ਅਕਾਲੀ ਦਲ ਦੇ ਉਮੀਦਵਾਰਾਂ ਨੇ ਦਿੱਲੀ ''ਚ ਗੱਡੇ ਝੰਡੇ

04/26/2017 5:53:30 PM

ਨਵੀਂ ਦਿੱਲੀ\ਚੰਡੀਗੜ੍ਹ : ਦਿੱਲੀ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। 270 ਸੀਟਾਂ ਤੇ ਹੋਈਆਂ ਚੋਣਾਂ ''ਚ ਗਠਜੋੜ 185 ਸੀਟਾਂ ਜਿੱਤਣ ਵਿਚ ਕਾਮਯਾਬ ਰਿਹਾ ਹੈ। ਅਕਾਲੀ ਦਲ ਕੋਟੇ ''ਚੋ ਉਤਰੇ 5 ਉਮੀਦਵਾਰਾਂ ''ਚੋਂ 4 ਜਿੱਤ ਪ੍ਰਾਪਤ ਕਰਨ ''ਚ ਕਾਮਯਾਬ ਰਹੇ ਹਨ।
ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ''ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਧਰਮ ਸੁਪਤਨੀ ਬੀਬੀ ਮਨਪ੍ਰੀਤ ਕੌਰ ਕਾਲਕਾ ਅਤੇ ਅਕਾਲੀ ਆਗੂ ਰਾਜਾ ਇਕਬਾਲ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਕ੍ਰਮਵਾਰ ਪ੍ਰਤਾਪ ਨਗਰ, ਰਜਿੰਦਰ ਨਗਰ, ਕਾਲਕਾ ਜੀ ਅਤੇ ਗੁਰੂ ਤੇਗ ਬਹਾਦਰ ਨਗਰ ਵਾਰਡ ਤੋਂ ਜਿੱਤ ਪ੍ਰਾਪਤ ਕੀਤੀ ਹੈ। ਜਦਕਿ ਤਿਲਕ ਨਗਰ ਵਾਰਡ ਤੋਂ ਚੋਣ ਲੜੇ ਰਵਿੰਦਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਇਸਤੋਂ ਇਲਾਵਾ ਦਿੱਲੀ ਕਮੇਟੀ ਨਾਲ ਸੰਬੰਧਤ 2 ਹੋਰ ਮੈਂਬਰਾਂ ਦੀਆਂ ਧਰਮ ਪਤਨੀਆਂ ਨੇ ਵੀ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਈ ਸੀ ਜਿਸ ਵਿਚ ਭਾਜਪਾ ਕੋਟੇ ਤੋਂ ਕੁਲਵੰਤ ਸਿੰਘ ਬਾਠ ਦੀ ਪਤਨੀ ਗੁਰਜੀਤ ਕੌਰ ਬਾਠ ਭਜਨਪੁਰਾ ਵਾਰਡ ਤੋਂ ਭਾਜਪਾ ਉਮੀਦਵਾਰ ਦੇ ਤੌਰ ''ਤੇ 58 ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ ਹਨ ਜਦਕਿ ਕਮੇਟੀ ਦੇ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਦੀ ਧਰਮ ਪਤਨੀ ਸੁਰਿੰਦਰ ਕੌਰ ਸ਼ੰਟੀ ਕਰਮਪੁਰਾ ਵਾਰਡ ਤੋਂ ਭਾਜਪਾ ਦੇ ਬਾਗੀ ਉਮੀਦਾਵਰ ਵੱਜੋਂ ਚੋਣ ਹਾਰ ਗਏ ਹਨ।
ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਕਾਲੀ ਉਮੀਦਵਾਰਾਂ ਦੀ ਜਿੱਤ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਜਨਤਾ ਦੇ ਫਤਵੇ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਨੀਤੀਆਂ ਦੀ ਹਾਰ ਦੱਸਿਆ। ਜੀ.ਕੇ. ਨੇ ਕਿਹਾ ਕਿ ਜਨਤਾ ਨੇ ਕੇਜਰੀਵਾਲ ਦੀ ਬਹਾਨੇਬਾਜ਼ੀ ਅਤੇ ਕੂੜ ਪ੍ਰਚਾਰ ਨੂੰ ਵੋਟਾ ਨਾ ਪਾ ਕੇ ਝੂਠ ਨੂੰ ਨੰਗਾ ਕਰ ਦਿੱਤਾ ਹੈ। ਦਿੱਲੀ ਦੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਕੇਜਰੀਵਾਲ ਦਿੱਲੀ ਦਾ ਵਿਕਾਸ ਕਰਨ ਦੀ ਥਾਂ ਸਿਰਫ਼ ਬਹਾਨੇਬਾਜ਼ੀ ਦੇ ਸਹਾਰੇ ਆਪਣੇ ਸਿਆਸੀ ਮੁਫਾਦ ਨੂੰ ਪੂਰਾ ਕਰਨ ਦੀ ਜੁਗਤਿ ਵਿਚ ਬੇਲੋੜੀ ਬਿਆਨਬਾਜ਼ੀ ਕਰਨ ਦਾ ਮਾਧਿਅਮ ਬਣ ਗਿਆ ਹੈ।


Gurminder Singh

Content Editor

Related News