''ਵਾਈ-ਪਲੱਸ'' ਸੁਰੱਖਿਆ ਘੇਰੇ ''ਚ ਰਹਿਣਗੇ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ

Tuesday, Aug 24, 2021 - 08:31 PM (IST)

ਗੁਰਦਾਸਪੁਰ(ਹਰਮਨ)- ਪੰਜਾਬ ਪੁਲਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਦੀ ਸੁਰੱਖਿਆ ਵਾਪਸ ਲੈ ਲਏ ਜਾਣ ਦੇ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਰਵੀਕਰਨ ਸਿੰਘ ਕਾਹਲੋਂ ਦੀ ਸੁਰੱਖਿਆ ਨਾ ਸਿਰਫ ਬਹਾਲ ਹੋ ਗਈ ਹੈ ਸਗੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਸਮੀਖਿਆ ਉਪਰੰਤ ਹੁਣ ਰਵੀਕਰਨ ਸਿੰਘ ਕਾਹਲੋਂ ਨੂੰ 'ਵਾਈ ਪਲੱਸ' ਸ਼੍ਰੇਣੀ ਦੀ ਸੁਰੱਖਿਆ ਮੁਹੱਇਆ ਕਰਵਾ ਦਿੱਤੀ ਗਈ ਹੈ। ਰਵੀਕਰਨ ਸਿੰਘ ਕਾਹਲੋਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਸਿਆਸਤ ਵਿਚ ਸਰਗਰਮ ਰਹੇ ਹਨ ਅਤੇ ਹਲਕਾ ਫਤਹਿਗੜ੍ਹ ਚੂੜੀਆਂ ਅੰਦਰ ਬਤੌਰ ਹਲਕਾ ਇੰਚਾਰਜ ਲੋਕਾਂ ਦੀ ਸੇਵਾ ਕਰ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : MP ਰਵਨੀਤ ਸਿੰਘ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ (ਵੀਡੀਓ)
ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ, ਜਿਸ ਦੇ ਚਲਦਿਆਂ ਪੰਜਾਬ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਹੋਈ ਸੀ ਪਰ ਪਿਛਲੇ ਸਾਲ ਦਸੰਬਰ ਮਹੀਨੇ ਪੁਲਸ ਦੇ ਉਚ ਅਧਿਕਾਰੀਆਂ ਨੇ ਇਕ ਪੱਤਰ ਜਾਰੀ ਕਰਕੇ ਉਨ੍ਹਾਂ ਨੂੰ ਮਿਲੀ ਸੁਰੱਖਿਆ ਵਾਪਸ ਲੈ ਲਈ ਸੀ। ਇਸ ਕਾਰਨ ਉਨ੍ਹਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਪ੍ਰੈਲ ਮਹੀਨੇ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਵਿਚ ਰਿੱਟ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਕੋਲੋਂ ਵੀ ਉਨ੍ਹਾਂ ਦੀ ਸੁਰੱਖਿਆ ਸਮੀਖਿਆ ਕਰਵਾਈ ਸੀ ਅਤੇ ਕੇਂਦਰ ਦੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਉਨ੍ਹਾਂ ਦੀ ਪੰਜਾਬ ਪੁਲਸ ਵਾਲੀ ਸੁਰੱਖਿਆ ਨੂੰ ਮੁੜ ਬਹਾਲ ਕਰਦੇ ਹੋਏ ਨਾਲ ਹੀ ਉਨ੍ਹਾਂ ਨੂੰ 'ਵਾਈ ਪਲੱਸ' ਕੈਟਾਗਰੀ ਵਿਚ ਸ਼ਾਮਿਲ ਕਰਕੇ ਸੀ.ਆਰ.ਪੀ.ਐਫ. ਦੀ ਸੁਰੱਖਿਆ ਵੀ ਉਪਲਬਧ ਕਰਵਾ ਦਿੱਤੀ ਹੈ। ਇਸ ਨਾਲ ਹੁਣ ਰਵੀਕਰਨ ਸਿੰਘ ਕਾਹਲੋਂ ਨੂੰ ਪੰਜਾਬ ਪੁਲਸ ਵੱਲੋਂ ਵੀ ਪੂਰੀ ਸੁਰੱਖਿਆ ਮਿਲੇਗੀ ਅਤੇ ਸੀ.ਆਰ.ਪੀ.ਐਫ. ਦੇ ਜਵਾਨ ਵੀ ਉਨ੍ਹਾਂ ਦੀ ਸੁਰੱਖਿਆ ਕਰਨਗੇ।


Bharat Thapa

Content Editor

Related News