ਅਕਾਲੀ ਦਲ ਦਾ ਭਾਜਪਾ ਨਾਲ ਨਹੀਂ ਹੋਵੇਗਾ ਗਠਜੋੜ ! ਬਿਆਨਾਂ ਨੇ ਛੇੜੀ ਚਰਚਾ
Thursday, Feb 29, 2024 - 02:54 PM (IST)
ਚੰਡੀਗੜ੍ਹ (ਮਨਜੋਤ ਸਿੰਘ) : ਕਿਸਾਨ ਅੰਦੋਲਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ’ਤੇ ਹੋਏ ਤਸ਼ੱਦਦ ਲਈ ਐੱਨ. ਡੀ. ਏ. ਅਤੇ ‘ਇੰਡੀਆ’ ਗਠਜੋੜ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਉਸ ਤੋਂ ਬਾਅਦ ਸਿਆਸੀ ਹਲਕਿਆਂ ’ਚ ਚਰਚਾ ਹੋ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਜਿਹਾ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਜਪਾ ਨਾਲ ਗਠਜੋੜ ਕਰਨਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਦੇ ਬਾਵਜੂਦ ਅਕਾਲੀ ਦਲ ਭਾਜਪਾ ਖ਼ਿਲਾਫ਼ ਬਚ ਕੇ ਬੋਲ ਰਿਹਾ ਸੀ। ਅਕਾਲੀ ਆਗੂਆਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਚਰਚਾ ਚੱਲ ਪਈ ਹੈ ਕਿ ਅਕਾਲੀ ਦਲ ਇਹ ਜ਼ਾਹਰ ਕਰਨ ਲੱਗ ਪਿਆ ਹੈ ਕਿ ਉਸ ਦਾ ਭਾਜਪਾ ਨਾਲ ਗਠਜੋੜ ਨਹੀਂ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਜਰਾ ਨੇ ਬਿਆਨ ਦਿੱਤਾ ਹੈ ਕਿ ਖਨੌਰੀ ਅਤੇ ਸ਼ੰਭੂ ਬਾਰਡਰ ’ਤੇ ਕਿਸਾਨਾਂ ’ਤੇ ਤਸ਼ੱਦਦ ਲਈ ਐੱਨ. ਡੀ. ਏ. ਅਤੇ ‘ਇੰਡੀਆ’ ਗਠਜੋੜ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਰਨ ਕੇਂਦਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਇਸ ਤੋਂ ਇਲਾਵਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਏਮਜ਼ ਬਠਿੰਡਾ ਦੇ ਉਦਘਾਟਨੀ ਸਮਾਰੋਹ ਦੌਰਾਨ ਕਿਸਾਨ ਅੰਦੋਲਨ ਦਾ ਮੁੱਦਾ ਚੁੱਕਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਨਲਾਈਨ ਜੁੜੇ ਸਨ।
ਇਹ ਵੀ ਪੜ੍ਹੋ : ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਤੇ ਹੋਰਨਾਂ ਲੋਕਾਂ ’ਤੇ ਹਮਲੇ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ
ਕਿਸਾਨਾਂ ਨਾਲ ਨਾ ਹੋਵੇ ਅਪਰਾਧੀਆਂ ਵਾਲਾ ਸਲੂਕ : ਚੀਮਾ
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਬਿਆਨ ਦੇ ਚੁੱਕੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸਮਝਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਅਤੇ ਕੇਂਦਰ ਸਰਕਾਰਾਂ ਨਾਲ ਮਿਲੀਭੁਗਤ ਕਰ ਕੇ ਨਿਰਦੋਸ਼ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਜ਼ਬਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨਾਲ ਅਪਰਾਧੀਆਂ ਵਾਂਗ ਸਲੂਕ ਕਰਨ ਲਈ ਕੇਂਦਰ ਨਾਲ ਰਲ ਕੇ ਸਾਜ਼ਿਸ਼ ਰਚਣਾ ਬੰਦ ਕਰਨ ਅਤੇ ਡਾ. ਐੱਮ. ਐੱਸ. ਸਵਾਮੀਨਾਥਨ ਦੀ ਧੀ ਮਧੁਰਾ ਸਵਾਮੀਨਾਥਨ ਦੀ ਸਲਾਹ ਮੰਨਣੀ ਚਾਹੀਦੀ ਹੈ।
ਭਾਜਪਾ ਨਾਲ ਅਕਾਲੀ ਦਲ ਦੇ ਗਠਜੋੜ ਦੀ ਸੀ ਚਰਚਾ
ਸ਼੍ਰੋਮਣੀ ਅਕਾਲੀ ਦਲ ਵਲੋਂ ਜਦੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਤਾਂ ਉਸ ਸਮੇਂ ਇਹ ਚਰਚਾ ਜ਼ੋਰਾਂ ’ਤੇ ਸੀ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਕੁਝ ਦਿਨਾਂ ’ਚ ਹੋਣ ਵਾਲਾ ਹੈ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਜੇ ਕਾਂਗਰਸ ਅਤੇ ‘ਆਪ’ ਦਾ ਗਠਜੋੜ ਹੋ ਸਕਦਾ ਹੈ ਤਾਂ ਅਕਾਲੀ ਭਾਜਪਾ ਦਾ ਵੀ ਗਠਜੋੜ ਹੋ ਸਕਦਾ ਹੈ।
ਇਹ ਵੀ ਪੜ੍ਹੋ : ਟਾਂਡਾ ’ਚ ਰੇਲਵੇ ਫਾਟਕ ਨੇੜੇ ਹੋਇਆ ਬਲਾਸਟ, ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾ
ਹਾਈ ਕਮਾਂਡ ਲਵੇਗਾ ਫ਼ੈਸਲਾ : ਜਾਖੜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਪਾਰਟੀ ਹਾਈ ਕਮਾਂਡ ਵਲੋਂ ਫ਼ੈਸਲਾ ਲਿਆ ਜਾਣਾ ਹੈ।
ਪੰਜਾਬ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਲਿਆ ਜਾਵੇਗਾ ਫ਼ੈਸਲਾ : ਚੰਦੂਮਾਜਰਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਹੀ ਕੋਈ ਵੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦੇ, ਘੱਟ ਗਿਣਤੀਆਂ ਦੇ ਮੁੱਦੇ ਨੂੰ ਅਣਗੌਲਾ ਨਹੀਂ ਕੀਤਾ ਜਾਵੇਗਾ।
ਪੰਜਾਬ ਦੇ ਮੁੱਦੇ ਹੱਲ ਨਾ ਹੋਣ ’ਤੇ ਨਹੀਂ ਹੋਵੇਗਾ ਗਠਜੋੜ : ਕਲੇਰ
ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸਾਡਾ ਪਹਿਲਾਂ ਵੀ ਭਾਜਪਾ ਨਾਲ ਗਠਜੋੜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੀ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਗਠਜੋੜ ਟੁੱਟਿਆ ਸੀ। ਜੇ ਪੰਜਾਬ ਦੇ ਅਹਿਮ ਮੁੱਦੇ ਭਾਵੇਂ ਉਹ ਬੰਦੀ ਸਿੰਘਾਂ ਦਾ ਹੋਵੇ ਜਾਂ ਕਿਸਾਨਾਂ ਦਾ, ਜੇ ਉਨ੍ਹਾਂ ਦਾ ਹੱਲ ਨਹੀਂ ਹੋਵੇਗਾ ਤਾਂ ਗਠਜੋੜ ਕਿਵੇਂ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭਾਜਪਾ ਵੱਡੇ ਪੱਧਰ ’ਤੇ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ’ ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e