ਅਕਾਲੀ ਦਲ ਨੇ ਬਾਗੀ ਆਗੂਆਂ ਨੂੰ ਦਿੱਤਾ ਇਕ ਮੌਕਾ, ਸੁਖਬੀਰ ਬਾਦਲ ਨੂੰ ਦਿੱਤੇ ਪੁਨਰਗਠਨ ਦੇ ਅਧਿਕਾਰ

Thursday, Jun 27, 2024 - 09:55 AM (IST)

ਅਕਾਲੀ ਦਲ ਨੇ ਬਾਗੀ ਆਗੂਆਂ ਨੂੰ ਦਿੱਤਾ ਇਕ ਮੌਕਾ, ਸੁਖਬੀਰ ਬਾਦਲ ਨੂੰ ਦਿੱਤੇ ਪੁਨਰਗਠਨ ਦੇ ਅਧਿਕਾਰ

ਚੰਡੀਗੜ੍ਹ (ਮਨਜੋਤ) : ਸ਼੍ਰੋਮਣੀ ਅਕਾਲੀ ਦਲ ’ਚ ਅੰਦਰੂਨੀ ਕਲੇਸ਼ ਪੂਰੇ ਜ਼ੋਰਾਂ ’ਤੇ ਹੈ। ਪਾਰਟੀ ਦੇ ਕੁੱਝ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਪ੍ਰਧਾਨਗੀ ਛੱਡਣ ਲਈ ਕਿਹਾ ਜਾ ਰਿਹਾ ਹੈ। ਬੁੱਧਵਾਰ ਨੂੰ ਦੁਬਾਰਾ ਚੰਡੀਗੜ੍ਹ ’ਚ ਪਾਰਟੀ ਮੁੱਖ ਦਫ਼ਤਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਬੈਠਕ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਚ ਮੈਂਬਰਾਂ ਵੱਲੋਂ ਪੂਰਨ ਭਰੋਸਾ ਪ੍ਰਗਟਾਇਆ ਗਿਆ ਅਤੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਪੁਨਰਗਠਨ ਕਰਨ ਦੇ ਅਧਿਕਾਰ ਦਿੱਤੇ। ਕਮੇਟੀ ਮੈਂਬਰਾਂ ਨੇ ਪ੍ਰਧਾਨ ਦੇ ਅਕਸ ਨੂੰ ਢਾਹ ਲਾਉਣ ਦੇ ਯਤਨਾਂ ਦਾ ਵੀ ਨੋਟਿਸ ਲਿਆ। ਵਰਕਿੰਗ ਕਮੇਟੀ ਵੱਲੋਂ ਪਾਰਟੀ ’ਚ ਅਨੁਸ਼ਾਸਨ ਰੱਖਣ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਬਾਗੀ ਆਗੂਆਂ ਨੂੰ ਇਕ ਮੌਕਾ ਦਿੰਦਿਆਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਉਸ ਦਾ ਪਾਰਟੀ ’ਚ ਵਿਸ਼ਵਾਸ ਨਹੀਂ ਅਤੇ ਉਹ ਆਪਣੇ-ਆਪ ਨੂੰ ਪਾਰਟੀ ਤੋਂ ਬਾਹਰ ਸਮਝਦਾ ਹੈ। ਸੱਦਾ ਠੁਕਰਾਉਣ ਵਾਲਾ ਖ਼ੁਦ ਨੂੰ ਪਾਰਟੀ ਦਾ ਹਿੱਸਾ ਨਾ ਸਮਝੇ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਹੱਥਾਂ ’ਚ ਖੇਡ ਰਹੇ ਕੁੱਝ ਆਗੂਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਜ਼ੋਰਦਾਰ ਮੰਗ ਵੀ ਕੀਤੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਭ ਨੂੰ ਸਬਰ ਰੱਖਣ ਲਈ ਕਿਹਾ।

ਇਹ ਵੀ ਪੜ੍ਹੋ : ਮੋਹਾਲੀ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਵਿਦੇਸ਼ੀਆਂ ਨੂੰ ਇੰਝ ਠੱਗਦਾ ਸੀ ਗਿਰੋਹ (ਵੀਡੀਓ)
ਦੁਸ਼ਮਣਾਂ ਦੇ ਹੱਥਾਂ ’ਚ ਨਾ ਖੇਡਣ ਅਕਾਲੀ ਦਲ ਦੇ ਆਗੂ : ਵਰਕਿੰਗ ਕਮੇਟੀ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ’ਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਮਾਹੌਲ ਖ਼ਰਾਬ ਕਰਨ ਤੇ ਇਸ ਦਾ ਦੋਸ਼ ਸਿੱਖਾਂ ਸਿਰ ਮੜ ਕੇ ਪੰਜਾਬੀਆਂ ਖ਼ਾਸ ਤੌਰ ’ਤੇ ਸਿੱਖਾਂ ਦੀ ਬਦਨਾਮੀ ਕਰਨ ਲਈ ਰਚੀ ਜਾ ਰਹੀ ਡੂੰਘੀ ਸਾਜ਼ਿਸ਼ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਪਾਰਟੀ ਦੀ ਵਰਕਿੰਗ ਕਮੇਟੀ ’ਚ ਪਾਸ ਕੀਤੇ ਮਤੇ ’ਚ ਕਿਹਾ ਗਿਆ ਕਿ ਪੰਜਾਬ ’ਚ ਸੌੜੇ ਸਿਆਸੀ ਹਿੱਤਾਂ ਵਾਸਤੇ ਫਿਰਕੂ ਧਰੁਵੀਕਰਨ ਕਰਨ ਲਈ ਖ਼ਤਰਨਾਕ ਤੇ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੁੜ ਫਿਰਕੂ ਨਫ਼ਰਤ ਫੈਲਾਅ ਕੇ ਸੂਬੇ ’ਚ ਹਿੰਸਾ ਫੈਲਾਉਣ ਦੀ ਪੁਰਾਣੀ ਖੇਡ ਖੇਡੀ ਜਾ ਰਹੀ ਹੈ, ਜਿਸ ਦਾ ਦੋਸ਼ ਸਿੱਖਾਂ ਸਿਰ ਮੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ 80 ਦੇ ਦਹਾਕੇ ਵਾਂਗ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮਾਨਸੂਨ ਦੀ ਐਂਟਰੀ! ਭਾਰੀ ਮੀਂਹ ਦਾ ਅਲਰਟ ਜਾਰੀ, ਕਾਲੇ ਬੱਦਲਾਂ ਨੇ ਘੇਰਿਆ ਆਸਮਾਨ

ਇਕ ਹੋਰ ਪਾਸ ਮਤੇ ’ਚ ਕਿਹਾ ਗਿਆ ਕਿ ਹਰੇਕ ਨੂੰ ਪਾਰਟੀ ਪਲੇਟਫਾਰਮ ’ਤੇ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਭਾਵੇਂ ਉਹ ਆਲੋਚਨਾ ਵਾਲੇ ਵਿਚਾਰ ਹੀ ਕਿਉਂ ਨਾ ਹੋਣ, ਇਸ ਲਈ ਪਾਰਟੀ ਦਾ ਨੁਕਸਾਨ ਕਰਨ ਲਈ ਮਾਹੌਲ ਖ਼ਰਾਬ ਕਰਨ ਤੇ ਅਨੁਸ਼ਾਸਨ ਭੰਗ ਕਰਨ ਦਾ ਕੋਈ ਤੁੱਕ ਨਹੀਂ ਬਣਦਾ। ਪਾਰਟੀ ਨੇ ਗ਼ਲਤੀਆਂ ਕਰ ਰਹੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਦੁਸ਼ਮਣਾਂ ਦੇ ਹੱਥਾਂ ’ਚ ਨਾ ਖੇਡਣ। ਖ਼ਾਸ ਤੌਰ ’ਤੇ ਉਦੋਂ ਜਦੋਂ ਖ਼ਾਲਸਾ ਪੰਥ, ਪੰਜਾਬ ਤੇ ਪਾਰਟੀ ਪਹਿਲਾਂ ਹੀ ਸਿੱਖ ਤੇ ਪੰਜਾਬ ਵਿਰੋਧੀ ਸਾਜ਼ਿਸ਼ਾਂ ਦਾ ਨਿਸ਼ਾਨਾ ਬਣੀ ਹੋਈ ਹੈ, ਇਹ ਮੈਂਬਰ ਖ਼ੁਦ ਬੀਤੇ ਸਮੇਂ ’ਚ ਇਸ ਦੀ ਗੱਲ ਵੀ ਕਰਦੇ ਰਹੇ ਹਨ। ਇਕ ਹੋਰ ਮਤੇ ’ਚ ਪਾਰਟੀ ਨੇ ਕਿਹਾ ਕਿ ਉਹ ਦੇਸ਼ ’ਚ ਪੂਰਨ ਸੰਘੀ ਢਾਂਚਾ ਸਥਾਪਿਤ ਕਰਨ ਦੇ ਟੀਚੇ ਪ੍ਰਤੀ ਆਪਣੇ ਯਤਨ ਹੋਰ ਤੇਜ਼ ਕਰੇਗੀ ਤਾਂ ਜੋ ਸੂਬਿਆਂ ਨੂੰ ਵਾਜਿਬ ਵਿੱਤੀ ਤੇ ਪ੍ਰਸ਼ਾਸਕੀ ਖ਼ੁਦ ਮੁਖ਼ਤਿਆਰੀ ਮਿਲ ਸਕੇ। ਦੇਸ਼ ਦੀ ਅਨੇਕਤਾ ’ਚ ਏਕਤਾ ਤੇ ਇਸ ਦੀ ਅਮੀਰ ਵਿਭਿੰਨਤਾ ਨੂੰ ਬਚਾਉਣ ਦੀ ਲੋੜ ਹੈ। ਇਕ ਹੋਰ ਮਤੇ ਰਾਹੀਂ ਸਿੱਖਾਂ ’ਤੇ ਹਮਲਿਆਂ ਦੀ ਨਿਖ਼ੇਧੀ ਕੀਤੀ ਗਈ ਤੇ ਕਿਹਾ ਗਿਆ ਕਿ ਕੰਗਣਾ ਰਣੌਤ ਵਰਗੇ ਸੱਤਾਧਿਰ ਦੇ ਆਗੂਆਂ ਦੇ ਭੜਕਾਊ ਬਿਆਨ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਹਨ। ਇਹ ਘਟਨਾਵਾਂ ਫਿਰਕੂ ਧਰੁਵੀਕਰਨ ਦੀ ਚੱਲ ਰਹੀ ਸਾਜ਼ਿਸ਼ ਦਾ ਹਿੱਸਾ ਹਨ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਸੀਨੀਅਰ ਆਗੂਆਂ ਸਮੇਤ ਵਰਕਿੰਗ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News