ਮੋਗਾ ''ਚ ਅਕਾਲੀ ਦਲ ਦੀ ਇਤਿਹਾਸਕ ਰੈਲੀ ਅੱਜ, ਦੂਰ-ਦੁਰਾਡੇ ਤੋਂ ਪੁੱਜੇ ਵਰਕਰ
Tuesday, Dec 14, 2021 - 10:39 AM (IST)
ਮੋਗਾ (ਲਾਭ ਸਿੰਘ ਸਿੱਧੂ) : ਸ਼੍ਰੋਮਣੀ ਅਕਾਲੀ ਦਲ ਵੱਲੋਂ 14 ਦਸੰਬਰ ਨੂੰ ਕੀਤੀ ਜਾ ਰਹੀ ਵਿਸ਼ਾਲ ਰੈਲੀ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਕਰੇਗੀ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਥੇ ਕਹੀ। ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਦੂਰ-ਦੁਰਾਡੇ ਤੋਂ ਅਕਾਲੀ ਦਲ ਦੇ ਵਰਕਰ ਇੱਥੇ ਪੁੱਜ ਗਏ ਹਨ। ਸੁਖਬੀਰ ਬਾਦਲ ਨੇ ਕਿਹਾ ਇਸ ਰੈਲੀ ਲਈ 40 ਏਕੜ ’ਚ ਪੰਡਾਲ ਲਾਇਆ ਗਿਆ ਹੈ। 50 ਏਕੜ ਜ਼ਮੀਨ ’ਚ ਵ੍ਹੀਕਲਾਂ ਦੇ ਖੜ੍ਹਨ ਲਈ ਪਾਰਕਿੰਗ ਬਣਾਈ ਗਈ ਹੈ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦੇ 4 ਮੰਤਰੀਆਂ ਬਾਰੇ 'ਆਮ ਆਦਮੀ ਪਾਰਟੀ' ਦਾ ਵੱਡਾ ਖ਼ੁਲਾਸਾ, ਜਾਣੋ ਕੀ ਕਿਹਾ
ਸੁਖਬੀਰ ਬਾਦਲ ਨੇ ਦੱਸਿਆ ਕਿ ਜਿਸ ਤਰ੍ਹਾਂ ਹਲਕਾ ਵਾਈਜ਼ ਕੀਤੀਆਂ ਗਈਆਂ ਰੈਲੀਆਂ ’ਚ ਲੋਕਾਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੋ ਗਿਆ ਹੈ ਰੈਲੀ ’ਚ 2 ਲੱਖ ਤੋਂ ਵਧੇਰੇ ਪਾਰਟੀ ਵਰਕਰ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਸੱਤਾ ਦੀ ਤਬਦੀਲੀ ਲਈ ਹਵਾ ਚੱਲ ਰਹੀ ਹੈ, ਜੋ ਰੈਲੀ ਮਗਰੋਂ ਹਨ੍ਹੇਰੀ ਦਾ ਰੁਖ ਧਾਰਨ ਕਰ ਲਵੇਗੀ, ਜਿਸ ਅੱਗੇ ਨਾ ਤਾਂ ਕਾਂਗਰਸ ਪਾਰਟੀ, ਨਾ ਕੇਜਰੀਵਾਲ ਦੀ ਪਾਰਟੀ ਅਤੇ ਨਾ ਹੀ ਭਾਜਪਾ-ਕੈਪਟਨ ਗਠਜੋੜ ਟਿਕੇਗਾ।
ਰੈਲੀ ਨੂੰ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਉਪ ਪ੍ਰਧਾਨ ਸਤੀਸ਼ ਮਿਸ਼ਰਾ ਸੰਬੋਧਨ ਕਰਨਗੇ। ਬੰਟੀ ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ ਦੇ 10 ਹਜ਼ਾਰ ਤੋਂ ਵੱਧ ਵਰਕਰ ਪੰਡਾਲ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਇਨ੍ਹਾਂ ਵਰਕਰਾਂ ਦੀਆਂ ਰੈਲੀ ਨੂੰ ਕਾਮਯਾਬ ਕਰਨ ’ਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ