ਉਪ ਰਾਸ਼ਟਰਪਤੀ ਚੋਣ ਲਈ ਅਕਾਲੀ ਦਲ ਨੇ NDA ਦੇ ਜਗਦੀਪ ਧਨਖੜ ਨੂੰ ਦਿੱਤਾ ਸਮਰਥਨ
Saturday, Aug 06, 2022 - 01:19 PM (IST)
ਚੰਡੀਗੜ੍ਹ : ਭਾਰਤ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਅੱਜ ਸੰਸਦ ਭਵਨ 'ਚ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਆਪਣਾ ਸਮਰਥਨ ਦਿੱਤਾ ਗਿਆ ਹੈ। ਇਸ ਸਬੰਧੀ ਟਵੀਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਰਟੀ ਇਕ ਕਿਸਾਨ ਦੇ ਪੁੱਤਰ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਜਗਦੀਪ ਧਨਖੜ ਨੂੰ ਆਪਣਾ ਸਮਰਥਨ ਦਿੰਦੀ ਹੈ।
ਸੁਖਬੀਰ ਬਾਦਲ ਵੱਲੋਂ ਕਿਹਾ ਗਿਆ ਹੈ ਕਿ ਆਪਣੇ ਸੂਬੇ 'ਚ ਕਿਸਾਨ ਭਾਈਚਾਰੇ (ਜਾਟਾਂ) ਲਈ ਓ. ਬੀ. ਸੀ. ਦਾ ਦਰਜਾ ਹਾਸਲ ਕਰਨ ਵਾਲੇ ਜਗਦੀਪ ਧਨਖੜ ਨੂੰ ਪਾਰਟੀ ਸਮਰਥਨ ਦਿੰਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਇਸ ਗੱਲੋਂ ਖ਼ੁਸ਼ ਹੈ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੋਹਾਂ ਚੋਣਾਂ 'ਚ ਪਾਰਟੀ ਨੇ ਦੱਬੇ-ਕੁਚਲੇ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਉਪ ਰਾਸ਼ਟਰਪਤੀ ਚੋਣਾਂ ਦੌਰਾਨ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਦੂਜੇ ਪਾਸੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਨੇ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਰਾਜਪਾਲ ਮਾਰਗਰੇਟ ਅਲਵਾ ਨੂੰ ਆਪਣਾ ਉਮੀਦਵਾਰ ਚੁਣਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ