ਬਸਪਾ ਸੂਬਾ ਪ੍ਰਧਾਨ ਦੇ ਤਿੱਖੇ ਤੇਵਰ, ਟੁੱਟੇਗਾ ਅਕਾਲੀ-ਬਸਪਾ ਗਠਜੋੜ! 18 ਜਨਵਰੀ ਨੂੰ ਮਾਇਆਵਤੀ ਕਰੇਗੀ ਆਖ਼ਰੀ ਫ਼ੈਸਲਾ

Tuesday, Jan 16, 2024 - 09:58 PM (IST)

ਬਸਪਾ ਸੂਬਾ ਪ੍ਰਧਾਨ ਦੇ ਤਿੱਖੇ ਤੇਵਰ, ਟੁੱਟੇਗਾ ਅਕਾਲੀ-ਬਸਪਾ ਗਠਜੋੜ! 18 ਜਨਵਰੀ ਨੂੰ ਮਾਇਆਵਤੀ ਕਰੇਗੀ ਆਖ਼ਰੀ ਫ਼ੈਸਲਾ

ਬਲਾਚੌਰ (ਬ੍ਰਹਮਪੁਰੀ)- ਪਿਛਲੇ ਦਿਨੀਂ ਪੰਜਾਬ ਦੀ ਸਿਆਸਤ ਵਿਚ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਮੀਡੀਆ ਵਿਚ ਇਹ ਬਿਆਨ ਪ੍ਰਕਾਸ਼ਿਤ ਹੋਇਆ ਸੀ ਕਿ ਅਕਾਲੀ ਦਲ ਬਾਦਲ ਨਾਲ ਹੁਣ ਸਾਡੀ ਸਿਆਸੀ ਸਾਂਝ ਨਹੀ ਰਹੇਗੀ ਕਿਉਂਕਿ ਅਕਾਲੀ ਦਲ ਬਸਪਾ ਨੂੰ ਨਜ਼ਰ-ਅੰਦਾਜ਼ ਕਰ ਰਿਹਾ ਹੈ। ਬਸਪਾ ਪ੍ਰਧਾਨ ਨੇ ਇਹ ਵੀ ਕਿਹਾ ਸੀ ਕਿ ਅਸੀਂ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ 'ਤੇ ਬਸਪਾ ਦਾ ਉਮੀਦਵਾਰ ਹੀ ਚੋਣ ਲੜੇਗਾ ਇਨ੍ਹਾਂ ਦੋਵਾਂ ਗੱਲਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਅੰਦਰ ਸਿਅਸੀ ਕੰਬਣੀ ਛਿੜੀ ਹੋਈ ਹੈ।

ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਬਸਪਾ ਪ੍ਰਧਾਨ ਦੇ ਉਕਤ ਬਿਆਨ ਨਾਲ ਅਕਾਲੀ ਦਲ-ਬਸਪਾ ਗਠਜੋੜ 'ਤੇ ਕੋਈ ਵੀ ਫ਼ਰਕ ਨਹੀਂ ਪੈਂਦਾ। ਚੀਮਾ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਐੱਨ.ਡੀ.ਏ. ਅਤੇ ਇੰਡੀਆ ਗਠਜੋੜ ਦਾ ਕੋਈ ਹਿੱਸਾ ਨਹੀਂ ਹੈ, ਇਸ ਲਈ ਬਸਪਾ ਨਾਲ ਸਾਡੀ ਭਾਈਵਾਲੀ ਕਾਇਮ ਰਹੇਗੀ। 

ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ

ਦੂਜੇ ਪਾਸੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਾਘੀ ਮੇਲੇ 'ਤੇ ਇਹ ਬਿਆਨ ਦਿੱਤਾ ਸੀ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਪਰ ਜਦੋਂ ਉਕਤ ਬਿਆਨਬਾਜ਼ੀ ਮਾਮਲੇ ਬਾਰੇ 'ਜਗ ਬਾਣੀ' ਦੇ ਇਕ ਪ੍ਰਤੀਨਿਧ ਨੇ ਬਸਪਾ ਸੂਬਾ ਪ੍ਰਧਾਨ ਨਾਲ ਉਨ੍ਹਾਂ ਦੇ ਫੋਨ 'ਤੇ ਸੰਪਰਕ ਕਰ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਨੇ ਪਹਿਲਾਂ ਉਕਤ ਗੱਲ ਕਹੀ ਸੀ ਉਹ ਸਹੀ ਸੀ ਕਿ ਗਠਜੋੜ ਨੂੰ ਕਾਇਮ ਰੱਖਣ ਲਈ ਕਦੇ ਗਠਜੋੜ ਦੀ ਕੋਈ ਵੀ ਮੀਟਿੰਗ ਕਰਨੀ ਅਕਾਲੀ ਦਲ ਨੇ ਵਾਜਬ ਨਹੀਂ ਸਮਝੀ, ਜਦਕਿ ਸੰਗਰੂਰ ਅਤੇ ਜਲੰਧਰ ਜਿਮਨੀ ਚੋਣਾਂ ਵਿਚ ਬਸਪਾ ਨੇ ਅਕਾਲੀ ਦਲ ਦੀ ਡਟਵੀਂ ਮਦਦ ਕੀਤੀ ਸੀ।

ਜਦੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਇਹ ਪੁੱਛਿਆ ਗਿਆ ਕਿ ਤੁਹਾਡੇ ਉਕਤ ਗਠਜੋੜ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਬਾਦਲ ਪਾਰਟੀ ਦੇ ਕਿਸੇ ਆਗੂ ਨੇ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਤਾਂ ਸੂਬਾ ਪ੍ਰਧਾਨ ਨੇ ਕਿਹਾ ਕਿ ਮੇਰੇ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 12 ਜਨਵਰੀ ਅਤੇ ਫੇਰ ਡਾ. ਦਲਜੀਤ ਸਿੰਘ ਚੀਮਾ ਨੇ ਰਾਬਤਾ ਬਣਾਇਆ ਤਾਂ ਉਨ੍ਹਾਂ ਨੂੰ ਵੀ ਇਹੀ ਕਿਹਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨਾਲ ਕੋਈ ਫੋਨ ਜਾ ਰਾਬਤਾ ਬਣਾਇਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਟਾਲ ਦਿੱਤਾ, ਪਰ ਉਨ੍ਹਾਂ ਦੇ ਕਹਿਣ ਦੇ ਲਹਿਜ਼ੇ ਤੋਂ ਇਹ ਸਾਫ਼ ਹੋਇਆ ਕਿ ਸੁਖਬੀਰ ਬਾਦਲ ਨੇ ਕੋਈ ਫੋਨ ਤੱਕ ਨਾ ਕੀਤਾ। ਇਸ ਗੱਲ ਨੇ ਗਠਜੋੜ ਬਾਰੇ ਬਸਪਾ ਸੂਬਾ ਪ੍ਰਧਾਨ ਦੇ ਬਿਆਨ ਨੂੰ ਹੋਰ ਪੱਕਾ ਕਰ ਦਿੱਤਾ।

ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਮੋਦੀ ਨੂੰ ਕਿਹਾ 'ਜਾਬਰ', ਨੌਜਵਾਨਾਂ ਬਾਰੇ ਬੋਲੇ- 'ਇਹ ਤਾਂ ਅੱਧਾ ਘੰਟਾ ਵੀ ਟਿਕ ਕੇ ਨਹੀਂ ਬੈਠ ਸਕਦੇ..'

ਜਦੋਂ ਸੂਬਾ ਪ੍ਰਧਾਨ ਨੂੰ ਇਹ ਪੁੱਛਿਆ ਗਿਆ ਕਿ ਬਸਪਾ ਦੀ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਨੇ ਵੀ ਲਖਨਊ ਵਿਖੇ ਦੇਸ਼ ਵਿਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਸੀ, ਤਾਂ ਕੀ ਪੰਜਾਬ ਲਈ ਵੀ ਬਸਪਾ ਦਾ ਇਹੀ ਫ਼ੈਸਲਾ ਰਹੇਗਾ, ਤਦ ਬਸਪਾ ਸੂਬਾ ਪ੍ਰਧਾਨ ਜਸਵੀਰ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਮੁਦੇ 'ਤੇ ਵਿਸ਼ੇਸ਼ ਮੀਟਿੰਗ ਭੈਣ ਕੁਮਾਰੀ ਮਾਇਆਵਤੀ ਨੇ 18 ਜਨਵਰੀ ਨੂੰ ਦਿੱਲੀ ਵਿਖੇ ਬੁਲਾਈ ਹੈ। ਉਸ ਦਿਨ ਅਕਾਲੀ-ਬਸਪਾ ਗਠਜੋੜ ਦਾ ਫੈਸਲਾ ਹੋ ਜਾਵੇਗਾ। ਗੜ੍ਹੀ ਨੇ ਵੀ ਬਸਪਾ-ਅਕਾਲੀ ਗਠਜੋੜ ਟੁੱਟਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਸਪਾ ਮਜ਼ਬੂਤ ਸਥਿਤੀ ਵਿਚ ਹੈ ਤੇ ਬਸਪਾ ਨੂੰ ਕਿਸੇ ਹੋਰ ਪਾਰਟੀ ਦੀ ਲੋੜ ਨਹੀਂ, ਸਗੋਂ ਬਾਕੀ ਪਾਰਟੀਆਂ ਨੂੰ ਬਸਪਾ ਦੀ ਲੋੜ ਹੈ। 

ਇਸ ਲਈ ਹੀ ਇੰਡੀਆ ਗਠਜੋੜ ਜਾ ਐੱਨ.ਡੀ.ਏ. ਗਠਜੋੜ ਨੂੰ ਬਸਪਾ ਸੁਪਰੀਮੋ ਨੇ ਤਿਲਾਂਜਲੀ ਦਿਤੀ ਹੈ, ਜੋ ਇਕ ਦਰੁਸਤ ਫੈਸਲਾ ਹੈ ਤੇ ਜਿਸ ਦਾ ਸਮੁੱਚੇ ਬਸਪਾ ਪਾਰਟੀ ਵਰਕਰਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਸ਼ਟਰੀ ਪੱਧਰ 'ਤੇ ਫੈਸਲਾ ਹੋ ਚੁੱਕਿਆ ਹੈ, ਫਿਰ ਪੰਜਾਬ ਵਿਚ ਵੀ ਜੋ ਵੀ ਫੈਸਲਾ ਹੋਵੇਗਾ, ਸਾਡੀ ਸੁਪਰੀਮੋ ਸਹੀ ਕਰਨਗੇ। ਉਕਤ ਮੀਟਿੰਗ ਲਈ ਸੂਬਾ ਪ੍ਰਧਾਨ ਦਿੱਲੀ 18 ਜਨਵਰੀ ਦੀ ਮੀਟਿੰਗ ਲਈ ਰਵਾਨਾ ਹੋ ਗਏ ਹਨ। ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ਵੀ ਬਸਪਾ-ਅਕਾਲੀ ਗਠਜੋੜ ਟੁੱਟਣ ਦੀ ਉਡੀਕ ਵਿਚ ਹਨ ਕਿਉਂਕਿ ਅਕਾਲੀ ਦਲ ਬਸਪਾ ਦੇ ਸਹਿਯੋਗ ਨਾਲ ਹੀ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਜਿੱਤ ਸਕਿਆ ਸੀ। ਇੱਕ ਸੀਟ ਬਸਪਾ ਨੇ ਨਵਾਂਸ਼ਹਿਰ ਦੀ ਜਿੱਤੀ ਸੀ 
ਪਰ ਇੱਕ ਗੱਲ ਪੱਕੀ ਹੈ ਕਿ ਜੇਕਰ ਬਸਪਾ-ਅਕਾਲੀ ਗਠਜੋੜ ਹੋ ਜਾਂਦਾ ਹੈ ਤਾਂ ਬਸਪਾ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਆਪਣੇ ਖਾਤੇ ਵਿਚ ਲੈ ਕੇ ਚੋਣ ਲੜੇਗੀ।

ਬਸਪਾ ਹੁਣ ਅੱਗੇ-ਅੱਗੇ ਅਕਾਲੀ ਦਲ ਪਿੱਛੇ-ਪਿੱਛੇ ਵਾਲੀ ਸਥਿਤੀ ਪੈਦਾ ਹੋ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਸੂਬਾ ਪ੍ਰਧਾਨ ਗੜ੍ਹੀ ਬਸਪਾ ਸੁਪਰੀਮੋ ਦੇ ਬਹੁਤ ਖ਼ਾਸ ਹਨ, ਜਿਸ ਤੋਂ ਲੱਗਦਾ ਹੈ ਕਿ ਅਕਾਲੀ-ਬਸਪਾ ਗਠਜੋੜ ਟੁੱਟ ਸਕਦਾ ਹੈ ਜਾਂ ਫਿਰ ਬਸਪਾ ਦੀ ਮਰਜ਼ੀ ਲੋਕ ਸਭਾ ਉਮੀਦਵਾਰਾਂ ਦੀ ਚੋਣ ਵੇਲੇ ਹੋਵੇਗੀ। ਅਕਾਲੀ ਦਲ ਪ੍ਰਧਾਨ ਵੱਲੋਂ ਬਸਪਾ ਪ੍ਰਧਾਨ ਨੂੰ ਫੋਨ ਤੱਕ ਨਾ ਕਰਨਾ ਇਹ ਵੀ ਦਰਸਾਉਂਦਾ ਹੈ ਕਿ ਅਕਾਲੀ ਦਲ ਪੰਜਾਬ ਵਿਚ ਭਾਜਪਾ ਨਾਲ ਗਠਜੋੜ ਕਰਨ ਲਈ ਸਰਗਰਮ ਹੋਇਆ ਹੈ। ਇਸ ਲਈ ਪਾਰਟੀ ਪ੍ਰਧਾਨ ਬਾਦਲ ਨੇ ਬਸਪਾ ਪ੍ਰਧਾਨ ਦੇ ਬਿਆਨ ਕੋਈ ਅੰਦਰੂਨੀ ਤਵੱਜੋ ਨਹੀਂ ਦਿੱਤੀ। ਹੁਣ 18 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਅਕਾਲੀ-ਬਸਪਾ ਗਠਜੋੜ 'ਤੇ ਵੀ ਫ਼ੈਸਲਾ ਸਾਫ਼ ਹੋ ਜਾਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News