ਸੰਤ ਲੌਂਗੋਵਾਲ ਦੀ ਬਰਸੀ ''ਤੇ ਜ਼ਿਲਾ ਅਕਾਲੀ ਦਲ ''ਚ ਖੁੱਲ੍ਹ ਕੇ ਦੇਖਣ ਨੂੰ ਮਿਲੀ ਧੜੇਬੰਦੀ

08/23/2017 1:25:33 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਸ਼ਹੀਦ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਜ਼ਿਲਾ ਅਕਾਲੀ ਦਲ ਦੀ ਗੁੱਟਬੰਦੀ ਉਭਰ ਕੇ ਸਾਹਮਣੇ ਆ ਗਈ। ਸ਼ਹੀਦ ਲੌਂਗੋਵਾਲ ਦੀ ਬਰਸੀ 'ਚ ਹਿੱਸਾ ਲੈਣ ਲਈ ਇਥੋਂ 2 ਜਥੇ ਰਵਾਨਾ ਹੋਏ। ਇਕ ਜਥੇ ਦੀ ਅਗਵਾਈ ਹਾਲ 'ਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਬਰਨਾਲਾ ਵਿਧਾਨ ਸਭਾ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ ਵਾਲੇ ਸੁਰਿੰਦਰਪਾਲ ਸਿੰਘ ਸਿਬੀਆ ਕਰ ਰਹੇ ਸਨ। ਦੂਜੇ ਧੜੇ ਦੀ ਅਗਵਾਈ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਜ਼ਿਲੇ 'ਚ ਅਕਾਲੀ ਦਲ ਦੀ ਕਮਾਨ ਮਲਕੀਤ ਸਿੰਘ ਕੀਤੂ ਦੇ ਹੱਥ 'ਚ ਸੀ। ਉਨ੍ਹਾਂ ਦੀ ਅਗਵਾਈ ਵਿਚ ਹੀ ਜ਼ਿਲਾ ਬਰਨਾਲਾ ਤੋਂ ਲੌਂਗੋਵਾਲ ਦੀ ਬਰਸੀ 'ਚ ਹਿੱਸਾ ਲੈਣ ਲਈ ਜਥੇ ਰਵਾਨਾ ਹੁੰਦੇ ਸਨ। ਮਲਕੀਤ ਸਿੰਘ ਕੀਤੂ ਦੀ ਮੌਤ ਤੋਂ ਬਾਅਦ ਕਮਾਨ ਉਨ੍ਹਾਂ ਦੇ ਸਪੁੱਤਰ ਕੁਲਵੰਤ ਸਿੰਘ ਕੀਤੂ ਦੇ ਹੱਥ ਆ ਗਈ। ਫਿਰ ਕੁਲਵੰਤ ਸਿੰਘ ਕੀਤੂ ਦੀ ਅਗਵਾਈ 'ਚ ਸੰਤ ਲੌਂਗੋਵਾਲ ਦੀ ਬਰਸੀ ਲਈ ਜਥੇ ਰਵਾਨਾ ਹੁੰਦੇ ਸੀ ਪਰ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਲੋਂ ਬਰਨਾਲਾ ਵਿਧਾਨ ਸਭਾ ਲਈ ਕਾਂਗਰਸ ਤੋਂ ਆਏ ਸੁਰਿੰਦਰਪਾਲ ਸਿੰਘ ਸਿਬੀਆ ਨੂੰ ਅਕਾਲੀ ਦਲ ਦੀ ਟਿਕਟ ਦੇ ਦਿੱਤੀ। ਇਸ ਗੱਲ 'ਤੇ ਕੁਲਵੰਤ ਸਿੰਘ ਕੀਤੂ ਨਾਰਾਜ਼ ਹੋ ਗਏ ਸਨ। ਉਨ੍ਹਾਂ ਨੂੰ ਮਨਾਉਣ ਲਈ ਉਦੋਂ ਉਸ ਸਮੇਂ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋ.ਅ. ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਲਵੰਤ ਸਿੰਘ ਕੀਤੂ ਦੀ ਕੋਠੀ ਗਏ ਸਨ। ਉਸ ਸਮੇਂ ਕੁਲਵੰਤ ਸਿੰਘ ਕੀਤੂ ਦੇ ਵਰਕਰਾਂ ਦਾ ਭਾਰੀ ਇਕੱਠ ਸੀ। ਉਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੁਲਵੰਤ ਸਿੰਘ ਕੀਤੂ ਨੂੰ ਆਪਣਾ ਓ.ਸੀ.ਡੀ. ਲਾਇਆ ਸੀ।  ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਸਿਬੀਆ ਅਤੇ ਕੁਲਵੰਤ ਸਿੰਘ ਕੀਤੂ ਦੀ ਦੂਰੀ ਬਣੀ ਰਹੀ। ਬੀਤੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਸੀ.ਡੀ. ਬਰਾੜ ਨੇ ਬਰਨਾਲਾ ਦਾ ਦੌਰਾ ਕੀਤਾ ਸੀ ਤਾਂ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਨਵੇਂ ਢਾਂਚੇ ਦਾ ਐਲਾਨ ਕੀਤਾ ਗਿਆ ਸੀ। ਇਸ ਨਵੇਂ ਢਾਂਚੇ 'ਚ ਕੀਤੂ ਸਮਰਥਕਾਂ ਨੂੰ ਦੂਰ ਹੀ ਰੱਖਿਆ ਗਿਆ ਸੀ, ਜਿਸ ਕਾਰਨ ਕੀਤੂ ਦੇ ਸਮਰਥਕਾਂ 'ਚ ਭਾਰੀ ਰੋਸ ਫੈਲ ਗਿਆ ਸੀ। ਗੱਲ ਮੀਡੀਆ 'ਚ ਵੀ ਲੀਕ ਹੋ ਗਈ। ਆਈ.ਟੀ. ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਕੌਂਸਲਰ ਯਾਦਵਿੰਦਰ ਸਿੰਘ ਬਿੱਟੂ ਨੇ ਵੀ ਇਸ ਨਵੇਂ ਢਾਂਚੇ ਦਾ ਖੁੱਲ੍ਹੇਆਮ ਵਿਰੋਧ ਕੀਤਾ ਸੀ। 
ਮਾਮਲਾ ਮੀਡੀਆ ਵਿਚ ਆਉਣ 'ਤੇ ਅਕਾਲੀ ਦਲ ਨੇ ਇਸ ਮੁੱਦੇ 'ਤੇ ਯੂ-ਟਰਨ ਲੈ ਲਿਆ ਸੀ ਅਤੇ ਅਕਾਲੀ ਦਲ ਨਵਾਂ ਢਾਂਚਾ ਬਣਾਉਣ ਦੀ ਗੱਲ ਤੋਂ ਵੀ ਮੁਕਰ ਗਿਆ ਸੀ। ਜਿੱਥੇ ਸਿਬੀਆ ਨਾਲ ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਖੁੱਡੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਅਜੀਤ ਸਿੰਘ ਸ਼ਾਂਤ, ਪਰਮਜੀਤ ਸਿੰਘ ਮਾਨ, ਰਣਧੀਰ ਸਿੰਘ ਧੀਰਾ ਆਦਿ ਖੜ੍ਹੇ ਨਜ਼ਰ ਆਏ। 
ਉਥੇ ਕੀਤੂ ਧੜੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ, ਆਈ.ਟੀ. ਵਿੰਗ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ, ਨਗਰ ਕੌਂਸਲਰ ਤੇਜਿੰਦਰ ਸਿੰਘ ਸੋਨੀ ਯਾਗਲ, ਪ੍ਰਿਤਪਾਲ ਸਿੰਘ ਛੀਨੀਵਾਲ, ਕੌਂਸਲਰ ਅੰਮ੍ਰਿਤਪਾਲ ਸਿੰਘ ਲਾਲੀ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬੀਰਇੰਦਰ ਸਿੰਘ ਬੀਰੀ ਜ਼ੈਲਦਾਰ, ਸ਼੍ਰੋ. ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਨਿਰਮਲ ਸਿੰਘ ਖੁੱਡੀ, ਕੌਂਸਲਰ ਧਰਮ ਸਿੰਘ ਫੌਜੀ, ਗੁਰਪ੍ਰੀਤ ਸਿੰਘ ਜਟਾਣਾ ਅਤੇ ਪਿੰਡਾਂ ਦੇ ਸਰਪੰਚ ਅਤੇ ਪੰਚ ਖੜ੍ਹੇ ਨਜ਼ਰ ਆਏ। ਅਕਾਲੀ ਦਲ ਦੀ ਇਹ ਧੜੇਬੰਦੀ ਜ਼ਿਲਾ ਅਕਾਲੀ ਦਲ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਅਕਾਲੀ ਦਲ ਲਗਾਤਾਰ ਤਿੰਨ ਵਾਰ ਬਰਨਾਲਾ ਵਿਧਾਨ ਸਭਾ ਦੀ ਸੀਟ ਹਾਰ ਚੁੱਕਾ ਹੈ ਅਤੇ ਲਗਾਤਾਰ ਦੋ ਵਾਰ ਜ਼ਿਲੇ ਦੀਆਂ ਤਿੰਨੇ ਸੀਟਾਂ 'ਤੇ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਜੇਕਰ ਅਕਾਲੀ ਦਲ ਦੇ ਹਾਈਕਮਾਂਡ ਨੇ ਸਮੇਂ ਸਿਰ ਇਸ ਧੜੇਬੰਦੀ 'ਤੇ ਕਾਬੂ ਨਾ ਪਾਇਆ ਤਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਅਤੇ ਸਰਪੰਚੀ ਦੀਆਂ ਚੋਣਾਂ 'ਚ ਅਕਾਲੀ ਦਲ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।  
ਕੀ ਕਹਿਣੈ ਕੁਲਵੰਤ ਸਿੰਘ ਕੀਤੂ ਦਾ : ਇਸ ਸਬੰਧੀ ਜਦੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ. ਕੁਲਵੰਤ ਸਿੰਘ ਕੀਤੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਧੜੇਬੰਦੀ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਹੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ। ਸਾਡਾ ਇਕੋ-ਇਕ ਮਕਸਦ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ। 
ਕੀ ਕਹਿੰਦੇ ਹਨ ਸੁਰਿੰਦਰਪਾਲ ਸਿੰਘ ਸਿਬੀਆ : ਜਦੋਂ ਇਸ ਸਬੰਧੀ ਅਕਾਲੀ ਦਲ ਦੇ ਆਗੂ ਸੁਰਿੰਦਰਪਾਲ ਸਿੰਘ ਸਿਬੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਕੋਈ ਧੜੇਬੰਦੀ ਨਹੀਂ ਹੈ। ਪਾਰਟੀ ਇਕਜੁੱਟ ਹੈ। ਰਹੀ ਗੱਲ ਲੌਂਗੋਵਾਲ ਦੀ ਬਰਸੀ 'ਤੇ ਜਾਣ ਦੀ ਉਸ ਜਗ੍ਹਾ 'ਤੇ ਕੋਈ ਵੀ ਜਾ ਸਕਦਾ ਹੈ। 


Related News