ਅਕਾਲੀ ਦਲ ਨੇ ਆਪਣੇ ਹੀ ਉਮਦੀਵਾਰ ਤੋਂ ਸਮਰਥਨ ਲਿਆ ਵਾਪਸ, ਜਾਣੋ ਕੀ ਕਹਿੰਦਾ ਹੈ ਕਾਨੂੰਨ

Wednesday, Jun 26, 2024 - 06:51 PM (IST)

ਜਲੰਧਰ : ਪਾਰਟੀ ਵਿਚਲੀ ਬਗਾਵਤ ਦਰਮਿਆਨ ਅਕਾਲੀ ਨੇ ਵੱਡਾ ਫ਼ੈਸਲਾ ਲੈਂਦਿਆਂ ਜਲੰਧਰ ਵੈਸਟ ਜ਼ਿਮਨੀ ਚੋਣ ਲਈ ਐਲਾਨੀ ਉਮੀਦਵਾਰ ਸੁਰਜੀਤ ਕੌਰ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਪਰ ਇਸ ਦੇ ਬਾਵਜੂਦ ਉਹ ਚੋਣ ਮੈਦਾਨ ਵਿਚ ਹਨ ਅਤੇ ਵੋਟਰ ਉਨ੍ਹਾਂ ਨੂੰ ਵੋਟਿੰਗ ਵੀ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਹੀ ਕਰਨਗੇ। ਇਸ ਦਾ ਐਲਾਨ ਚੋਣ ਕਮਿਸ਼ਨ ਵਲੋਂ ਵੀ ਕਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਵਿਚ ਸੁਰਜੀਤ ਕੌਰ ਦਾ ਨਾਮ ਵੀ ਸ਼ਾਮਲ ਹੈ, ਅਤੇ ਉਨ੍ਹਾਂ ਨੂੰ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੀ ਉਮਦੀਵਾਰ ਦੱਸਿਆ ਗਿਆ ਹੈ। ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਸੀ, ਜੇਕਰ ਇਸ ਤੋਂ ਪਹਿਲਾਂ ਅਕਾਲੀ ਦਲ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰਨ ਦੀ ਬੇਨਤੀ ਕਰਦਾ ਤਾਂ ਚੋਣ ਕਮਿਸ਼ਨ ਉਮੀਦਵਾਰ ਖ਼ਿਲਾਫ਼ ਕਾਰਵਾਈ ਕਰ ਸਕਦਾ ਸੀ ਪਰ ਅਕਾਲੀ ਦਲ ਇਸ ਮਾਮਲੇ ਵਿਚ ਬੇਹੱਦ ਲੇਟ ਹੋ ਗਿਆ ਅਤੇ ਹੁਣ ਸੁਰਜੀਤ ਕੌਰ ਅਕਾਲੀ ਦਲ ਵੱਲੋਂ ਸਮਰਥਨ ਵਾਪਸ ਲੈਣ ਦੇ ਬਾਵਜੂਦ ਚੋਣ ਨਿਸ਼ਾਨ ਤੱਕੜੀ 'ਤੇ ਹੀ ਚੋਣ ਲੜਨਗੇ।

ਦੂਜੇ ਪਾਸੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਹੁਣ 15  ਉਮੀਦਵਾਰ ਚੋਣ ਮੈਦਾਨ ਵਿਚ ਰਹਿ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਵਾਪਿਸ ਲੈਣ ਉਪਰੰਤ ਕੁੱਲ 15 ਉਮੀਦਵਾਰ ਜਿਨ੍ਹਾਂ ਵਿਚ ਰਾਜ ਕੁਮਾਰ, ਇੰਦਰਜੀਤ ਸਿੰਘ, ਵਿਸ਼ਾਲ, ਅਜੇ ਕੁਮਾਰ ਭਗਤ, ਨੀਟੂ, ਅਜੇ, ਵਰੁਣ ਕਲੇਰ, ਆਰਤੀ ਅਤੇ ਦੀਪਕ ਭਗਤ (ਸਾਰੇ ਆਜ਼ਾਦ) ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਸਪਾ ਦੇ ਬਿੰਦਰ ਕੁਮਾਰ, ਆਮ ਆਦਮੀ ਪਾਰਟੀ ਦੇ ਮਹਿੰਦਰਪਾਲ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਰਿੰਦਰ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਚੋਣ ਮੈਦਾਨ ਵਿਚ ਰਹਿ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ (ਅ.ਜ.) ਦੀ ਉਪ ਚੋਣ ਦੌਰਾਨ 10 ਜੁਲਾਈ 2024 ਨੂੰ ਵੋਟਾਂ ਪੈਣਗੀਆਂ ਤੇ ਕੁੱਲ 1,71,482 ਵੋਟਰਾਂ ਵਲੋਂ 181 ਪੋਲਿੰਗ ਬੂਥਾਂ ’ਤੇ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। 


Gurminder Singh

Content Editor

Related News