ਅਕਾਲੀ ਦਲ ਨੇ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀਤੀ ਇਹ ਅਪੀਲ

07/13/2022 11:35:54 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੌਮੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਨਿੱਜੀ ਦਿਲਚਸਪੀ ਲੈਣ ਕਿਉਂਕਿ ਉਮਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਇਹ ਬੰਦੀ ਸਿੰਘ ਜੇਲ੍ਹਾਂ ਵਿੱਚ ਬੰਦ ਹਨ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਦੇ ਦਫ਼ਤਰ 'ਚ ਲੰਬਿਤ ਪਈ ਹੈ। ਇਹ ਅਪੀਲ ਇੱਥੇ ਪਾਰਟੀ ਦੀ ਕੋਰ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲਏ ਫੈਸਲੇ ਮਗਰੋਂ ਕੀਤੀ ਗਈ ਹੈ।

ਖ਼ਬਰ ਇਹ ਵੀ : ਸਾਬਕਾ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਲੁਧਿਆਣਾ 'ਚ ਇਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ, ਪੜ੍ਹੋ TOP 10

ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨੂੰ ਲਿਖੇ ਪੱਤਰ 'ਚ ਅਕਾਲੀ ਦਲ ਨੇ ਵਿਸ਼ਵਾਸ ਪ੍ਰਗਟਾਇਆ ਕੀਤਾ ਕਿ ਸ਼੍ਰੀਮਤੀ ਮੁਰਮੂ, ਜੋ ਘੱਟ ਗਿਣਤੀਆਂ, ਦੱਬੇ-ਕੁਚਲੇ ਤੇ ਪੱਛੜੇ ਵਰਗਾਂ ਦੀ ਪ੍ਰਤੀਨਿਧਤਾ ਕਰਦੇ ਹਨ, ਸਿੱਖ ਕੌਮ ਦੇ ਲਟਕਦੇ ਮਸਲਿਆਂ ਖਾਸ ਤੌਰ ’ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਹੱਲ ਕਰਵਾਉਣ ਵਿੱਚ ਮਦਦ ਕਰਨਗੇ। ਇਸ ਅਪੀਲ 'ਚ ਜ਼ੋਰ ਦਿੱਤਾ ਗਿਆ ਕਿ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣ ਤੋਂ ਦੁਨੀਆ ਭਰ 'ਚ ਵਸਦੇ ਸਿੱਖ ਗੰਭੀਰ ਚਿੰਤਤ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਰਾਸ਼ਟਰਪਤੀ ਬਣਨ ਮਗਰੋਂ ਸ਼੍ਰੀਮਤੀ ਮੁਰਮੂ ਸਿੱਖ ਕੌਮ ਦੀ ਸੰਤੁਸ਼ਟੀ ਅਨੁਸਾਰ ਮਸਲਾ ਹੱਲ ਕਰਵਾਉਣਗੇ। ਵੇਰਵੇ ਸਾਂਝੇ ਕਰਦਿਆਂ ਪੱਤਰ ਵਿੱਚ ਦੱਸਿਆ ਗਿਆ ਕਿ ਸਭ ਤੋਂ ਪਹਿਲਾ ਕੇਸ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਹੈ, ਜੋ 28 ਸਾਲਾਂ ਤੋਂ ਜੇਲ੍ਹ 'ਚ ਬੰਦ ਹਨ। ਪੱਤਰ ਵਿੱਚ ਦੱਸਿਆ ਗਿਆ ਕਿ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਸਜ਼ਾ ਮੁਆਫੀ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਮਾਮਲੇ 'ਚ ਰਹਿਮ ਦੀ ਪਟੀਸ਼ਨ 2012 ਤੋਂ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਲੰਬਿਤ ਪਈ ਹੈ।

PunjabKesari

PunjabKesari

ਇਹ ਵੀ ਪੜ੍ਹੋ : ਕਸਟਮ ਵਿਭਾਗ ਦੀ ਵੱਡੀ ਕਾਰਵਾਈ : ਦਿੱਲੀ ਏਅਰਪੋਰਟ 'ਤੇ ਪਤੀ-ਪਤਨੀ ਤੋਂ 45 ਪਿਸਤੌਲ ਬਰਾਮਦ, ਗ੍ਰਿਫ਼ਤਾਰ

ਇਹ ਵੀ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ 8 ਹੋਰ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਸੀ ਪਰ ਇਹ ਫੈਸਲਾ ਵੀ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਪੱਤਰ 'ਚ ਇਹ ਵੀ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਪਿਛਲੇ 8 ਮਹੀਨਿਆਂ ਤੋਂ ਦਿੱਲੀ ਸਰਕਾਰ ਕੋਲ ਪਈ ਹੈ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਸਤਾਖ਼ਰ ਉਡੀਕ ਰਹੀ ਹੈ। ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ, ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਉਹ ਬੰਦੀ ਸਿੰਘ ਹਨ, ਜੋ 1995 ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਕ ਹੋਰ ਬੰਦੀ ਸਿੰਘ ਗੁਰਦੀਪ ਸਿੰਘ ਖਹਿਰਾ ਹਨ, ਜੋ ਪਿਛਲੇ 32 ਸਾਲਾਂ ਤੋਂ 1990 ਤੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ 'ਚ ਬੰਦ ਹਨ। ਪੱਤਰ 'ਚ ਇਹ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਕਮਜ਼ੋਰ ਤੇ ਦੱਬੇ-ਕੁਚਲੇ ਵਰਗ ਦੇ ਪ੍ਰਤੀਨਿਧ ਹੋਣ ਦੇ ਨਾਤੇ ਸ਼੍ਰੀਮਤੀ ਮੁਰਮੂ ਸਿੱਖ ਕੌਮ ਦਾ ਦਰਦ ਸਮਝਣਗੇ ਅਤੇ ਢੁੱਕਵੀਂ ਕਾਰਵਾਈ ਕਰਨਗੇ। ਪੱਤਰ 'ਚ ਕਿਹਾ ਗਿਆ ਕਿ ਅਕਾਲੀ ਦਲ ਹਮੇਸ਼ਾ ਮਹਾਨ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਨੂੰ ਦਰਸਾਏ ਸਿਧਾਂਤਾਂ ‘ਤੇ ਚੱਲਦਾ ਹੈ ਤੇ ਇਸ ਦਾ ਮੰਨਣਾ ਹੈ ਕਿ ਇਨ੍ਹਾਂ ਆਦਰਸ਼ਾਂ ਤੋਂ ਹੀ ਪ੍ਰੇਰਿਤ ਹੋ ਕੇ ਪਾਰਟੀ ਨੇ ਉਨ੍ਹਾਂ ਦੀ ਹਮਾਇਤ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : Breaking News: ਵਿਜੀਲੈਂਸ ਨੇ ਚੁੱਕਿਆ ਸਾਬਕਾ ਜੰਗਲਾਤ ਮੰਤਰੀ ਗਿਲਜੀਆਂ ਦਾ ਭਤੀਜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News