ਅਕਾਲੀ ਦਲ ਨੂੰ ਝਟਕਾ, ਕੁਲਵੰਤ ਸਿੰਘ ਨੂੰ ਪਾਰਟੀ 'ਚੋਂ ਕੱਢਣ ਦੇ ਵਿਰੋਧ 'ਚ 28 ਆਗੂਆਂ ਨੇ ਦਿੱਤੇ ਅਸਤੀਫ਼ੇ
Sunday, Jan 17, 2021 - 10:48 PM (IST)
ਮੋਹਾਲੀ (ਗੁਰਪ੍ਰੀਤ ਸਿੰਘ ਨਿਆਮੀਆਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਮੁਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਕੱਢੇ ਜਾਣ ਤੋਂ ਇਕ ਦਿਨ ਬਾਅਦ ਹੀ ਅੱਜ ਪਾਰਟੀ ਦੀ ਇਸਤਰੀ ਵਿੰਗ ਸ਼ਹਿਰੀ ਦੀ ਪ੍ਰਧਾਨ, ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਅਤੇ ਬੀ. ਸੀ. ਵਿੰਗ ਦੇ ਪ੍ਰਧਾਨ ਸਮੇਤ 28 ਸੀਨੀਅਰ ਅਕਾਲੀਆਂ ਨੇ ਤੁਰੰਤ ਪ੍ਰਭਾਵ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ੇ ਦੇ ਦਿੱਤੇ। ਜ਼ਿਕਰਯੋਗ ਹੈ ਕਿ ਮੁਹਾਲੀ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾਂ ਹੀ ਇਕ ਪ੍ਰਯੋਗਸ਼ਾਲਾ ਵਿਚ ਪ੍ਰਯੋਗ ਕਰਨ ਦੀ ਤਰ੍ਹਾਂ ਨਵੇਂ-ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਂਦੇ ਰਹੇ ਹਨ। ਜਿਸ ਤੋਂ ਤੰਗ ਆ ਕੇ ਮੁਹਾਲੀ ਦੇ ਲੋਕਾਂ ਨੇ ਪਾਰਟੀ ਨੂੰ ਕਈ ਵਾਰ ਅਪੀਲਾਂ ਵੀ ਕੀਤੀਆਂ ਕਿ ਇੱਥੋਂ ਦੇ ਸਥਾਨਕ ਨਿਵਾਸੀ ਨੂੰ ਜਾਂ ਇਸ ਹਲਕੇ ਦੇ ਕਿਸੇ ਨਿਵਾਸੀ ਨੂੰ ਪਾਰਟੀ ਦੇ ਹਲਕਾ ਇੰਚਾਰਜ ਵਜੋਂ ਵਾਗਡੋਰ ਸੰਭਾਲੀ ਜਾਵੇ ਪਰੰਤੂ ਇਨ੍ਹਾਂ ਅਪੀਲਾਂ ਦੇ ਬਾਵਜੂਦ ਨਗਰ ਨਿਗਮ ਦੀਆਂ ਚੋਣਾਂ ਲਈ ਪਾਰਟੀ ਵੱਲੋਂ ਪ੍ਰੇਮ ਸਿੰਘ ਚੰਦੂਮਾਜਰਾ, ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾਡ਼ ਸਮੇਤ ਇਕ ਚਾਰ ਮੈਂਬਰੀ ਕਮੇਟੀ ਬਣਾ ਦਿੱਤੀ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ
ਇਸ ਤੋਂ ਬਾਅਦ ਜਦੋਂ ਪਾਰਟੀ ਵੱਲੋਂ ਨਗਰ-ਨਿਗਮ ਦੀਆਂ ਚੋਣਾਂ ਲਈ ਪਹਿਲੀ 28 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਮੁਹਾਲੀ ਵਿਚ ਅਕਾਲੀ ਦਲ ਵਿਚ ਬਗ਼ਾਵਤ ਹੋਣੀ ਸ਼ੁਰੂ ਹੋ ਗਈ। ਸਮੁੱਚੇ ਸਾਬਕਾ ਕੌਂਸਲਰਾਂ ਨੇ ਇਕਮੱਤ ਹੋ ਕੇ ਨਗਰ-ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਚੋਣ ਲੜਨ ਦਾ ਐਲਾਨ ਕਰ ਦਿੱਤਾ। ਜਿਸ ਦੇ ਪ੍ਰਤੀਕਰਮ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਲਵੰਤ ਸਿੰਘ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵਿੱਚੋਂ ਖਾਰਜ ਕਰ ਦਿੱਤਾ। ਇਸ ਤੋਂ ਅਗਲੇ ਹੀ ਦਿਨ ਅੱਜ ਸ਼ਹਿਰ ਦੇ ਸੀਨੀਅਰ ਅਠਾਈ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ ਅਤੇ ਮੁੱਢਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ।
ਇਹ ਵੀ ਪੜ੍ਹੋ : ...ਤੇ ਹੁਣ ਰੁੱਸਿਆਂ ਨੂੰ ਮਨਾਉਣ 'ਚ ਲੱਗਾ ਅਕਾਲੀ ਦਲ
ਪਾਰਟੀ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਇਨ੍ਹਾਂ 28 ਸੀਨੀਅਰ ਆਗੂਆਂ ਨੇ ਕਿਹਾ ਹੈ ਕਿ "ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰ ਡੈਲੀਗੇਟ ਅਤੇ ਵਰਕਰ ਸਰਦਾਰ ਕੁਲਵੰਤ ਸਿੰਘ ਸਾਬਕਾ ਮੇਅਰ ਮਿਊਂਸੀਲ ਕਾਰਪੋਰੇਸ਼ਨ ਮੁਹਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਰਖਾਸਤ ਕਰਨ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੇ ਹਾਂ।"
ਇਹ ਵੀ ਪੜ੍ਹੋ : ਕਬੱਡੀ ਦੇ ਚੋਟੀ ਦੇ ਖਿਡਾਰੀ ਤੇ ਮਸ਼ਹੂਰ ਜਾਫੀ ਸੁਖਮਨ ਭਗਤਾ ਦੀ ਚਡ਼੍ਹਦੀ ਜਵਾਨੀ 'ਚ ਮੌਤ
ਇਨ੍ਹਾਂ ਵਿਚ ਸਭ ਤੋਂ ਪਹਿਲਾਂ ਹਸਤਾਖਰ ਕਰਨ ਵਾਲੀ ਇਸਤਰੀ ਵਿੰਗ ਸ਼ਹਿਰੀ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਹੈ। ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਪਰਮਿੰਦਰ ਸਿੰਘ ਸੋਹਾਣਾ, ਯੂਥ ਵਿੰਗ ਹਲਕਾ ਮੁਹਾਲੀ ਦੇ ਪ੍ਰਧਾਨ ਹਰਮਨਜੋਤ ਸਿੰਘ ਕੁੰਭਡ਼ਾ ਅਤੇ ਬੀ. ਸੀ ਵਿੰਗ ਸ਼ਹਿਰੀ ਦੇ ਪ੍ਰਧਾਨ ਗੁਰਮੁਖ ਸਿੰਘ ਸੋਹਲ ਵੀ ਅਸਤੀਫ਼ੇ ਦੇਣ ਵਾਲਿਆਂ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ ਮੁਹਾਲੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਕੌਂਸਲਰ ਸੁਰਿੰਦਰ ਸਿੰਘ ਰੋਡਾ, ਸੁਖਦੇਵ ਸਿੰਘ ਪਟਵਾਰੀ, ਫੂਲਰਾਜ ਸਿੰਘ, ਰਜਿੰਦਰਪਾਲ ਸ਼ਰਮਾ, ਹਰਪਾਲ ਸਿੰਘ ਚੰਨਾ, ਅਮਰੀਕ ਸਿੰਘ ਤਹਿਸੀਲਦਾਰ, ਰਵਿੰਦਰ ਸਿੰਘ ਕੁੰਭਡ਼ਾ, ਸਰਬਜੀਤ ਸਿੰਘ ਸਮਾਣਾ, ਗੁਰਮੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਗੁਰਮੀਤ ਕੌਰ, ਰਮਨਪ੍ਰੀਤ ਕੌਰ, ਕਮਲਜੀਤ ਕੌਰ, ਕਰਮਜੀਤ ਕੌਰ, ਜਸਵੀਰ ਕੌਰ ਅਤਲੀ, ਭੁਪਿੰਦਰਪ੍ਰੀਤ ਕੌਰ, ਰਜਿੰਦਰ ਕੌਰ ਕੁੰਭਡ਼ਾ, ਰਜਨੀ ਗੋਇਲ, ਹਰਮੇਸ਼ ਸਿੰਘ ਕੁੰਭਡ਼ਾ, ਹਰਵਿੰਦਰ ਸਿੰਘ, ਜਸਪਾਲ ਸਿੰਘ, ਹਰਸੰਗਤ ਸਿੰਘ, ਅਰੁਣ ਗੋਇਲ ਅਸਤੀਫ਼ੇ ਦੇਣ ਵਾਲਿਆਂ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ਕੇਂਦਰ ਨਾਲ ਬੈਠਕਾਂ ਬੇਨਤੀਜਾ ਰਹਿਣ ’ਤੇ ਕਿਸਾਨ ਅੰਦੋਲਨ ਹੋ ਸਕਦੈ ਭਿਆਨਕ
ਨੋਟ- ਅਕਾਲੀ ਦਲ ਵਲੋਂ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਪਾਰਟੀ 'ਚੋਂ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?