ਅਕਾਲੀ ਆਗੂ ਤੇ ਉਸ ਦੀ ਪਤਨੀ ਦੀ ਮੌਤ ਦੇ ਮਾਮਲੇ 'ਚ ਮਾਪਿਆਂ ਦੀ ਅਫਸਰਾਂ ਨੂੰ ਗੁਹਾਰ

Wednesday, Jul 15, 2020 - 11:54 AM (IST)

ਪਾਤੜਾਂ (ਅਡਵਾਨੀ) : ਪਿੰਡ ਥਹੂੜ ’ਚ ਅਕਾਲੀ ਆਗੂ ਗੁਰਸੇਵਕ ਸਿੰਘ ਮੁਨਸ਼ੀ ਦੀ ਮੌਤ ਮਗਰੋਂ ਉਸ ਦੀ ਪਤਨੀ ਦੀ ਮੌਤ ਹੋ ਜਾਣ ’ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਸਮੇਤ 4 ਵਿਅਕਤੀਆਂ ਖ਼ਿਲਾਫ਼ ਧਾਰਾ-302 ਦਾ ਮਾਮਲਾ ਦਰਜ ਹੋਇਆ ਹੈ। ਇਸ ’ਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਉਕਤ ਵਿਅਕਤੀ ਖੁੱਲ੍ਹੇ ਘੁੰਮ ਰਹੇ ਹਨ। ਗੁਰਸੇਵਕ ਸਿੰਘ ਮੁਨਸ਼ੀ ਦੀ ਪਤਨੀ ਦੇ ਮਾਮੇ ਸਤਵੀਰ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਵੀ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਰ ਕੇ ਅਫਸਰਾਂ ਨੂੰ ਪੇਕੇ ਪਰਿਵਾਰ ਨੇ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਸਤਵੀਰ ਸਿੰਘ ਨੇ ਕਿਹਾ ਕਿ ਮੇਰੇ ਭਾਣਜੇ ਜਵਾਈ, ਜੋ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦਾ ਨਿੱਜੀ ਸਹਾਇਕ ਸੀ, ਹਲਕਾ ਸ਼ੁਤਰਾਣਾ ਦੇ ਸਾਰੇ ਕੰਮਕਾਰ ਉਹ ਹੀ ਵੇਖਦਾ ਸੀ। ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਆਰ. ਟੀ. ਏ. ਕਰਨ ਸਿੰਘ ਨੇ ਪਹਿਲਾਂ ਤਾਂ ਹੱਲਾ-ਸ਼ੇਰੀ ਦੇ ਕੇ ਉਸ ਤੋਂ ਖਰਚਾ ਕਰਾ ਕੇ ਉਸ ਨੂੰ ਆਰਥਿਕ ਤੌਰ ’ਤੇ ਤੰਗ ਕਰ ਦਿੱਤਾ। ਫਿਰ ਉਸ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ, ਜਿਸ ਦੀ ਆਡੀਓ ਮਰਨ ਤੋਂ ਪਹਿਲਾਂ ਉਹ ਬਣਾ ਕੇ ਗਿਆ ਹੈ, ਜੋ ਲੋਕਾਂ ਕੋਲ ਵਾਇਰਲ ਹੋ ਚੁੱਕੀ ਹੈ। ਇਸ ਤੋਂ ਦੁਖੀ ਹੋ ਕੇ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਤੋਂ ਬਾਅਦ ਇਨ੍ਹਾਂ ਨੇ ਮੇਰੀ ਭਾਣਜੀ ’ਤੇ ਝੂਠੇ ਦੋਸ਼ ਲਾਉਂਦਿਆਂ ਉਸ ਨੂੰ ਬਦ-ਚਲਣ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਦਾ ਘਰ ਦੱਬਣ ਲਈ ਮੇਰੀ ਭਾਣਜੀ ਨੂੰ ਮਾਰ ਦਿੱਤਾ।

ਸਤਵੀਰ ਸਿੰਘ ਯਾਦਵ ਨੇ ਦੱਸਿਆ ਕਿ ਜਿਹੜੇ ਲੋਕ ਅਖ਼ਬਾਰਾਂ ’ਚ ਮੇਰੀ ਭਾਣਜੀ ’ਤੇ ਨਾਜਾਇਜ਼ ਸਬੰਧਾਂ ਦੇ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਮੈਂ ਅਦਾਲਤ ’ਚ ਪੁੱਛਾਂਗਾ। ਪੁਲਸ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਸਾਰੇ ਸ਼ਰੇਆਮ ਘੁੰਮ ਰਹੇ ਹਨ। ਮੇਰੀ ਹਰ ਥਾਂ ਦੀ ਰੇਕੀ ਕੀਤੀ ਜਾ ਰਹੀ ਹੈ। ਮੇਰੀ ਭਾਣਜੀ ਵਾਂਗ ਮੈਨੂੰ ਵੀ ਕਦੇ 2 ਲੱਖ ਰੁਪਏ ਲੈਣ ਦਾ ਦੋਸ਼ ਲਾ ਰਹੇ ਹਨ। ਕਦੇ 5 ਕਿੱਲੇ ਜ਼ਮੀਨ ਲੈਣ ਦੇ ਝੂਠੇ ਦੋਸ਼ ਲਾ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਕੇ ਮਾਰਨ ਦੀਆਂ ਸਾਜਿਸ਼ਾਂ ਖੇਡੀਆਂ ਜਾ ਰਹੀਆਂ ਹਨ। ਸਤਵੀਰ ਸਿੰਘ ਨੇ ਕਿਹਾ ਕਿ ਜੇਕਰ ਇਸ ਲੜਾਈ ’ਚ ਮੇਰੀ ਮੌਤ ਹੋ ਜਾਂਦੀ ਹੈ, ਉਸ ਦੇ ਜ਼ਿੰਮੇਵਾਰ ਜੋ ਲੋਕ ਮਾਮਲੇ ’ਚ ਹਨ, ਉਹ ਹੋਣਗੇ। ਇਸ ਸਬੰਧੀ ਐੱਸ. ਐੱਚ. ਓ. ਪਾਤੜਾਂ ਗੁਰਦੇਵ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਬਰੀਕ ਨਾਲ ਕੀਤੀ ਜਾ ਰਹੀ ਹੈ। ਬਾਕੀ ਇਸ ’ਚ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ।


 


Babita

Content Editor

Related News