਫਿਰ ਵੀ ਬਰਾੜ ਸੀਡ ਸਟੋਰ ਲੁਧਿਆਣਾ ਵਲੋਂ ਇਹ ਦੋਵੇਂ ਕਿਸਮਾਂ ਦੇ ਬੀਜ ਬਿਨਾਂ ਆਗਿਆਂ ਤੋਂ 200 ਕਿਲੋ ਦੇ ਹਿਸਾਬ ਨਾਲ ਵੇਚੇ ਗਏ ਅਤੇ ਕਿਸਾਨਾਂ ਦੀ ਵੱਡੀ ਲੁੱਟ ਕਰਕੇ ਬੇਹਿਸਾਬ ਮੁਨਾਫਾ ਕਮਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੰਗ ਕੀਤੀ ਕਿ ਇਸ ਮਸਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਂਕਿ ਖੇਤੀਬਾੜੀ ਵਿਭਾਗ ਮੁਤਾਬਕ ਬਰਾੜ ਸੀਡਜ਼ ਸਟੋਰ ਲੁਧਿਆਣਾ ਵਲੋਂ ਇਹ ਬੀਜ ਮੈਸ. ਕਰਨਾਲ ਐਗਰੀ ਸੀਡਜ਼ ਪਿੰਡ ਵਰੋਕੇ ਡੇਰਾ ਬਾਬਾ ਨਾਨਕ, ਗੁਰਦਾਸਪੁਰ ਤੋਂ ਖਰੀਦਿਆ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਉਪਰੋਕਤ ਦੋਵੇਂ ਕਿਸਮਾਂ ਦੇ ਬੀਜ ਥੋੜੀ ਮਾਤਰਾ ਵਿੱਚ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਸਪਲਾਈ ਕੀਤਾ ਗਿਆ ਪਰ ਕਰਨਾਲ ਐਗਰੀ ਸੀਡਜ਼ ਕੋਲ ਇਹ ਬੀਜ ਕਵਿੰਟਲਾਂ ਵਿੱਚ ਕਿੱਥੋਂ ਆਇਆ। ਜਿਸ ਕਰਕੇ ਇਹ ਬੀਜ ਨਕਲੀ ਅਤੇ ਮਿਲਾਵਟੀ ਹੋਣ ਦੇ ਸੰਕੇਤ ਕਰਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਮੰਗ ਪੱਤਰ ਰਾਹੀ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਦੀ ਲਿਖਤੀ ਸ਼ਿਕਾਇਤ ਹੇਠ ਬਰਾੜ ਸੀਡ ਸਟੋਰ ਦੇ ਮਾਲਕ ਖਿਲਾਫ ਪਰਚਾ ਦਰਜ਼ ਕੀਤਾ ਗਿਆ ਹੈ ਪਰ ਜਿਥੋਂ ਇਹਨਾਂ ਵੱਲੋ ਇਹ ਬੀਜ ਖਰੀਦਿਆ ਗਿਆ ਸੀ ਕਰਨਾਲ ਐਗਰੀ ਸੀਡਜ਼ ਖਿਲਾਫ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਖਿਲਾਫ ਕੋਈ ਐਕਸ਼ਨ ਲੈਣ ਤੋ ਗੁਰੇਜ਼ ਕੀਤਾ ਜਾ ਰਿਹਾ ਹੈ। ਉਸ ਤੋਂ ਹੁਕਮਰਾਨ ਧਿਰ ਦੀ ਸਿੱਧੇ ਰੂਪ ਵਿੱਚ ਸਿਆਸੀ ਸਰਪ੍ਰਸਤੀ ਅਤੇ ਮਿਲੀਭੁਗਤ ਜੱਗ ਜਾਹਰ ਹੈ। ਇਸ ਕਰਕੇ ਇਸ ਮਸਲੇ ਦੀ ਜਲਦ ਤੋਂ ਜਲਦ ਜਾਂਚ ਕਰਕੇ ਬੀਜ ਘੁਟਾਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਜ਼ੁਰਮ ਵਿੱਚ ਸ਼ਾਮਲ ਸਿਆਸੀ ਆਗੂਆਂ ਨੂੰ ਵੀ ਬੇਨਕਾਬ ਕੀਤਾ ਜਾਵੇ।

ਇਸ ਵਫਦ ਨੇ ਮਾਣਯੋਗ ਰਾਜਪਾਲ ਜੀ ਤੋਂ ਮੰਗ ਕੀਤੀ ਕਿ ਇਸ ਮਸਲੇ ਤੋਂ ਇਲਾਵਾ ਵੀ ਪੰਜਾਬ ਵਿੱਚ ਮੌਜੂਦਾ ਸਰਕਾਰ ਵਲੋਂ ਹੋਰ ਵੀ ਵੱਡੇ ਘੁਟਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿੱਚ ਕਰਫਿਊ ਦੌਰਾਨ ਕਾਂਗਰਸੀ ਆਗੂਆਂ ਦੀਆਂ ਸ਼ਰਾਬ ਦੀਆ ਫੈਕਟਰੀਆਂ ਦਾ ਫੜੇ ਜਾਣਾ ਵੀ ਗੰਭੀਰ ਮਸਲਾ ਹੈ, ਜਿਸ ਕਰਕੇ ਸੂਬੇ ਦੇ ਖਜ਼ਾਨੇ ਨੂੰ 5600 ਕਰੋੜ ਦਾ ਘਾਟਾ ਪਿਆ ਹੈ ਅਤੇ ਰੇਤ ਮਾਫ਼ੀਆ ਫਾਇਦਾ ਦੇਣ ਵਾਸਤੇ ਠੇਕੇਦਾਰਾਂ ਦਾ ਮਹੀਨਾਵਾਰ ਮਾਲੀਆ 26 ਕਰੋੜ ਤੋਂ ਘਟਾ ਕੇ 4 ਕਰੋੜ 85 ਲੱਖ ਕੀਤਾ ਗਿਆ, ਜਿਸ ਕਰਕੇ ਪੰਜਾਬ ਦੇ ਖਜ਼ਾਨੇ ਦੀ ਵੱਡੀ ਲੁੱਟ ਹੋਈ ਹੈ। ਇਸ ਤੋਂ ਇਲਾਵਾ ਸੂਬੇ ਦੀ ਨਿੱਤ ਮਾੜੀ ਹੁੰਦੀ ਜਾਂਦੀ ਕਾਨੂੰਨ ਵਿਵਸਥਾ ਅਤੇ ਪ੍ਰੈਸ ਦੀ ਅਜ਼ਾਦੀ ਨੂੰ ਕੁਚਲਣ ਲਈ ਪੱਤਰਕਾਰਾਂ ਉੱਤੇ ਝੂਠੇ ਪਰਚੇ ਦਰਜ ਕਰਨਾ ਅਤੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਨਾਮਜ਼ਦ ਕਰਨਾ ਸਰਕਾਰ ਦਾ ਨਿੱਤ ਦਾ ਕਾਰਜ ਬਣ ਚੁੱਕਿਆ ਹੈ।

ਇਸ ਤੋਂ ਇਲਾਵਾ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਝੋਨੇ ਦੀ ਬਿਜਾਈ ਸਮੇਂ ਪਰਵਾਸੀ ਮਜ਼ਦੂਰਾਂ ਦਾ ਪੰਜਾਬ ਵਿੱਚ ਨਾ ਹੋਣਾ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਰਕਾਰ ਇਸ ਮਾਮਲੇ ਵਿਚ ਬਿਲਕੁਲ ਸੰਜੀਦਾ ਨਹੀਂ ਹੈ ਜੇਕਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਖੇਤੀ ਪ੍ਰਧਾਨ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਵਜੇਗੀ। ਸੋ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਪਰਵਾਸੀ ਮਜ਼ਦੂਰਾਂ ਨੂੰ ਪੰਜਾਬ ਲੈ ਕੇ ਆਉਣ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਵਿਨਰਜੀਤ ਸਿੰਘ ਗੋਲਡੀ, ਬੀਬੀ ਪਰਮਜੀਤ ਕੌਰ ਵਿਰਕ ਅਤੇ ਨਵਿੰਦਰ ਸਿੰਘ ਲੌਂਗੋਵਾਲ ਹਾਜ਼ਰ ਸਨ।


Deepak Kumar

Content Editor

Related News