ਸਮਰਾਲਾ ਤੋਂ ਇਸ ਸਾਬਕਾ ਵਿਧਾਇਕ ਨੂੰ ਚੋਣ ਮੈਦਾਨ ''ਚ ਉਤਾਰ ਸਕਦੈ ''ਅਕਾਲੀ ਦਲ''
Tuesday, Mar 16, 2021 - 03:56 PM (IST)
ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਵਰਕਿੰਗ ਕਮੇਟੀ ਦੇ ਮੈਂਬਰਾਂ ਦੀ ਐਲਾਨੀ ਗਈ ਸੂਚੀ ਵਿਚ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਵੀ ਅਹੁਦਾ ਦੇ ਕੇ ਮਾਣ ਬਖ਼ਸ਼ਿਆ ਗਿਆ ਹੈ। ਇਸ ਕਾਰਨ ਹੁਣ ਹਲਕੇ ’ਚ ਚਰਚਾ ਛਿੜ ਪਈ ਹੈ ਕਿ ਹਾਈਕਮਾਂਡ ਵੱਲੋਂ ਇਹ ਅਹੁਦਾ ਦੇ ਕੇ ਉਨ੍ਹਾਂ ਨੂੰ ਹਲਕਾ ਸਮਰਾਲਾ ਤੋਂ ਚੋਣ ਲੜਾਉਣ ਦੇ ਸੰਕੇਤ ਤਾਂ ਨਹੀਂ? ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਸਾਲ 2007 ਵਿਚ ਅਕਾਲੀ ਦਲ ਵੱਲੋਂ ਵਿਧਾਇਕ ਚੁਣੇ ਗਏ ਸਨ ਅਤੇ ਭਾਰੀ ਬਹੁਮਤ ਨਾਲ ਜਿੱਤੇ ਸਨ। 2012 ’ਚ ਉਨ੍ਹਾਂ ਦੇ ਪਿਤਾ ਸਵ. ਜੱਥੇ. ਕ੍ਰਿਪਾਲ ਸਿੰਘ ਖੀਰਨੀਆਂ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਪਰ ਉਹ ਚੋਣ ਹਾਰ ਗਏ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਹਲਕਾ ਸਮਰਾਲਾ ਤੋਂ ਅਕਾਲੀ ਦਲ ਦੇ ਸਭ ਤੋਂ ਮਜ਼ਬੂਤ ਉਮੀਦਵਾਰ ਮੰਨੇ ਜਾਂਦੇ ਸਨ ਪਰ ਉਸ ਸਮੇਂ ਅਕਾਲੀ ਹਾਈਕਮਾਂਡ ਨੇ ਇੱਥੋਂ ਜੱਥੇ. ਸੰਤਾ ਸਿੰਘ ਉਮੈਦਪੁਰ ਨੂੰ ਟਿਕਟ ਦਿੱਤੀ। ਉਹ ਉਸ ਸਮੇਂ ਕਾਂਗਰਸ ਅਤੇ ਆਪ ਦੇ ਤਿਕੋਣੇ ਮੁਕਾਬਲੇ ’ਚ ਜਿੱਤ ਨਾ ਸਕੇ।
ਇਹ ਵੀ ਪੜ੍ਹੋ : ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ
ਟਿਕਟ ਨਾ ਮਿਲਣ ਦੇ ਬਾਵਜੂਦ ਵੀ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵਫ਼ਾਦਾਰੀ ਨਿਭਾਈ ਕਿਉਂਕਿ ਉਨ੍ਹਾਂ ਦੇ ਪਿਤਾ ਸਵ. ਕ੍ਰਿਪਾਲ ਸਿੰਘ ਖੀਰਨੀਆਂ ਅਕਾਲੀ ਦਲ ਦੇ ਟਕਸਾਲੀ ਵਰਕਰ ਤੇ ਵਫ਼ਾਦਾਰ ਸਿਪਾਹੀ ਵੱਜੋਂ ਜਾਣੇ ਜਾਂਦੇ ਸਨ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਗਲਆਰਿਆਂ ਵਿਚ ਇਹ ਚਰਚਾ ਜ਼ੋਰਾਂ ’ਤੇ ਸੀ ਕਿ ਹਲਕਾ ਸਮਰਾਲਾ ’ਚ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਵਾਰ ਟੱਕਰ ਦੇ ਸਕਦਾ ਹੈ ਤਾਂ ਉਹ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਹੈ ਕਿਉਂਕਿ ਜਿੱਥੇ ਹਲਕੇ ’ਚ ਉਨ੍ਹਾਂ ਦਾ ਆਪਣਾ ਆਧਾਰ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਵੀ ਉਨ੍ਹਾਂ ਨੂੰ ਇੱਥੋਂ ਆਪਣਾ ਸਭ ਤੋਂ ਮਜ਼ਬੂਤ ਉਮੀਦਵਾਰ ਮੰਨਦੇ ਹਨ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸਾਲ 2017 ’ਚ ਪਾਰਟੀ ਦੀ ਹਾਰ ਤੋਂ ਬਾਅਦ ਹੌਂਸਲਾ ਨਹੀਂ ਛੱਡਿਆ ਅਤੇ ਪਿਛਲੇ 4 ਸਾਲਾਂ ਤੋਂ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਤੋਂ ਇਲਾਵਾ ਪਾਰਟੀ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੇ ਦਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਦੀ ਲੋਕਪ੍ਰਿਯਤਾ ਹਲਕੇ ’ਚ ਵੱਧਦੀ ਹੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਮੁੜ ਬੰਦ ਹੋ ਸਕਦੇ ਨੇ 'ਚੋਣਵੇਂ ਆਪਰੇਸ਼ਨ'
ਬੇਸ਼ੱਕ ਹਲਕਾ ਸਮਰਾਲਾ ’ਚ ਕਾਂਗਰਸ ਪਾਰਟੀ ਦਾ ਵੀ ਮਜਬੂਤ ਆਧਾਰ ਹੈ ਅਤੇ ਇੱਥੋਂ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਨੂੰ ਚੋਣਾਂ ’ਚ ਮਾਤ ਦੇਣੀ ਬਹੁਤ ਔਖੀ ਹੈ ਕਿਉਂਕਿ ਅਕਾਲੀ ਦਲ ਦੀ ਧੜੇਬੰਦੀ ਅਤੇ ਵਿਧਾਇਕ ਢਿੱਲੋਂ ਦਾ ਲੋਕਾਂ ’ਚ ਮਜ਼ਬੂਤ ਆਧਾਰ ਦਾ ਕਾਂਗਰਸ ਨੂੰ ਬਹੁਤ ਵੱਡਾ ਲਾਭ ਮਿਲਦਾ ਹੈ। ਜੇਕਰ ਅਗਲੇ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਇੱਥੇ ਧੜੇਬੰਦੀ ਖ਼ਤਮ ਕਰਕੇ ਪਾਰਟੀ ਵਰਕਰਾਂ ਦੀ ਸੋਚ ਤੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਮਜਬੂਤ ਉਮੀਦਵਾਰ ਉਤਾਰੇ ਤਾਂ ਖੀਰਨੀਆਂ ਨੂੰ ਕਾਂਗਰਸ ਨੂੰ ਸਖ਼ਤ ਟੱਕਰ ਦੇਣ ਦੇ ਸਮਰੱਥ ਮੰਨਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵਲੋਂ ਅੱਜ ਜਗਜੀਵਨ ਸਿੰਘ ਖੀਰਨੀਆਂ ਨੂੰ ਪਾਰਟੀ ਦੀ ਵਰਕਿੰਗ ਕਮੇਟੀ ’ਚ ਅਹੁਦਾ ਮਿਲਣ ’ਤੇ ਹਲਕਾ ਸਮਰਾਲਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਹ ਸੰਕੇਤ ਮਿਲ ਰਿਹਾ ਹੈ ਕਿ ਮੁੜ 2022 ਦੀਆਂ ਚੋਣਾਂ ’ਚ ਕਾਂਗਰਸ ਨੂੰ ਟੱਕਰ ਦੇਣ ਲਈ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਹੈ ਪਰ ਫਿਲਹਾਲ ਭਵਿੱਖ ਦੀ ਬੁੱਕਲ ਵਿਚ ਇਹ ਲੁਕਿਆ ਹੋਇਆ ਹੈ ਕਿ ਅਕਾਲੀ ਦਲ ਦਾ ਵਿਧਾਨ ਸਭਾ ਚੋਣਾਂ ’ਚ ਹਲਕਾ ਸਮਰਾਲਾ ਤੋਂ ਕਮਾਂਡਰ ਕੌਣ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : 'CM ਖੱਟੜ' ਦੇ ਘਿਰਾਓ ਮਾਮਲੇ 'ਚ 9 ਅਕਾਲੀ ਵਿਧਾਇਕਾਂ ਖ਼ਿਲਾਫ਼ FIR ਦਰਜ
ਸਾਬਕਾ ਵਿਧਾਇਕ ਖੀਰਨੀਆਂ ਦੀ ਇਸ ਨਿਯੁਕਤੀ ’ਤੇ ਸਰਕਲ ਜਥੇ. ਕੁਲਦੀਪ ਸਿੰਘ ਜਾਤੀਵਾਲ, ਜਥੇ. ਹਰਜੀਤ ਸਿੰਘ ਸ਼ੇਰੀਆਂ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਹਰਜਿੰਦਰ ਕੌਰ ਬਾਜਵਾ, ਅਕਾਲੀ ਆਗੂ ਹਰਜਤਿੰਦਰ ਸਿੰਘ ਪਵਾਤ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਨੰਬਰਦਾਰ ਅਰੁਣ ਲੂਥਰਾ, ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਸ਼ਿਵ ਕੁਮਾਰ ਸ਼ਿਵਲੀ, ਕਰਮਜੀਤ ਸਿੰਘ ਗਰੇਵਾਲ, ਮਨੀ ਗਰੇਵਾਲ, ਉਪਜਿੰਦਰ ਸਿੰਘ ਔਜਲਾ, ਠੇਕੇਦਾਰ ਰਾਜਵੀਰ ਸਿੰਘ ਖੁਰਾਣਾ, ਚਰਨਜੀਤ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਪੋਲਾ, ਸਿਮਰਨਜੀਤ ਸਿੰਘ ਗੋਗੀਆ, ਭੁਪਿੰਦਰ ਸਿੰਘ ਕਾਹਲੋਂ ਨੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਈਮਾਨਦਾਰ ਤੇ ਸੂਝਵਾਨ ਆਗੂ ਨੂੰ ਇਹ ਮਾਣ ਬਖ਼ਸ਼ਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ