ਅਕਾਲੀ ਦਲ ''ਹੋਲੇ ਮਹੱਲੇ'' ''ਤੇ ਕਰੇਗਾ ਵਿਸ਼ਾਲ ਸਿਆਸੀ ਕਾਨਫਰੰਸ

02/17/2020 4:35:59 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਸ਼੍ਰੋਮਣੀ ਅਕਾਲੀ ਦਲ ਆਉਂਦੀ 9 ਮਾਰਚ ਨੂੰ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕਰੇਗਾ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਪਹੁੰਚੇਗੀ ਅਤੇ ਇਸ ਸਬੰਧੀ ਸਮੁੱਚੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਲੋਕ ਸਭਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚਲ ਰਹੀ ਕਸ਼ਮਕਸ਼ ਸਬੰਧੀ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਜਨਰਲ ਹਾਊਸ ਵਲੋਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਖਾਰਿਜ ਕੀਤੀ ਮੈਂਬਰੀ ਕਿਸੇ ਕਾਇਦੇ ਕਾਨੂੰਨ ਤਹਿਤ ਹੀ ਕੀਤੀ ਹੋਵੇਗੀ, ਕਿਉਂਕਿ ਕਮੇਟੀ ਕਿਸੇ ਸਬੂਤ ਤੋਂ ਬਗੈਰ ਅਜਿਹਾ ਨਹੀਂ ਕਰ ਸਕਦੀ।

ਪੰਜਾਬ ਅੰਦਰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮੋਕੇ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਅਤੇ 117 ਵਿੱਚੋਂ 59 ਸੀਟਾਂ ਤੇ ਚੋਣਾਂ ਲੜਨ ਦੇ ਦਿੱਤੇ ਜਾ ਰਹੇ ਬਿਆਨਾਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਪਰ ਬੀਤੇ ਦਿਨੀਂ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਸਾਡੀ ਹੋਈ ਮੀਟਿੰਗ 'ਚ ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਸਾਡਾ ਗੱਠਬੰਧਨ ਪਹਿਲਾਂ ਦੀ ਤਰ੍ਹਾਂ ਹੀ ਚੱਲੇਗਾ ਤੇ ਇਸ ਮੀਟਿੰਗ ਦੌਰਾਨ ਸੀਟਾਂ ਦੀ ਵੰਡ ਸਬੰਧੀ ਕੋਈ ਗੱਲ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਟਕਸਾਲੀ ਅਕਾਲੀ ਦਲ ਬਣਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾਂ ਕੁ ਨੁਕਸਾਨ ਹੋਵੇਗਾ ਸਬੰਧੀ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਹਮੇਸ਼ਾਂ ਅਸਲੀ ਅਕਾਲੀ ਦਲ ਦਾ ਹੀ ਸਾਥ ਦਿੱਤਾ ਹੈ ਤੇ ਅੱਗੇ ਵੀ ਅਜਿਹਾ ਹੀ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ ਅਤੇ ਜੱਥੇਦਾਰ ਸੁਰਿੰਦਰ ਸਿੰਘ ਮਟੋਰ, ਯੂਥ ਵਿੰਗ ਦੇ ਜਿਲਾ ਪ੍ਰਧਾਨ ਸੰਦੀਪ ਸਿੰਘ ਕਲੋਤਾਂ, ਮੋਹਨ ਸਿੰਘ ਢਾਹੇਂ, ਯੂਥ ਆਗੂ ਦਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਕੁਲਦੀਪ ਕੌਰ ਗੱਜਪੁਰ, ਡਾ: ਰਾਮ ਆਸਰਾ ਸਿੰਘ, ਗੁਰਬਚਨ ਸਿੰਘ ਲੋਦੀਪੁਰ, ਮਾਸਟਰ ਹਰਬਖਸ਼ ਸਿੰਘ ਸਮੇਤ ਵੱਡੀ ਗਿਣਤੀ ਵਰਕਰ ਹਾਜਰ ਸਨ।


Babita

Content Editor

Related News