ਨਕਲੀ ਟਕਸਾਲੀਆਂ ਨੇ ''ਸਫ਼ਰ-ਏ-ਕਾਂਗਰਸ'' ਮਿਸ਼ਨ ਸ਼ੁਰੂ ਕੀਤਾ : ਅਕਾਲੀ ਦਲ

Monday, Jan 20, 2020 - 10:35 AM (IST)

ਨਕਲੀ ਟਕਸਾਲੀਆਂ ਨੇ ''ਸਫ਼ਰ-ਏ-ਕਾਂਗਰਸ'' ਮਿਸ਼ਨ ਸ਼ੁਰੂ ਕੀਤਾ : ਅਕਾਲੀ ਦਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਨਕਲੀ ਟਕਸਾਲੀਆਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਗਰਮਖ਼ਿਆਲੀ ਭਾਈਵਾਲਾਂ ਨਾਲ ਹੱਥ ਮਿਲਾ ਕੇ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਪੰਥ ਦੀ ਸੱਜੀ ਬਾਂਹ ਅਕਾਲੀ ਦਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਆਪਣੀ ਨਿਤਾਣੀ ਕੋਸ਼ਿਸ਼ ਤਹਿਤ ਸਫ਼ਰ-ਏ-ਕਾਂਗਰਸ ਮਿਸ਼ਨ ਸ਼ੁਰੂ ਕਰ ਦਿੱਤਾ ਹੈ। ਇਥੇ ਇਕ ਪ੍ਰੈੱਸ ਬਿਆਨ ਦੌਰਾਨ ਸੰਸਦ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਅਤੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜੱਥੇ. ਤੋਤਾ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਸਿਧਾਂਤਾਂ ਨਾਲ ਵਿਸ਼ਵਾਸਘਾਤ ਕਰ ਕੇ ਕਾਂਗਰਸ ਦੇ ਇਸ਼ਾਰਿਆਂ 'ਤੇ ਨੱਚਣ ਵਾਲੇ ਕੁੱਝ ਮੌਕਾਪ੍ਰਸਤਾਂ ਦਾ ਗਰੁੱਪ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ, ਜਿਨ੍ਹਾਂ ਨੂੰ ਅਕਾਲੀ ਦਲ ਦੇ 47 ਲੱਖ ਮਜ਼ਬੂਤ ਮੈਂਬਰਾਂ ਵਲੋਂ ਲੋਕਤੰਤਰੀ ਢੰਗ ਨਾਲ ਚੁਣਿਆ ਗਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਰਾਸ਼ਟਰੀ ਰਾਜਧਾਨੀ ਅੰਦਰ 400 ਸੀਟਾਂ ਵਾਲੇ ਆਡੀਟੋਰੀਅਮ 'ਚ ਇਕੱਠੇ ਹੋਏ ਮੁੱਠੀ ਭਰ ਪੰਥ ਦੇ ਗੱਦਾਰਾਂ ਵਲੋਂ ਲੋਕਾਂ ਦੇ ਹੱਕਾਂ ਲਈ ਕੋਈ 'ਸਫ਼ਰ' ਸ਼ੁਰੂ ਨਹੀਂ ਕੀਤਾ ਜਾ ਸਕਦਾ, ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਬਹੁਤੀ ਘਟੀਆ ਹਰਕਤ ਹੈ ਕਿ ਅਖੌਤੀ ਟਕਸਾਲੀਆਂ ਨੇ ਕਾਂਗਰਸ ਦੇ ਪਿਆਦਿਆਂ ਨਾਲ ਸਟੇਜ ਸਾਂਝੀ ਕਰ ਕੇ ਅਕਾਲੀ ਵਿਚਾਰਧਾਰਾ ਦਾ ਅਪਮਾਨ ਕੀਤਾ ਹੈ।
ਪ੍ਰੋ. ਚੰਦੂਮਾਜਰਾ ਅਤੇ ਜਥੇਦਾਰ ਤੋਤਾ ਸਿੰਘ ਨੇ ਸਾਰੇ ਟਕਸਾਲੀਆਂ ਨੂੰ ਅਕਾਲੀ ਦਲ ਪ੍ਰਧਾਨ 'ਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਅਕਾਲੀ ਦਲ ਨੇ ਪਿਛਲੇ 20 ਸਾਲਾਂ ਦੌਰਾਨ 15 ਸਾਲ ਸਰਕਾਰ ਬਣਾ ਕੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਜਿੱਤਾਂ 'ਚ ਸੁਖਬੀਰ ਬਾਦਲ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਰਕਰਾਂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਵਲੋਂ 2012 'ਚ ਪਾਰਟੀ ਨੂੰ ਦੁਬਾਰਾ ਸੱਤਾ ਵਿਚ ਲਿਆਉਣ ਦਾ ਸਿਹਰਾ ਦਿੱਤਾ ਜਾ ਚੁੱਕਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਇਨ੍ਹਾਂ ਅਖੌਤੀ ਟਕਸਾਲੀਆਂ ਦੀ ਪਿੱਠ 'ਤੇ ਖੜ੍ਹੀ ਹੈ, ਬਲਵਿੰਦਰ ਸਿੰਘ ਭੂੰਦੜ, ਨਰੇਸ਼ ਗੁਜਰਾਲ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਵਿਚ ਜਦੋਂ ਵੀ ਕਾਂਗਰਸ 'ਤੇ ਕੋਈ ਬਿਪਤਾ ਆਉਂਦੀ ਹੈ ਅਤੇ ਇਸ ਨੂੰ ਨਮੋਸ਼ੀਜਨਕ ਹਾਰ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਹੈ, ਜਿਵੇਂ ਕਿ ਹੁਣ ਆ ਰਹੀ ਹੈ ਤਾਂ ਇਹ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਟਕਸਾਲੀਆਂ ਵਰਗੇ ਨਰਾਜ਼ ਆਗੂਆਂ ਦਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਟਿੱਪਣੀ ਕਰਦਿਆਂ ਕਿ ਪੰਥ ਅਤੇ ਪੰਥਕ ਸਿਧਾਂਤਾਂ ਨਾਲ ਧਰੋਹ ਵਾਲਾ ਅਜਿਹਾ ਘਿਨੌਣਾ ਮਿਸ਼ਨ ਕਦੇ ਕਾਮਯਾਬ ਨਹੀਂ ਹੋਵੇਗਾ।


author

Babita

Content Editor

Related News