ਅਕਾਲੀ ਦਲ ''ਚ ਸੰਨ੍ਹ ਲਾਉਣ ਦੀ ਤਿਆਰੀ ਵਿਚ ਟਕਸਾਲੀ, ਲੱਗੀਆਂ ਡਿਊਟੀਆਂ
Saturday, Jan 18, 2020 - 06:41 PM (IST)
ਜਲੰਧਰ (ਬੁਲੰਦ) : ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਪੰਜਾਬ ਵਿਚ ਦਿਨ-ਬ-ਦਿਨ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਢੀਂਡਸਾ ਵਲੋਂ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਪੰਜਾਬ ਵਿਚ ਅਜਿਹੇ ਅਨੇਕਾਂ ਨਾਂ ਸਾਹਮਣੇ ਆ ਰਹੇ ਹਨ ਜੋ ਅਕਾਲੀ ਦਲ ਵਿਚ ਰਹਿ ਕੇ ਘੁਟਣ ਮਹਿਸੂਸ ਕਰ ਰਹੇ ਹਨ ਅਤੇ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਉਹ ਸਾਰੇ ਅਕਾਲੀ ਦਲ ਦੇ ਕਿਸੇ ਮਜ਼ਬੂਤ ਬਦਲ ਵਲ ਸ਼ਿਫਟ ਹੋ ਸਕਦੇ ਹਨ। ਪਾਰਟੀ ਦੇ ਜਾਣਕਾਰ ਸੂਤਰਾਂ ਦੀ ਮੰਨੀਏ ਤਾਂ ਇਸ ਸਮੇਂ ਪਾਰਟੀ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਮੁਕਾਬਲੇ ਹਰਸਿਮਰਤ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਜ਼ਿਆਦਾ ਚੱਲਦੀ ਹੈ, ਜਿਸ ਨਾਲ ਨਾ ਸਿਰਫ ਉਹ ਆਗੂ ਦੁਖੀ ਹਨ ਜੋ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕਈ ਦਹਾਕਿਆਂ ਤੋਂ ਬਿਨਾਂ ਕਿਸੇ ਵਿਰੋਧ ਦੇ ਚਲਦੇ ਰਹੇ ਹਨ, ਸਗੋਂ ਉਹ ਵੀ ਦੁਖੀ ਹਨ ਜੋ ਸੁਖਬੀਰ ਦੇ ਕਰੀਬੀ ਮੰਨੇ ਜਾਂਦੇ ਹਨ।
ਜ਼ਿਲਾ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ 'ਚ ਸੰਨ੍ਹ ਲਾਉਣ ਦੀ ਤਿਆਰੀ ਵਿਚ ਟਕਸਾਲੀ
ਜਾਣਕਾਰਾਂ ਅਨੁਸਾਰ ਵੱਡੇ ਆਗੂਆਂ ਨੂੰ ਤਾਂ ਦੂਜੀਆਂ ਪਾਰਟੀਆਂ ਨਾਲੋਂ ਤੋੜ ਕੇ ਆਪਣੇ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਸਾਰੇ ਕਰਦੇ ਹਨ ਪਰ ਟਕਸਾਲੀ ਅਕਾਲੀ ਦਲ ਵਲੋਂ ਜ਼ਿਲਾ ਪੱਧਰ ਦੇ ਛੋਟੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਕੇ ਟਕਸਾਲੀ ਅਕਾਲੀ ਦਲ ਨਾਲ ਜੋੜਨ ਲਈ ਖਾਸ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਲਈ ਉਨ੍ਹਾਂ ਆਗੂਆਂ ਦੀ ਡਿਊਟੀ ਲਾਈ ਗਈ ਹੈ ਜੋ ਕਿ ਟਕਸਾਲੀ ਅਕਾਲੀ ਦਲ ਦੇ ਆਗੂਆਂ ਨਾਲ ਦਹਾਕਿਆਂ ਤੱਕ ਜੁੜ ਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਦੇ ਰਹੇ ਹਨ। ਅਜਿਹੇ ਆਗੂਆਂ ਨੇ ਜ਼ਮੀਨੀ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਆਗੂਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਸ਼੍ਰੋਮਣੀ ਅਕਾਲੀ ਦਲ ਦੇ ਇਮਤਿਹਾਨ ਦੀਆਂ ਘੜੀਆਂ ਸਖ਼ਤ ਹੋਣੀਆਂ ਤੈਅ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਹ ਸਵਾਲ ਭਖਦਾ ਜਾ ਰਿਹਾ ਹੈ ਕਿ ਆਖਿਰ ਕੌਣ ਹੈ ਜੋ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਿਚ ਲੱਗਾ ਹੈ।
ਟਕਸਾਲੀ ਅਕਾਲੀ ਦਲ ਨੂੰ ਕੇਂਦਰ ਦਾ ਸਹਿਯੋਗ
ਇਸ ਗੱਲ ਨੂੰ ਕੌਣ ਨਹੀਂ ਜਾਣਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਖਦੇਵ ਸਿੰਘ ਢੀਂਡਸਾ ਨਾਲ ਸਬੰਧ ਕਿੰਨੇ ਕਰੀਬੀ ਹਨ। ਅਜਿਹੇ ਵਿਚ ਸੁਖਦੇਵ ਢੀਂਡਸਾ ਦਾ ਅਕਾਲੀ ਦਲ ਤੋਂ ਵੱਖ ਹੋਣਾ ਅਤੇ ਖੁੱਲ੍ਹ ਕੇ ਅਕਾਲੀ ਦਲ ਦਾ ਵਿਰੋਧ ਕਰਨਾ ਅਤੇ ਬਾਅਦ ਵਿਚ ਆਪਣੇ ਬੇਟੇ ਨੂੰ ਜੋ ਕਿ ਅਕਾਲੀ ਦਲ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਰਹੇ ਹਨ, ਉਨ੍ਹਾਂ ਨੂੰ ਵੀ ਅਕਾਲੀ ਦਲ ਛੱਡਣ ਲਈ ਮਨਾ ਲੈਣਾ ਆਪਣੇ-ਆਪ ਵਿਚ ਚਰਚਾ ਦਾ ਵਿਸ਼ਾ ਹੈ। ਇੰਨਾ ਹੀ ਨਹੀਂ, ਇਸ ਸਾਰੀ ਤੋੜ ਵਿਛੋੜੇ ਦੀ ਖੇਡ ਵਿਚ ਇਕ ਵਾਰ ਫਿਰ ਅਕਾਲੀ ਦਲ ਦੀ ਗੱਠਜੋੜ ਪਾਰਟੀ ਭਾਜਪਾ ਦੇ ਕਿਸੇ ਵੱਡੇ ਆਗੂ ਨੇ ਢੀਂਡਸਾ ਨਾਲ ਇਸ ਬਾਰੇ ਗੱਲ ਤੱਕ ਨਹੀਂ ਕੀਤੀ ਕਿ ਉਹ ਅਕਾਲੀ ਦਲ ਤੋਂ ਦੂਰ ਕਿਉਂ ਜਾ ਰਹੇ ਹਨ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ।
ਅਜਿਹੇ ਵਿਚ ਢੀਂਡਸਾ ਪਿਤਾ-ਪੁੱਤਰ ਦਾ ਟਕਸਾਲੀ ਅਕਾਲੀ ਦਲ ਵਲ ਝੁਕਾਅ ਅਤੇ ਟਕਸਾਲੀ ਅਕਾਲੀ ਦਲ ਦੀਆਂ ਮੀਟਿੰਗਾਂ ਵਿਚ ਮਜ਼ਬੂਤ ਹਾਜ਼ਰੀ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਬਿਨਾਂ ਕਿਸੇ ਵੱਡੀ ਸੁਪੋਰਟ ਦੇ ਸੰਭਵ ਨਹੀਂ। ਮਾਮਲੇ ਬਾਰੇ ਰਾਜਨੀਤਕ ਮਾਹਰ ਦੱਸਦੇ ਹਨ ਕਿ ਢੀਂਡਸਾ ਨੂੰ ਕਿਸੇ ਦੀ ਹੋਰ ਦੀ ਨਹੀਂ, ਭਾਜਪਾ ਦੇ ਹੀ ਕੇਂਦਰੀ ਪੱਧਰ ਦੇ ਵੱਡੇ ਆਗੂਆਂ ਤੋਂ ਅੰਦਰਖਾਤੇ ਮਦਦ ਮਿਲ ਰਹੀ ਹੈ, ਨਹੀਂ ਤਾਂ ਕਿ ਮੋਦੀ ਚਾਹੁੰਦੇ ਤਾਂ ਢੀਂਡਸਾ ਨੂੰ ਅਕਾਲੀ ਦਲ ਵਿਚ ਬਣੇ ਰਹਿਣ ਲਈ ਮਨਾ ਨਹੀਂ ਸਨ ਸਕਦੇ? ਪਰ ਉਨ੍ਹਾਂ ਦਾ ਅਜਿਹਾ ਨਾ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਰਾਜ਼ ਆਗੂਆਂ ਨੂੰ ਇਕਜੁੱਟ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਖੜ੍ਹੇ ਕਰਨਾ ਕੀ ਮੋਦੀ-ਸ਼ਾਹ ਦੀ ਜੋੜੀ ਦੀ ਕੂਟਨੀਤੀ ਦਾ ਹਿੱਸਾ ਹੈ, ਇਹ ਵੀ ਚਰਚਾ ਦਾ ਵਿਸ਼ਾ ਹੈ।