ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਤੀਜੇ ਨੰਬਰ 'ਤੇ, ਖੜ੍ਹੀਆਂ ਹੋਈਆਂ ਵੱਡੀਆਂ ਚੁਣੌਤੀਆਂ
Saturday, May 13, 2023 - 01:34 PM (IST)
ਜਲੰਧਰ : ਜਲੰਧਰ ਜ਼ਿਮਨੀ ਚੋਣ 'ਚ ਸਿਆਸੀ ਪਾਰਟੀਆਂ ਦਾ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਤਾਜ਼ਾ ਰੁਝਾਨਾਂ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ ਜਦਕਿ ਅਕਾਲੀ ਦਲ ਤੀਜੇ ਨੰਬਰ 'ਤੇ ਹੈ ਅਤੇ ਭਾਜਪਾ ਚੌਥੇ ਨੰਬਰ 'ਤੇ ਰਹਿ ਗਈ ਹੈ। ਚੋਣ ਕਮਿਸ਼ਨ ਦੇ ਰੁਝਾਨਾਂ ਤੋਂ ਇਹ ਗੱਲ ਵੀ ਕਿਤੇ ਨਾ ਕਿਤੇ ਸਾਫ਼ ਹੋ ਰਹੀ ਹੈ ਕਿ ਅਕਾਲੀ ਦਲ ਨੂੰ ਇਸ ਵਾਰ ਵੀ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੂੰ ਸੂਬੇ ਭਰ ਵਿੱਚੋਂ 3 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ ਜਦਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਭਾਰੀ ਬਹੁਮਤ ਨਾਲ ਹਾਸਲ ਕੀਤੀ ਸੀ, ਕਾਂਗਰਸ ਨੂੰ 18 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ ਤੇ ਭਾਜਪਾ 2 ਸੀਟਾਂ ਤੱਕ ਸੀਮਟ ਕੇ ਰਹਿ ਗਈ ਸੀ। ਇਸੇ ਤਰ੍ਹਾਂ ਸੰਗਰੂਰ ਜ਼ਿਮਨੀ ਚੋਣ 'ਚ ਵੀ ਅਕਾਲੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਵੀ ਇੰਝ ਹੀ ਲੱਗ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਹਾਰ ਹੀ ਪਵੇਗੀ।
ਇਹ ਵੀ ਪੜ੍ਹੋ- ਜਿੱਤ ਦੇ ਕਰੀਬ ਪਹੁੰਚੀ 'ਆਪ', ਜਲੰਧਰ ਦੀਆਂ ਸੜਕਾਂ 'ਤੇ ਜਸ਼ਨ, ਢੋਲ ਦੀ ਥਾਪ 'ਤੇ ਪੈ ਰਹੇ ਭੰਗੜੇ (ਵੀਡੀਓ)
ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਨਹੀਂ ਹੋ ਸਕਿਆ ਚੋਣ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸ. ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਸੀ। ਜਿਸ ਦੇ ਚੱਲਦਿਆਂ ਬਾਦਲ ਪਰਿਵਾਰ ਅਤੇ ਸਮੁੱਚੀ ਲੀਡਰਸ਼ਿਪ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅੰਤਿਮ ਰਸਮਾਂ 'ਚ ਰੁਝੀ ਹੋਈ ਸੀ। ਜਿਸ ਕਾਰਨ ਅਕਾਲੀ ਦਲ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਨਹੀਂ ਕੀਤਾ ਜਾ ਸਕਿਆ।
ਇਹ ਵੀ ਪੜ੍ਹੋ- ਜਲੰਧਰ 'ਚ ਜਿੱਤ ਵੱਲ ਵੱਧ ਰਹੀ AAP, ਕੇਜਰੀਵਾਲ ਨੂੰ ਮਿਲਣ ਪੁੱਜੇ CM ਭਗਵੰਤ ਮਾਨ
ਪੜ੍ਹੇ-ਲਿਖੇ ਉਮੀਦਵਾਰ ਚੁਣਨ ਦੇ ਬਾਵਜੂਦ ਵੀ ਨਹੀਂ ਹਾਸਲ ਹੋਈ ਜਿੱਤ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਨਵਾਂਸ਼ਹਿਰ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਦੱਸ ਦੇਈਏ ਕਿ ਸੁਖਵਿੰਦਰ ਕੁਮਾਰ ਸੁੱਖੀ ਕਾਫ਼ੀ ਪੜ੍ਹੇ-ਲਿਖੇ ਹਨ ਤੇ ਉਹ ਡਾਕਟਰ ਵੀ ਹਨ, ਜੋ ਹਸਪਤਾਲ 'ਚ ਮਰੀਜ਼ਾਂ ਦਾ ਇਲਾਜ ਵੀ ਕਰਦੇ ਹਨ। ਪਾਰਟੀ ਵੱਲੋਂ ਇਸ ਚੀਜ਼ ਨੂੰ ਅਹਿਮੀਅਤ ਦਿੰਦਿਆਂ ਹੋਇਆ ਵੀ ਚੋਣ ਪ੍ਰਚਾਰ ਕੀਤਾ ਗਿਆ ਸੀ ਪਰ ਇਸ ਵਾਰ ਵੀ 'ਆਪ' ਦੀ ਝੋਲੀ ਜਿੱਤ ਪੈ ਗਈ ਹੈ। ਜਿਸ ਕਾਰਨ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ 'ਚ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਪਾਰਟੀ ਨੂੰ ਮੁੜ ਤੋਂ ਲੀਹ 'ਤੇ ਲੈ ਕੇ ਆਉਣ ਲਈ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਮਿਹਨਤ, ਚੰਗੇ ਚਿਹਰਿਆਂ ਅੱਗੇ ਲੈ ਕੇ ਆਉਣ ਤੇ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਪਾਰਟੀ ਦੀ ਅੰਦਰਲੀ ਆਵਾਜ਼ ਨੂੰ ਸੁਣਨਾ ਪਵੇਗਾ ਤੇ ਪਾਰਟੀ ਦੇ ਢਾਂਚੇ 'ਚ ਵੱਡੇ ਪੱਧਰ 'ਤੇ ਬਦਲਾਅ ਕਰਨਾ ਪੈਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।