ਵਿੱਤੀ ਸੰਕਟ ''ਚ ਘਿਰੇ ਅਕਾਲੀ ਦਲ ਨੇ ਮੰਗੇ ਫੰਡ

Thursday, Mar 14, 2019 - 12:48 PM (IST)

ਵਿੱਤੀ ਸੰਕਟ ''ਚ ਘਿਰੇ ਅਕਾਲੀ ਦਲ ਨੇ ਮੰਗੇ ਫੰਡ

ਚੰਡੀਗੜ੍ਹ : ਪੰਜਾਬ 'ਚ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਪਹਿਲੀ ਵਾਰ ਵਿੱਤੀ ਘਾਟਾ ਪਿਆ ਹੈ। ਇਸੇ ਲਈ ਪਾਰਟੀ ਨੇ ਆਉਣ ਵਾਲੀ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਫੰਡ ਅਤੇ ਪਾਰਟੀ ਦੀਆਂ ਗਤੀਵਿਧੀਆਂ ਚਲਾਉਣ ਲਈ ਸੀਨੀਅਰ ਅਕਾਲੀ ਨੇਤਾਵਾਂ ਨੂੰ ਫੰਡ ਦੇਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਡਾ. ਦਲਜੀਤ ਚੀਮਾ ਨੇ ਵਹੀ ਖਾਤਾ ਪੇਸ਼ ਕਰਦਿਆਂ ਇਕ ਕਰੋੜ ਰੁਪਏ ਤੋਂ ਵੱਧ ਦਾ ਘਾਟਾ ਦੱਸਿਆ ਹੈ। ਇਕ ਸੀਨੀਅਰ ਨੇਤਾ ਮੁਤਾਬਕ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਜ਼ਿਲਾ ਜੱਥੇਦਾਰਾਂ ਵਲੋਂ ਇਕ-ਇਕ ਲੱਖ ਰੁਪਏ ਦਾ ਚੰਦਾ ਪਾਰਟੀ ਨੂੰ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਹਰੇਕ ਜਨਰਲ ਸਕੱਤਰ, ਮੀਤ ਪ੍ਰਧਾਨ ਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਵਲੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਵਰਕਿੰਗ ਕਮੇਟੀ ਮੈਂਬਰ 21 ਹਜ਼ਾਰ ਰੁਪਏ ਦਾ ਯੋਗਦਾਨ ਪਾਵੇਗਾ ਤੇ ਜਨਰਲ ਕੌਂਸਲ ਦੇ ਹਰ ਇਕ ਮੈਂਬਰ ਨੂੰ 5 ਹਜ਼ਾਰ ਰੁਪਏ ਦੇਣ ਲਈ ਕਿਹਾ ਗਿਆ ਹੈ। ਪਾਰਟੀ ਵਲੋਂ ਪਹਿਲੀ ਅਪ੍ਰੈਲ ਤੋਂ ਮੈਂਬਰਸ਼ਿਪ ਦੀ ਭਰਤੀ ਵੀ ਸ਼ੁਰੂ ਕੀਤੀ ਜਾਵੇਗੀ ਤੇ ਮੈਂਬਰਸ਼ਿਪ ਰਾਹੀਂ ਵੀ ਫੰਡ ਉਪਲੱਬਧ ਹੋਵੇਗਾ।


author

Babita

Content Editor

Related News