ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਹਮਲਾ, ਚੱਲੀਆਂ ਗੋਲ਼ੀਆਂ
Wednesday, Nov 10, 2021 - 06:29 PM (IST)

ਫ਼ਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਅੱਜ ਅਕਾਲੀ ਦਲ ਦੇ ਉਮੀਦਾਵਰ ਵਰਦੇਵ ਸਿੰਘ ਨੋਨੀ ਮਾਨ ’ਤੇ ਕੁੱਝ ਲੋਕਾਂ ਵਲੋਂ ਹਮਲਾ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ ਅਤੇ ਜਿਵੇਂ ਹੀ ਅੰਧ ਵਿਦਿਆਲਿਆ ਵਿਚ ਚੱਲ ਰਿਹਾ ਪ੍ਰੋਗਰਾਮ ਸਮਾਪਤ ਹੋਇਆ ਤਾਂ ਹਰਸਿਮਰਤ ਕੌਰ ਬਾਦਲ ਦੀ ਗੱਡੀ ਦੇ ਪਿੱਛੇ-ਪਿੱਛੇ ਦੂਜੇ ਅਕਾਲੀ ਆਗੂਆਂ ਦੀਆਂ ਗੱਡੀਆਂ ਦਾ ਕਾਫ਼ਲਾ ਵੀ ਚੱਲ ਪਿਆ ਅਤੇ ਸਾਰੀਆਂ ਗੱਡੀਆਂ ਦੇ ਪਿੱਛੇ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਅਤੇ ਮਰਹੂਮ ਸਾਂਸਦ ਸਰਦਾਰ ਜ਼ੋਰਾ ਸਿੰਘ ਮਾਨ ਦੇ ਬੇਟੇ ਵਰਦੇਵ ਸਿੰਘ ਨੋਨੀ ਮਾਨ ਦੀ ਗੱਡੀ ’ਤੇ ਹਥਿਆਰਬੰਦ ਲੋਕਾਂ ਨੇ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲਾਵਰਾਂ ਵਲੋਂ ਗੋਲ਼ੀਆਂ ਵੀ ਚਲਾਈਆਂ ਗਈਆਂ। ਇਸ ਦੌਰਾਨ ਨੋਨੀ ਮਾਨ ਵਾਲ-ਵਾਲ ਬਚ ਗਏ ਅਤੇ ਹਮਲਾਵਰਾਂ ਨੇ ਉਨ੍ਹਾਂ ਗੰਨਮੈਨਾਂ ਨਾਲ ਵੀ ਮਾਰਕੁੱਟ ਕੀਤੀ ਅਤੇ ਉਨ੍ਹਾਂ ਦੀ ਵਰਦੀ ਪਾੜ ਦਿੱਤੀ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਵਿਧਾਇਕ ਰੁਪਿੰਦਰ ਕੌਰ ਰੂਬੀ ਕਾਂਗਰਸ ’ਚ ਸ਼ਾਮਲ
ਹਮਲਾਵਰਾਂ ਵਲੋਂ ਉਨ੍ਹਾਂ ਦੀ ਗੱਡੀ ਵੀ ਤੋੜ ਦਿੱਤੀ ਗਈ। ਇਹ ਦੋਸ਼ ਲਗਾਉਂਦੇ ਹੋਏ ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਉਹ ਗੰਨਮੈਨਾਂ ਦੇ ਬਚਾਅ ਲਈ ਕਾਰ ਤੋਂ ਬਾਹਰ ਨਿਕਲੇ ਅਤੇ ਬਚਾਅ ਲਈ ਗੋਲ਼ੀ ਚਲਾਈ ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਮਾਰ ਕੁੱਟ ਕੀਤੀ। ਉਨ੍ਹਾਂ ਵਲੋਂ ਉਨ੍ਹਾਂ ਦੇ ਹਥਿਆਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮਾਡਲ ਟਾਊਨ ਫਿਰੋਜ਼ਪੁਰ ਸ਼ਹਿਰ ਵਿਚ ਲੰਚ ਕਰਨ ਪਹੁੰਚੀ ਹਰਸਿਮਰਤ ਕੌਰ ਬਾਦਲ ਐੱਸ. ਐੱਸ. ਪੀ. ਦਫ਼ਤਰ ਫਿਰੋਜ਼ਪੁਰ ਵਿਚ ਪਹੁੰਚ ਗਈ ਅਤੇ ਉਨ੍ਹਾਂ ਨੇ ਮੰਗ ਕੀਤੀ ਇਹ ਜਾਨਲੇਵਾ ਹਮਲਾ ਕਰਨ ਵਾਲੇ ਅਤੇ ਪੁਲਸ ਕਰਮਚਾਰੀਆਂ ਦੀਆਂ ਵਰਦੀਆਂ ਪਾੜਨ ਵਾਲਿਆਂ ’ਤੇ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ : ਏ. ਜੀ. ਮਾਮਲੇ ’ਤੇ ਘਿਰੀ ਚੰਨੀ ਸਰਕਾਰ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?