ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਸ਼ੁਰੂ ਹੋਇਆ 'ਫੋਟੋ ਵਾਰ'

Friday, Sep 21, 2018 - 12:06 PM (IST)

ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ ਸ਼ੁਰੂ ਹੋਇਆ 'ਫੋਟੋ ਵਾਰ'

ਚੰਡੀਗੜ੍ਹ (ਭੁੱਲਰ)— ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਦੇ ਮੁੱਦੇ ਨੂੰ ਲੈ ਕੇ ਸਿਆਸਤ ਭਖਣ ਤੋਂ ਬਾਅਦ ਹੁਣ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣ 'ਚ ਹੋਈਆਂ ਘਟਨਾਵਾਂ ਦੇ ਚਲਦੇ ਅਕਾਲੀਆਂ ਤੇ ਕਾਂਗਰਸੀਆਂ ਵਿਚਕਾਰ 'ਫੋਟੋ ਵਾਰ' ਸ਼ੁਰੂ ਹੋ ਗਈ ਹੈ। ਜਿਥੇ ਇਕ ਪਾਸੇ ਅਕਾਲੀ ਦਲ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਰਗੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਪੁਰਾਣੀਆਂ ਵਿਵਾਦਿਤ ਤਸਵੀਰਾਂ ਕੱਢ ਕੇ ਮੀਡੀਆ ਨੂੰ ਜਾਰੀ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਕਾਂਗਰਸ ਨੇ ਵੀ ਅਕਾਲੀਆਂ ਦੀਆਂ ਅਜਿਹੀਆਂ ਹੀ ਤਸਵੀਰਾਂ ਮੀਡੀਆ ਨੂੰ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

PunjabKesari

ਪਿਛਲੇ ਦਿਨੀਂ ਅਕਾਲੀ ਦਲ ਵਲੋਂ ਨਵਜੋਤ ਸਿੰਘ ਸਿੱਧੂ ਦੀ ਡੇਰਾ ਸਿਰਸਾ ਪ੍ਰਮੁੱਖ ਰਾਮ ਰਹੀਮ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਦੀ ਤਸਵੀਰ ਜਾਰੀ ਕੀਤੀ ਗਈ ਸੀ। ਅੱਜ ਫਿਰ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਨੇਤਾਵਾਂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਚੀਮਾ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨੂੰ ਦੋ ਹੋਰ ਤਸਵੀਰਾਂ ਜਾਰੀ ਕੀਤੀਆਂ। ਇਨ੍ਹਾਂ 'ਚੋਂ ਇਕ ਤਸਵੀਰ ਸਿੱਧੂ ਵਲੋਂ ਡੇਰਾ ਪ੍ਰਮੁੱਖ ਦੇ ਪੈਰ ਛੂਹਣ ਦੀ ਹੈ ਜਦੋਂਕਿ ਦੂਜੀ ਤਸਵੀਰ ਸੁਨੀਲ ਜਾਖੜ ਵਲੋਂ ਡੇਰਾ ਪ੍ਰਮੁੱਖ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹੋਣ ਦੀ ਹੈ।

PunjabKesari

ਕਾਂਗਰਸ ਨੇ ਕੀਤਾ ਪਲਟਵਾਰ—
ਫੋਟੋ ਵਾਰ ਦਾ ਹੁਣ ਕਾਂਗਰਸ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਸੁਨੀਲ ਜਾਖੜ ਵਲੋਂ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਕ ਅਜਿਹੀ ਪੁਰਾਣੀ ਤਸਵੀਰ ਜਾਰੀ ਕੀਤੀ ਗਈ ਹੈ ਜੋ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਨੇਤਾਵਾਂ ਦੀ ਹੈ, ਜਿਸ 'ਚ ਉਹ ਪਾਕਿਸਤਾਨ ਦੇ ਦੌਰੇ  ਸਮੇਂ ਉੱਥੇ ਗੋਲ-ਗੱਪੇ ਖਾਂਦੇ ਦਿਖਾਈ ਦੇ ਰਹੇ ਹਨ। ਜਿਥੇ ਅਕਾਲੀ ਦਲ ਡੇਰਾ ਸਿਰਸਾ ਨਾਲ ਸਬੰਧਾਂ ਨੂੰ ਲੈ ਕੇ ਸਿੱਧੂ ਅਤੇ ਜਾਖੜ ਨੂੰ ਨਿਸ਼ਾਨੇ 'ਤੇ ਲੈ ਰਿਹਾ ਹੈ, ਉਥੇ ਹੀ ਅੱਜ ਜਾਖੜ ਨੇ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ 'ਤੇ ਸੁਖਬੀਰ ਤੇ ਮਜੀਠੀਆ ਦੀ ਪੁਰਾਣੀ ਤਸਵੀਰ ਜਾਰੀ ਕਰ ਕੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਇਹ ਤਾਂ ਪਾਕਿਸਤਾਨ ਤੋਂ ਗੋਲ-ਗੱਪੇ ਖਾ ਕੇ ਹੀ ਵਾਪਸ ਆ ਜਾਂਦੇ ਹਨ। ਇਸ ਤਰ੍ਹਾਂ ਹੁਣ ਇਹ ਫੋਟੋ ਵਾਰ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਫੜ ਸਕਦਾ ਹੈ ਜਿਸ 'ਚ ਇਕ-ਦੂਜੇ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Related News