ਸਿਆਸੀ ਚੁਣੌਤੀਆਂ ਨਾਲ ਘਿਰੇ ਅਕਾਲੀ ਦਲ ਨੂੰ ਹੁਣ ਹਾਥੀ ਤੋਂ ਵੱਡੀਆਂ ਉਮੀਦਾਂ

Tuesday, Jun 15, 2021 - 06:32 PM (IST)

ਸਿਆਸੀ ਚੁਣੌਤੀਆਂ ਨਾਲ ਘਿਰੇ ਅਕਾਲੀ ਦਲ ਨੂੰ ਹੁਣ ਹਾਥੀ ਤੋਂ ਵੱਡੀਆਂ ਉਮੀਦਾਂ

ਬਾਘਾ ਪੁਰਾਣਾ (ਚਟਾਨੀ) : ਕਿਸਾਨੀ ਅਤੇ ਪੰਥਕ ਵੋਟ ਦੇ ਸਹਾਰੇ ਸਤਾ ਦਾ ਆਨੰਦ ਮਾਣਦੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਆਪਣੀ ਹੀ ਸਰਕਾਰ ਮੌਕੇ ਲੱਗੇ ਵੱਡੇ ਧੱਬੇ ਧੋ ਨਾ ਸਕਣ ਕਰਕੇ ਪੰਥਕ ਵੋਟ ਦਾ ਵੱਡਾ ਹਿੱਸਾ ਇਸ ਕੋਲੋਂ ਖਿਸਕ ਗਿਆ ਹੈ। ਉਧਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਿਆਂਦੇ ਗਏ ਕਾਲੇ ਖੇਤੀ ਕਾਨੂੰਨਾਂ ਲਈ ਵੀ ਕਿਸਾਨੀ ਮੋਰਚੇ ਵੱਲੋਂ ਅਕਾਲੀ ਦਲ (ਬਾਦਲ) ਨੂੰ ਵੱਡਾ ਗੁਨਾਹਗਾਰ ਗਰਦਾਨਿਆਂ ਗਿਆ ਹੋਣ ਕਰਕੇ ਕਿਸਾਨੀ ਵੋਟ ਬੈਂਕ ਵੀ ਇਸ ਕੋਲੋਂ ਮਨਫ਼ੀ ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਸੂਬੇ ਦੇ ਸਕੂਲਾਂ ਲਈ ਵੱਡਾ ਐਲਾਨ

ਅਜਿਹੀ ਸਥਿਤੀ ਨੂੰ ਦੇਖਦਿਆਂ ਘਬਰਾਹਟ ਵਿਚ ਆਏ ਅਕਾਲੀ ਦਲ ਵੱਲੋਂ ਪਿਛਲੇ 6 ਮਹੀਨਿਆਂ ਤੋਂ ਕਿਸੇ ਨਿੱਗਰ ਸਿਆਸੀ ਦਲ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਆਖਿਰ ਲੰਬੀ ਸੋਚ ਵਿਚਾਰ ਮਗਰੋਂ ਅਕਾਲੀ ਦਲ ਨੇ ਬਸਪਾ ਨਾਲ ਆਪਣਾ ਸਿਆਸੀ ਸਮਝੌਤਾ ਸਿਰੇ ਲਾ ਹੀ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਕਿਸਾਨਾਂ ਵਿਚ ਆਪਣਾ ਆਧਾਰ ਕਾਇਮ ਰੱਖਣ ਲਈ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਵੀ ਲਿਆ ਸੀ ਪਰ ਅਜਿਹੇ ਸਮੁੱਚੇ ਘਟਨਾਕ੍ਰਮ ਨੂੰ ਕਿਸਾਨੀ ਮੋਰਚੇ ਨੇ ਮਹਿਜ਼ ਇਕ ਡਰਾਮੇਬਾਜ਼ੀ ਅਤੇ ਸਿਆਸੀ ਚਲਾਕੀ ਦਾ ਨਾਂ ਦਿੰਦਿਆਂ ਅਕਾਲੀ ਦਲ ਨੂੰ ਆਪਣੀਆਂ ਸਟੇਜਾਂ ਦੇ ਨੇੜੇ ਤੱਕ ਵੀ ਫਟਕਣ ਨਹੀਂ ਦਿੱਤਾ, ਜਿਸ ਨੇ ਅਕਾਲੀ ਦਲ ਦੀ ਚਿੰਤਾ ’ਚ ਹੋਰ ਵੀ ਵਾਧਾ ਕਰ ਦਿੱਤਾ। ਭਾਵੇਂ ਬਸਪਾ ਨੂੰ ਵੀ ਪਿਛਲੇ ਇਕ ਅਰਸੇ ਤੋਂ ਕਿਸੇ ਸਿਆਸੀ ਦਲ ਦੀ ਭਾਲ ਸੀ ਪਰ ਖੁੱਸੀ ਹੋਈ ਸਤਾ ਨੂੰ ਮੁੜ ਪ੍ਰਾਪਤ ਕਰਨ ਲਈ ਅਕਾਲੀ ਦਲ ਵੱਧ ਤਰਲੋਮੱਛੀ ਹੋ ਗਿਆ ਸੀ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਵਿਸ਼ਲੇਸ਼ਕ ਕਹਿੰਦੇ ਹਨ ਕਿ ਖਟਾਰਾ ਬਣ ਚੁੱਕੀ ਆਪਣੀ ਸਿਆਸੀ ਗੱਡੀ ਨੂੰ ਮੁੜ ਲੀਹ ਉਪਰ ਲਿਆਉਣ ਲਈ ਉਸ ਨੂੰ ਬਸਪਾ ਵਾਲੇ ਹਾਥੀ ਨੂੰ ਹੀ ਵੱਡਾ ਸਾਥੀ ਬਨਾਉਣਾ ਪਿਆ ਤਾਂ ਜੋ ਉਹ ਵਿਧਾਨ ਸਭਾ ਦੀਆਂ ਪੌੜੀਆਂ ਉਪਰ ਆਪਣੀ ਬਹੁਮਤ ਵਾਲੀ ਗਿਣਤੀ ਦੇ ਮੈਂਬਰ ਚੜਾਉਣ ਵਿਚ ਸਫਲ ਹੋ ਸਕੇ। ਅਕਾਲੀ ਦਲ ਵਿਚੋਂ ਇਸ ਦੇ ਪੁਰਾਣੇ ਅਤੇ ਸੂਝਵਾਨ ਸਾਥੀਆਂ ਦਾ ਨਿਕਲ ਜਾਣਾ ਵੀ ਇਸ ਦੇ ਖਟਾਰੇਪਣ ਦਾ ਵੱਡਾ ਕਾਰਣ ਮੰਨਿਆ ਜਾ ਰਿਹਾ ਹੈ। ਚਾਰੇ ਪਾਸਿਆਂ ਤੋਂ ਲੱਗੇ ਖੋਰੇ ਕਾਰਣ ਇਸ ਦਾ ਖੋਖਲਾਪਨ ਕਿਸ ਹੱਦ ਤੱਕ ਭਰਿਆ ਜਾ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਅਕਾਲੀ ਦਲ ਦੇ ਸਰਪ੍ਰਸਤ ਬਸਪਾ ਨਾਲ ਸਾਂਝ ਭਿਆਲੀ ਵਾਲੇ ਫਾਰਮੂਲੇ ਨੂੰ ਸਿਆਸੀ ਵਿਸ਼ਲੇਸ਼ਕ ਇਕ ਚੰਗਾ ਸਿਆਸੀ ਪੱਤਾ ਦੱਸ ਰਹੇ ਹਨ ਪਰ ਬਹੁਤੇ ਸਿਆਸੀ ਪੰਡਿਤਾਂ ਦਾ ਇਹ ਵੀ ਕਹਿਣਾ ਹੈ ਕਿ ਅਰਸ਼ ਤੋਂ ਫਰਸ਼ ਤੱਕ ਡਿੱਗ ਚੁੱਕੇ ਬਸਪਾ ਦੇ ਸਿਆਸੀ ਗ੍ਰਾਫ਼ ਤੋਂ ਅਕਾਲੀ ਦਲ ਬਹੁਤੀਆਂ ਉਮੀਦਾਂ ਨਾ ਲਾਵੇ ਕਿਉਂਕਿ ਬਸਪਾ ਦੇ ਬਹੁਤੇ ਆਗੂ ਪਹਿਲਾਂ ਹੀ ਅਕਾਲੀ ਦਲ ਵਿਚ ਮਰਜ਼ ਹੋ ਚੁੱਕੇ ਹਨ ਅਤੇ ਸੀਟਾਂ ਵੀ ਬਸਪਾਂ ਨੂੰ ਉਹੀ ਦਿੱਤੀਆਂ ਹਨ, ਜਿਹੜੀਆਂ ਪਹਿਲਾਂ ਹੀ ਰਾਖਵੀਆਂ ਹਨ।

ਇਹ ਵੀ ਪੜ੍ਹੋ : ਐੱਸ. ਆਈ. ਟੀ. ਵਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ’ਤੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ

25 ਸਾਲਾਂ ਬਾਅਦ ਅਕਾਲੀ ਦਲ ਨੂੰ ਆਈ ਬਸਪਾ ਦੀ ਯਾਦ
25 ਸਾਲ ਬਹੁਜਨ ਸਮਾਜ ਪਾਰਟੀ ਤੋਂ ਦੂਰ ਰਹੇ ਅਕਾਲੀ ਦਲ ਨੂੰ ਹੁਣ ਬਸਪਾ ਦੀ ਆਈ ਯਾਦ ਸਪੱਸ਼ਟ ਕਰਦੀ ਹੈ ਕਿ ਅਕਾਲੀ ਦਲ ਨੂੰ ਹੁਣ ਚਾਰ ਚੁਫੇਰਿਓਂ ਲੱਗੇ ਵੱਡੇ ਸਿਆਸੀ ਖੋਰਾ ਉਸ ਦੀਆਂ ਚਿੰਤਾਵਾਂ ਵਿਚ ਨਿਰੰਤਰ ਵਾਧਾ ਕਰ ਰਿਹਾ ਹੈ। ਅਕਾਲੀ ਦਲ ਦਾ ਸਿਆਸੀ ਗ੍ਰਾਫ਼ ਵੀ ਹੁਣ ਮੁਕਾਬਲਤਨ ਬਹੱਦ ਘਟਿਆ ਹੈ। ਉਧਰ ਬਸਪਾ ਦੀ ਹਾਲਤ ਵੀ ਅਜਿਹੀ ਹੀ ਹੈ। ਇਸੇ ਕਰਕੇ ਦੋਵੇਂ ਮਿਲ ਕੇ ਆਪਣੀ 2022 ਵਾਲੀ ਬੇੜੀ ਪਾਰ ਲਾਉਣ ਲਈ ਵਿਉਂਤਬੰਦੀ ਕਰ ਰਹੇ ਹਨ। ਬਸਪਾ ਨੇ ਤਾਂ ਅਕਾਲੀ ਦਲ ਹੱਥ ਨਹੀਂ ਵਧਾਇਆ ਸੀ ਪਰ ਅਕਾਲੀ ਦਲ ਇਸ ਵੇਲੇ ਬੇਹੱਦ ਕਾਹਲਾ ਸੀ ਕਿਸੇ ਹੋਰ ਪਾਰਟੀ ਤੋਂ ਪਹਿਲਾਂ ਪਹਿਲਾਂ ਉਹ ਬਸਪਾ ਨੂੰ ਆਪਣੇ ਕਲਾਵੇਂ ਵਿਚ ਲੈ ਲਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਦੇ ਇਸ ਵਿਭਾਗ ’ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਇਸ਼ਤਿਹਾਰ ਜਾਰੀ

ਬੇਅਦਬੀ ਮਾਮਲਾ ਬਹਿ ਗਿਐ ਅਕਾਲੀ ਦਲ ਦੀਆਂ ਜੜ੍ਹਾਂ ’ਚ
ਸਿਆਸਤ ਦੀ ਹਰ ਖੇਡ ਨੂੰ ਇਕ-ਇਕ ਕਰ ਨੁਕਤੇ ਤੋਂ ਜਾਣੂੰਆਂ ਨੇ ਕਿਹਾ ਕਿ ਸਿਆਸੀ ਸ਼ਤਰੰਜ ਦੇ ਵੱਡੇ ਖਿਡਾਰੀ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਡੀ ਜਾਣ ਵਾਲੀ ਖੇਡ 2015’ਚ ਅਸਲੋਂ ਪੁੱਠੀ ਪੈ ਗਈ ਸੀ ਜਾਂ ਇਹ ਕਹਿ ਲਿਆ ਜਾਵੇ ਕਿ ਉਸ ਦੀ ਟੀਮ ਨੇ ਵੱਡੇ ਬਾਦਲ ਦੁਆਲੇ ਘੇਰਾ ਹੀ ਅਜਿਹਾ ਘੱਤ ਦਿੱਤਾ ਕਿ ਨਾ ਚਾਹੁੰਦੇ ਹੋਏ ਵੀ ਉਸ ਕੋਲੋਂ ਇਹ ਸਭ ਕੁਝ ਸੰਭਾਲਿਆ ਹੀ ਨਾ ਗਿਆ। ਅੱਜ ਤੱਕ ਉਸੇ ਹੀ ਗਲਤੀ ਦਾ ਖਮਿਆਜ਼ਾ ਅਕਾਲੀ ਦਲ ਨੂੰ ਹਰ ਪੈਰ ਉਪਰ ਭੁਗਤਣਾ ਪੈ ਰਿਹਾ ਹੈ। ਸਿਆਸੀ ਵਿਸ਼ਲੇਸ਼ਕ ਕਹਿੰਦੇ ਹਨ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਅਜਿਹੇ ਵੱਡੇ ਮੁੱਦੇ ਹਨ ਜਿਹੜੇ ਅਕਾਲੀ ਦਲ ਦੀਆਂ ਜੜਾਂ ਵਿਚ ਬੈਠ ਗਏ ਹਨ।

ਇਹ ਵੀ ਪੜ੍ਹੋ : ਭਾਜਪਾ ’ਚ ਵੀ ਵਧਿਆ ਅੰਦਰੂਨੀ ਕਲੇਸ਼, ਅਨਿਲ ਜੋਸ਼ੀ ਦੇ ਦੋਸ਼ਾਂ ਦਾ ਅਸ਼ਵਨੀ ਸ਼ਰਮਾ ਨੇ ਦਿੱਤਾ ਜਵਾਬ

ਸੁਖਬੀਰ ਦੀਆਂ ਅਕਾਲੀ ਦਲ ਅੰਦਰਲੀਆਂ ਤਾਨਾਸ਼ਾਹੀ ਵਾਲੀਆਂ ਹਰਕਤਾਂ ਨੇ ਕੀਤਾ ਨੁਕਸਾਨ
ਵੱਡੇ ਬਾਦਲ ਤੋਂ ਬਾਅਦ ਵਾਲੇ ਸੁੱਘੜ, ਬਜ਼ੁਰਗ ਅਤੇ ਤਜ਼ਰਬੇਕਾਰ ਆਗੂਆਂ ਦੀ ਅਕਾਲੀ ਦਲ ਨੂੰ ਪੈਰਾਂ ਸਿਰ ਖੜਾ ਕਰਨ ਵਾਲੀ ਕਿਸੇ ਅਪੀਲ ਦਲੀਲ ਨੂੰ ਨਾ ਮੰਨੇ ਜਾਣ ਕਰ ਕੇ ਇਸ ਵਿਚੋਂ ਅਜਿਹੇ ਨੇਤਾਵਾਂ ਦਾ ਇਕ-ਇਕ ਕਰ ਕੇ ਨਿਕਲਦੇ ਜਾਣਾ ਅਕਾਲੀ ਦਲ ਲਈ ਘਾਟੇਵੰਦ ਸੌਦਾ ਸਾਬਤ ਹੋਇਆ ਹੈ। ਅਜਿਹੇ ਤਾਨਾਸ਼ਾਹ ਰਵੱਈਏ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ। ਅੱਜ ਅਕਾਲੀ ਦਲ ਮੂਹਰੇ ਗੰਭੀਰ ਚੁਣੌਤੀਆਂ ਦਰਪੇਸ਼ ਹਨ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬਸਪਾ ਮੂਹਰੇ ਲੇਲੜੀਆਂ ਕੱਢੀਆਂ ਜਾ ਰਹੀਆਂ ਹਨ। ਵਿਸ਼ਲੇਸ਼ਕ ਕਹਿੰਦੇ ਹਨ ਕਿ ਬਸਪਾ ਨਾਲ ਸਾਂਝ ਤੋਂ ਵੀ ਕੋਈ ਬਹੁਤੀਆਂ ਸਾਜਗਾਰ ਉਮੀਦਾਂ ਦਿਖਾਈ ਨਹੀਂ ਦਿੰਦੀਆਂ।

ਇਹ ਵੀ ਪੜ੍ਹੋ : ਹੁਸ਼ਿਆਰਪੁਰ : ਵਿਦੇਸ਼ ਜਾਣ ਲਈ ਕੁੜੀ ਨੇ ਫਾਇਨਾਂਸਰਾਂ ਤੋਂ ਚੁੱਕੇ ਪੈਸੇ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News