ਅਕਾਲੀ ਦਲ ਦੇ ਕਿਸਾਨ ਵਿੰਗ ਵੱਲੋਂ ਕੈਪਟਨ ਖਿਲਾਫ ਧਰਨਾ

03/15/2018 6:46:58 AM

ਨਕੋਦਰ , (ਪਾਲੀ)¸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਨਕੋਦਰ ਦਾਣਾ ਮੰਡੀ ਵਿਚ ਕਰਜ਼ਾ ਮੁਆਫੀ ਸਮਾਗਮ ਨੂੰ ਕਿਸਾਨਾਂ ਨਾਲ ਸਿਰੇ ਦੀ ਧੋਖੇਬਾਜ਼ੀ ਕਰਾਰ ਦਿੰਦਿਆਂ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਦੀ ਅਗਵਾਈ ਵਿਚ ਪਵਨ ਟੀਨੂੰ ਵਿਧਾਇਕ ਆਦਮਪੁਰ, ਬਲਦੇਵ ਖਹਿਰਾ ਵਿਧਾਇਕ ਫਿਲੌਰ, ਸੇਠ ਸੱਤਪਾਲ ਮੱਲ, ਯੂਥ ਆਗੂ ਸਰਬਜੀਤ ਸਾਬੀ, ਕੁਲਵੰਤ ਸਿੰਘ ਮੰਨਣ, ਗੁਰਮਿੰਦਰ ਸਿੰਘ, ਨਾਇਬ ਸਿੰਘ ਕੋਹਾੜ ਅਤੇ ਜਲੰਧਰ ਜ਼ਿਲੇ ਦੇ ਸੈਂਕੜੇ ਅਕਾਲੀ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਜਲੰਧਰ ਰੋਡ 'ਤੇ ਇਕੱਠੇ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਅਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਲਈ ਮੰਗ-ਪੱਤਰ ਦੇਣ ਲਈ ਆਏ। ਜਦੋਂ ਉਕਤ ਆਗੂ ਸਮਾਗਮ ਵੱਲ ਜਾਣ ਲੱਗੇ ਤਾਂ ਉਥੇ ਵੱਡੀ ਗਿਣਤੀ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਮੌਕਾ ਸੰਭਾਲਦਿਆਂ ਅਕਾਲੀ ਆਗੂਆਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਭੜਕੇ ਅਕਾਲੀ ਆਗੂ ਸੜਕ ਕਿਨਾਰੇ ਲੱਗੇ ਟੈਂਟ ਵਿਚ ਧਰਨਾ ਲਾ ਕੇ ਬੈਠ ਗਏ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ।
ਰੋਸ ਪ੍ਰਦਰਸ਼ਨ ਕਰ ਰਹੇ ਅਕਾਲੀ ਆਗੂਆਂ ਨੂੰ ਐੱਸ. ਪੀ. (ਡੀ) ਜਲੰਧਰ ਦਿਹਾਤੀ ਬਲਕਾਰ ਸਿੰਘ, ਐੱਸ. ਪੀ. ਹਰਿੰਦਰਪਾਲ ਸਿੰਘ ਪਰਮਾਰ, ਐੱਸ. ਪੀ. ਗੁਰਮੀਤ ਸਿੰਘ, ਡੀ. ਐੱਸ. ਪੀ. ਇਕਬਾਲ ਸਿੰਘ ਕਾਹਲੋਂ, ਤਹਿਸੀਲਦਾਰ ਜਲੰਧਰ-2 ਹਰਮਿੰਦਰ ਸਿੰਘ, ਇੰਸਪੈਕਟਰ ਪ੍ਰਮਿੰਦਰ ਸਿੰਘ, ਸਦਰ ਥਾਣਾ ਮੁਖੀ ਨਰੇਸ਼ ਜੋਸ਼ੀ ਆਦਿ ਨੇ ਸ਼ਾਂਤ ਕੀਤਾ। ਉਪਰੰਤ ਅਕਾਲੀ ਆਗੂਆਂ ਨੇ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ-ਪੱਤਰ ਦੇ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।


Related News