ਭਾਜਪਾ ਦੇ ਪੈਟਰਨ ’ਤੇ ਅਕਾਲੀ ਦਲ, ਪਾਰਟੀ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ ‘ਕੱਢਿਆ ਤੋੜ’
Saturday, Sep 03, 2022 - 06:27 PM (IST)
ਚੰਡੀਗੜ੍ਹ : ਕਿਸੇ ਸਮੇਂ ਨਹੁੰ ਮਾਸ ਦਾ ਰਿਸ਼ਤਾ ਕਿਹਾ ਜਾਣ ਵਾਲਾ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਭਾਂਵੇ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਪਰ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਨੇ ਨਾ ਸਿਰਫ਼ ਭਾਜਪਾ ਦਾ ਤਰੀਕਾ ਅਪਣਾਇਆ ਹੈ, ਸਗੋਂ ਭਾਜਪਾ ਵੱਲੋਂ ਵਾਰ-ਵਾਰ ਪਰਿਵਾਰਵਾਦ ਦਾ ਮੁੱਦਾ ਚੁੱਕਣ ਦਾ ਬਦਲ ਵੀ ਲੱਭ ਲਿਆ ਹੈ। ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਨੇ ਉਹੀ ਰਣਨੀਤੀ ਅਪਣਾਈ ਹੈ ਜਿਹੜੀ ਭਾਜਪਾ ਨੇ ਅਪਣਾਈ ਹੈ। ਭਾਜਪਾ ਬੂਥ ਪੱਧਰ ’ਤੇ ਆਪਣੀ ਪਾਰਟੀ ਦਾ ਵਿਸਥਾਰ ਕਰ ਰਹੀ ਹੈ। ਅਕਾਲੀ ਦਲ ਵੀ ਹੁਣ ਇਸੇ ਪੈਟਰਨ ਨੂੰ ਲਾਗੂ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ
ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਨੇ ਪਰਿਵਾਰਵਾਦ ਦੇ ਕਲੰਕ ਨੂੰ ਧੋਣ ਲਈ ਵੀ ਕਦਮ ਵਧਾ ਦਿੱਤਾ ਹੈ। ਅਕਾਲੀ ਦਲ ਨੇ ਇਕ ਪਰਿਵਾਰ ਤੋਂ ਇਕ ਟਿਕਟ ਦਾ ਫਾਰਮੂਲਾ ਅਪਨਾਇਆ ਹੈ।ਇਸ ਨੂੰ ਸੁਖਬੀਰ ਬਾਦਲ ਵਲੋਂ ਭਾਜਪਾ ਨੂੰ ਦਿੱਤੇ ਗਏ ਜਵਾਬ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਕਿਉਂਕਿ ਭਾਜਪਾ ਹਰ ਮੰਚ ਤੋਂ ਸਿਆਸੀ ਪਾਰਟੀਆਂ ਵਿਚ ਪਰਿਵਾਰਵਾਦ ਦਾ ਮੁੱਦਾ ਚੁੱਕਦੀ ਰਹੀ ਹੈ। ਭਾਜਪਾ ਦੇ ਇਸ ਮੁੱਦੇ ਤੋਂ ਅਕਾਲੀ ਦਲ ਸਭ ਤੋਂ ਵੱਧ ਅਸਿਹਜ ਸੀ। ਦਰਅਸਲ ਬਾਦਲ ਪਰਿਵਾਰ ਚੋਣਾਂ ਵਿਚ ਸਭ ਤੋਂ ਜ਼ਿਆਦਾ ਹਾਵੀ ਰਹਿੰਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ’ਤੇ ਚਾਰ ਪਰਿਵਾਰਾਂ (ਪਿਓ-ਪੁੱਤਰ) ਨੇ ਚੋਣਾਂ ਲੜੀਆਂ ਸਨ। ਅਕਾਲੀ ਦਲ ਵਿਚ ਪਰਿਵਾਰਵਾਦ ਦੀ ਫੌਜ ਹੋਣ ਕਾਰਣ ਪਾਰਟੀ ਨੂੰ ਕਾਫੀ ਨੁਕਸਾਨ ਵੀ ਝੱਲਣਾ ਪੈ ਰਿਹਾ ਸੀ। ਇਹੀ ਕਾਰਣ ਹੈ ਕਿ 102 ਸਾਲ ਪੁਰਾਣੇ ਅਕਾਲੀ ਦਲ ਨੇ ਪਹਿਲੀ ਵਾਰ ਪਰਿਵਾਰਵਾਦ ਦਾ ਕਲੰਕ ਧੋਣ ਲਈ ਇਕ ਚੋਣ ਇਕ ਟਿਕਟ ਦਾ ਫਾਰਮੂਲਾ ਅਪਨਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਬਦਲੇਗਾ ਮੌਸਮ, ਜਲਦ ਮਿਲੇਗੀ ਗਰਮੀ ਤੋਂ ਰਾਹਤ, ਇਸ ਦਿਨ ਪਵੇਗਾ ਮੀਂਹ
ਉਥੇ ਹੀ ਬੂਥ ਪੱਧਰ ਤੋਂ ਪਾਰਟੀ ਦੀ ਸ਼ੁਰੂਆਤ ਦਾ ਫਾਰਮੂਲਾ ਅਪਣਾ ਕੇ ਸੁਖਬੀਰ ਨੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਖੜ੍ਹਾ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਿਆ ਹੈ ਕਿਉਂਕਿ ਭਾਜਪਾ ਵੀ ਆਪਣੀ ਜਥੇਬੰਦੀ ਦੀ ਸ਼ੁਰੂਆਤ ਬੂਥ ਤੋਂ ਕਰਦੀ ਹੈ ਅਤੇ ਬੂਥ ਪ੍ਰਧਾਨ ਬਨਾਉਣ ਲਈ ਚੋਣਾਂ ਹੁੰਦੀਆਂ ਹਨ। ਹੁਣ ਅਕਾਲੀ ਦਲ ਵੀ ਉਹੀ ਪੈਟਰਨ ਅਪਣਾਏਗਾ। ਸੁਖਬੀਰ ਬਾਦਲ ਨੇ ਭਾਵੇਂ ਅਕਾਲੀ ਦਲ ਨੂੰ ਕਿਸੇ ਦੀ ਜਾਇਦਾਦ ਨਾ ਹੋਣ ਦਾ ਦਾਅਵਾ ਕੀਤਾ ਹੈ ਪਰ ਜਾਣਕਾਰ ਕਹਿੰਦੇ ਹਨ ਕਿ ਲਗਾਤਾਰ ਦੋ ਵਾਰ ਪ੍ਰਧਾਨ ਬਣਨ ਦੀ ਪਾਲਿਸੀ ਲਾਗੂ ਕਰਕੇ ਸੁਖਬੀਰ ਨੇ ਆਪਣੀ ਪ੍ਰਧਾਨਗੀ ਨੂੰ ਸੁਰੱਖਿਅਤ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਦੀ ਪ੍ਰਧਾਨਗੀ ਦਾ ਲਗਭਗ ਡੇਢ ਸਾਲ ਦਾ ਸਮਾਂ ਹੈ, 2024 ਵਿਚ ਲੋਕ ਸਭਾ ਚੋਣਾਂ ਨੂੰ ਛੱਡ ਦਿੱਤਾ ਜਾਵੇ ਤਾਂ ਵਿਧਾਨ ਸਭਾ ਦੀਆਂ ਚੋਣਾਂ 2027 ਵਿਚ ਹੋਣੀਆਂ ਹਨ। ਅਜਿਹੇ ਵਿਚ ਸੁਖਬੀਰ ਬਾਦਲ ਸਨਮਾਨਜਨਕ ਇਕ ਟਰਮ ਲਈ ਪ੍ਰਧਾਨਗੀ ਦੇ ਅਹੁਦੇ ਤੋਂ ਬ੍ਰੇਕ ਲੈ ਸਕਦੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।