SYL ’ਤੇ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਸਵਾਲ, ਆਪਣਾ ਸਟੈਂਡ ਸਪੱਸ਼ਟ ਕਰਨ CM ਮਾਨ

Thursday, Oct 13, 2022 - 06:12 PM (IST)

SYL ’ਤੇ ਮੀਟਿੰਗ ਤੋਂ ਪਹਿਲਾਂ ਅਕਾਲੀ ਦਲ ਦਾ ਵੱਡਾ ਸਵਾਲ, ਆਪਣਾ ਸਟੈਂਡ ਸਪੱਸ਼ਟ ਕਰਨ CM ਮਾਨ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਭਲਕੇ 14 ਅਕਤੂਬਰ ਨੂੰ ਉਨ੍ਹਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਐੱਸ. ਵਾਈ. ਐੱਲ. ਬਾਰੇ ਮੀਟਿੰਗ ’ਚ ਉਨ੍ਹਾਂ ਦਾ ਕੀ ਸਟੈਂਡ ਰਹੇਗਾ। ਪਾਰਟੀ ਨੇ ਕਿਹਾ ਕਿ ਅਜਿਹਾ ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਨਗੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਪੰਜਾਬੀਆਂ ਨੂੰ ਆਪਣੇ ਸਟੈਂਡ ਬਾਰੇ ਨਹੀਂ ਦੱਸਿਆ ਤੇ ਨਾ ਹੀ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਸੱਦੀ ਹੈ, ਜਿਸ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਉਹ ਪੰਜਾਬ ਵਿਚ ਆਪਣੇ ਸਿਆਸੀ ਲਾਹੇ ਵਾਸਤੇ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨ ਲਈ ਅਰਵਿੰਦ ਕੇਜਰੀਵਾਲ ਦੇ ਦਬਾਅ ਹੇਠ ਹਨ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਤੇ ਮਨਪ੍ਰੀਤ ਮੰਨਾ ਗੈਂਗ ਦੇ 7 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਕੋਈ ਸਮਝੌਤਾ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੀਟਿੰਗ ਤੋਂ ਪਹਿਲਾਂ ਸਟੈਂਡ ਸਪੱਸ਼ਟ ਕਰ ਦੇਣ ਕਿ ਪੰਜਾਬ ਕੋਲ ਨਾ ਤਾਂ ਇਕ ਬੂੰਦ ਵਾਧੂ ਪਾਣੀ ਹੈ ਤੇ ਨਾ ਹੀ ਐੱਸ. ਵਾਈ. ਐੱਲ. ਨਹਿਰ ਦੀ ਉਸਾਰੀ ਵਾਸਤੇ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਰਾਈਪੇਰੀਅਨ ਸੂਬਾ ਹੋਣ ਕਾਰਨ ਇਸ ਦੇ ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ ਹੈ ਤੇ ਹਰਿਆਣਾ ਗੈਰ-ਰਾਈਪੇਰੀਅਨ ਸੂਬਾ ਹੈ, ਜਿਸ ਦਾ ਇਸ ਮਾਮਲੇ ’ਚ ਕੋਈ ਹੱਕ ਨਹੀਂ ਬਣਦਾ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਇਸ ਮਾਮਲੇ ’ਚ ਪੰਜਾਬ ਦੀ ਅਦਾਲਤ ’ਚ ਹਾਰ ਇਸ ਕਰ ਕੇ ਹੋਈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ ’ਤੇ ਦਬਾਅ ਪਾਇਆ ਸੀ ਕਿ ਉਹ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78 ਅਤੇ 80 ਨੂੰ ਚੁਣੌਤੀ ਦਿੰਦਿਆਂ ਦਾਇਰ ਕੀਤੀ ਸੂਬੇ ਦੀ ਪਟੀਸ਼ਨ ਲੈਣ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਫਿਰ ਪੰਜਾਬ ਨੂੰ ਅਦਾਲਤਾਂ ’ਚ ਹਾਰ ਦਾ ਮੂੰਹ ਵੇਖਣ ਨਾ ਪੈਂਦਾ। ਉਨ੍ਹਾਂ ਕਿਹਾ ਕਿ ਪੰਜਾਬ ਇਤਿਹਾਸਕ ਅਨਿਆਂ ਦਾ ਸ਼ਿਕਾਰ  ਰਿਹਾ ਹੈ। ਨਿਆਇਕ ਫੈਸਲਿਆਂ ਦੀ ਵਰਤੋਂ ਇਸ ਤੋਂ ਦਰ‌ਿਆਈ ਪਾਣੀ ਖੋਹਣ ਵਾਸਤੇ ਨਹੀਂ ਕੀਤੀ ਜਾਣੀ ਚਾਹੀਦੀ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ’ਚ ਭਾਜਪਾ ਆਗੂ ਪ੍ਰਦੀਪ ਖੁੱਲਰ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਡਾ. ਚੀਮਾ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਉਹ ਹਰਿਆਣਾ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਐੱਸ. ਵਾਈ. ਐੱਲ. ਬਾਰੇ ਆਪਣਾ ਸਟੈਂਡ ਜਨਤਕ ਕਰਨ ਕਿਉਂਕਿ ਉਨ੍ਹਾਂ ਨੇ ਆਪਣੇ ਆਕਾ ਕੇਜਰੀਵਾਲ ਅੱਗੇ ਡਟ ਕੇ ਖੜ੍ਹੇ ਹੋਣ ’ਚ ਹੈਰਾਨੀਜਨਤਕ ਕਮਜ਼ੋਰੀ ਵਿਖਾਈ ਹੈ ਤੇ ਕੇਜਰੀਵਾਲ ਪੰਜਾਬ ਦੇ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ‘ਆਪ’ ਦੇ ਕਨਵੀਨਰ ਦੇ ਸਟੈਂਡ ਦੀ ਜਨਤਕ ਤੌਰ ’ਤੇ ਪ੍ਰੋੜਤਾ ਕੀਤੀ ਹੈ ਕਿ ਹਰਿਆਣਾ ਨੁੰ ਵੀ ਪਾਣੀ ਲੈਣ ਦਾ ਹੱਕ ਹੈ ਅਤੇ ਜੇਕਰ ਇਹ ਫ਼ੈਸਲਾ ਲਿਆ ਜਾਂਦਾ ਹੈ ਤਾਂ ਉਹ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਵੇਗੀ। ਅਕਾਲੀ ਆਗੂ ਨੇ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਕੱਲ੍ਹ ਦੇ ਮੌਕੇ ਨੂੰ ਹਰਿਆਣਾ ਨੂੰ ਇਹ ਦੱਸਣ ਲਈ ਵੀ ਵਰਤਣ ਕਿ ਪੰਜਾਬ ਨੂੰ ਚੰਡੀਗੜ੍ਹ ਵਿਚ ਹਰਿਆਣਾ ਦੀ ਨਵੀਂ ਵੱਖਰੀ ਵਿਧਾਨ ਸਭਾ ਇਮਾਰਤ ਬਣਾਏ ਜਾਣ ’ਤੇ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਮਾਨ ਨੂੰ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਉਣਾ ਚਾਹੀਦਾ ਹੈ ਤੇ ਨਾਲ ਹੀ ਪ੍ਰਸ਼ਾਸਕ ਤੇ ਗ੍ਰਹਿ ਮੰਤਰੀ ਕੋਲ ਵੀ ਇਸ ਮਾਮਲੇ ’ਤੇ ਰੋਸ ਦਰਜ ਕਰਵਾਉਣਾ ਚਾਹੀਦਾ ਹੈ। 


author

Manoj

Content Editor

Related News