ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ''ਚ ਕੈਪਟਨ ''ਤੇ ਵਰ੍ਹੇ ਮਜੀਠੀਆ
Tuesday, Sep 17, 2019 - 04:29 PM (IST)
ਚੰਡੀਗੜ੍ਹ : ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮੰਗਲਵਾਰ ਨੂੰ ਅਕਾਲੀ ਦਲ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਇੰਚਾਰਜਾਂ ਨਾਲ ਮੁਲਾਕਾਤ ਕੀਤੀ। ਮੀਟਿੰਗ 'ਚ ਪੰਜਾਬ 'ਚ 4 ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਦਲਜੀਤ ਚੀਮਾ ਵੀ ਮੌਜੂਦ ਹਨ।
ਮਜੀਠੀਆ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ 750 ਕਰੋੜ ਰੁਪਏ ਦੀ ਗੰਨੇ ਦੀ ਅਦਾਇਗੀ ਬਾਕੀ ਹੈ, ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਪਰ ਕੈਪਟਨ ਸਰਕਾਰ ਕਿਸੇ ਦੀ ਕੋਈ ਸੁਧ ਨਹੀਂ ਲੈ ਰਹੀ ਅਤੇ ਆਪਣੇ ਮੰਤਰੀਆਂ-ਵਿਧਾਇਕਾਂ 'ਤੇ ਖਜ਼ਾਨਾ ਖਰਚ ਕਰਨ 'ਚ ਲੱਗੀ ਹੋਈ ਹੈ। ਮਜੀਠੀਆ ਨੇ ਕਿਹਾ ਕਿ ਸੂਬੇ ਦੇ ਮੁਲਾਜ਼ਮ ਪੀ. ਐੱਫ. ਅਤੇ ਡੀ. ਏ. ਲਈ ਤਰਸ ਰਹੇ ਹਨ, ਜਦੋਂ ਕਿ ਬੇਰੋਜ਼ਗਾਰੀ ਹੱਥੋਂ ਤੰਗ ਆ ਕੇ ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਲੱਗੀ ਹੋਈ ਹੈ ਪਰ ਕੈਪਟਨ ਸਰਕਾਰ 'ਘਰ-ਘਰ ਨੌਕਰੀ' ਦਾ ਵਾਅਦਾ ਕਰਕੇ ਹੁਣ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ।