ਸੁਖਬੀਰ ਪ੍ਰਧਾਨਗੀ ਬਚਾਉਣ ਲਈ ਮਾਰ ਰਹੇ ਨੇ ਅੱਕੀਂ ਪਲਾਹੀਂ ਹੱਥ: ਧਰਮਸੌਤ
Tuesday, Nov 06, 2018 - 11:02 AM (IST)

ਚੰਡੀਗੜ੍ਹ(ਕਮਲ)— ਸੁਖਬੀਰ ਸਿੰਘ ਬਾਦਲ ਵੱਲੋਂ 12ਵੀਂ ਦੇ ਇਤਿਹਾਸ ਵਿਸ਼ੇ ਦੀ ਪੁਸਤਕ ਨੂੰ ਲੈ ਕੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਦਿੱਤੇ ਗਏ ਧਰਨੇ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਆਖਿਆ ਕਿ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਧਰਨਿਆਂ ਦੀ ਡਰਾਮੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ ਪਰ ਉਸ ਦੇ ਪੱਲੇ ਕੁਝ ਨਹੀਂ ਪਵੇਗਾ। ਪਹਿਲਾਂ ਦਿੱਲੀ ਅਤੇ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਅਕਾਲੀ ਦਲ ਵੱਲੋਂ ਧਰਨਾ ਦੇ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
ਧਰਮਸੌਤ ਨੇ ਕਿਹਾ ਕਿ ਇਤਿਹਾਸ ਵਿਸ਼ੇ ਦੀ ਪੁਸਤਕ ਪੁਰਾਣੇ ਸਿਲੇਬਸ ਅਨੁਸਾਰ ਲਾਗੂ ਕਰਨ ਸਬੰਧੀ ਪਹਿਲਾਂ ਹੀ ਮਾਣਯੋਗ ਮੁੱ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਸਕੂਲਾਂ ਵਿਚ ਪੁਰਾਣੇ ਸਿਲੇਬਸ ਵਾਲੀ ਇਤਿਹਾਸ ਵਿਸ਼ੇ ਦੀ ਪੁਸਤਕ ਲਾਗੂ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਵੱਲੋਂ ਇਤਿਹਾਸ ਨੂੰ ਲੈ ਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਦੂਸਰਾ ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਸਰਕਾਰ ਸੱਤਾ ਵਿਚ ਹੈ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖਿਲਾਫ਼ ਧਰਨਾ ਦੇਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਟਕਸਾਲੀ ਅਕਾਲੀ ਆਗੂਆਂ ਵੱਲੋਂ ਸੁਖਬੀਰ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਚਣ ਲਈ ਸੁਖਬੀਰ ਧਰਨਿਆਂ ਦੀ ਡਰਾਮੇਬਾਜ਼ੀ ਕਰ ਰਿਹਾ ਹੈ।