ਅਕਾਲੀ ਦਲ ਦਾ ਨਿਆਂ ਪਾਲਿਕਾ ਦੀ ਨਿਰਪੱਖਤਾ ’ਚ ਵਿਸ਼ਵਾਸ ਸਹੀ ਸਾਬਤ ਹੋਇਆ : ਸੁਖਬੀਰ ਬਾਦਲ

Monday, Jan 10, 2022 - 09:41 PM (IST)

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਹਾਈਕੋਰਟ ਵੱਲੋਂ ਰੋਕ ਲਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਨਿਆਂ ਪਾਲਿਕਾ ਦੀ ਨਿਰਪੱਖਤਾ ’ਚ ਪ੍ਰਗਟਾਇਆ ਵਿਸ਼ਵਾਸ ਸੱਚਾ ਸਾਬਤ ਹੋਇਆ ਹੈ। ਇਥੇ ਜਾਰੀ ਕੀਤੇ ਇਕ ਬਿਆਨ ’ਚ ਪਾਰਟੀ ਪ੍ਰਧਾਨ ਨੇ ਕਿਹਾ ਕਿ ਨਿਆਂ ਪਾਲਿਕਾ ਸਾਡੇ ਦੇਸ਼ ’ਚ ਤੰਗ-ਪ੍ਰੇਸ਼ਾਨ ਕਰਨ ਅਤੇ ਮੁਕੱਦਮੇਬਾਜ਼ੀ ’ਚ ਫਸਾਉਣ ਖ਼ਿਲਾਫ ਬਚਾਅ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਾਨੂੰਨ ਦੀ ਸਿਆਸੀ ਮੰਤਵਾਂ ਵਾਸਤੇ ਦੁਰਵਰਤੋਂ ਹੁੰਦੀ ਹੈ ਤਾਂ ਇਹ ਨਿਆਂ ਪਾਲਿਕਾ ਹੈ, ਜੋ ਦਖ਼ਲ ਦੇ ਕੇ ਵਿਅਕਤੀ ਦਾ ਮਾਣ-ਸਤਿਕਾਰ ਬਹਾਲ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਹੋ ਕੁਝ ਹੋਇਆ ਹੈ।

ਇਹ ਵੀ ਪੜ੍ਹੋ : ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ

ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਕਾਂਗਰਸ ਸਰਕਾਰ ਅਕਾਲੀ ਲੀਡਰਸ਼ਿਪ ਦੇ ਖ਼ਿਲਾਫ ਨਿੱਜੀ ਤੇ ਸਿਆਸੀ ਬਦਲਾਖੋਰੀ ਨਾਲ ਕੰਮ ਕਰ ਰਹੀ ਹੈ ਤੇ ਇਹ ਹਾਲ ਹੀ ’ਚ ਵਾਪਰੇ ਘਟਨਾਕ੍ਰਮ ਤੋਂ ਸਾਬਤ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਨੂੰ ਇਸ ਨੀਤੀ ਦਾ ਖਮਿਆਜ਼ਾ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੋਰੋਨਾ ਸੰਕਟ ਦਾ ਚਿੱਤ ਚੇਤਾ ਵੀ ਨਹੀਂ ਸੀ ਤੇ ਨਾ ਹੀ ਇਸ ਨੇ ਅਮਨ ਕਾਨੂੰਨ ਵਿਵਸਥਾ ਵਿਗੜਨ ਦਾ ਖ਼ਿਆਲ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਵੇਲੇ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤਾਂ ਬੇਅਦਬੀ ਮਾਮਲਿਆਂ ਦਾ ਸਿਆਸੀਕਰਨ ਕਰ ਕੇ ਪੰਜਾਬੀਆਂ ਨੂੰ ਵੀ ਨਾਕਾਮ ਕਰਦੀ ਰਹੀ ਹੈ ਕਿਉਂਕਿ ਇਸ ਦਾ ਮੰਤਵ ਅਕਾਲੀ ਲੀਡਰਸ਼ਿਪ ਨੂੰ ਇਨ੍ਹਾਂ ਘਿਨੌਣੇ ਅਪਰਾਧਾਂ ’ਚ ਫਸਾਉਣਾ ਰਿਹਾ ਹੈ।

ਇਹ ਵੀ ਪੜ੍ਹੋ : ਡਾ. ਦਲਜੀਤ ਚੀਮਾ ਨੇ ਕੀਤਾ ਟਵੀਟ, ਕੈਪਟਨ ਦੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਕੱਸਿਆ ਵਿਅੰਗ

ਬਾਦਲ ਨੇ ਕਿਹਾ ਕਿ ਪਾਰਟੀ ਨੂੰ ਆਸ ਹੈ ਕਿ ਝੂਠ ’ਤੇ ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਦਾ ਹਿੱਸਾ ਹੈ ਕਿ ਬਹੁਗਿਣਤੀ ਪੁਲਸ ਅਫ਼ਸਰਾਂ ਨੇ ਕਾਂਗਰਸ ਸਰਕਾਰ ਦੀ ਬਦਲਾਖੋਰੀ ਦੀ ਨੀਤੀ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ। ਕਈਆਂ ਨੇ ਤਾਂ ਲਿਖਤੀ ਇਤਰਾਜ਼ ਵੀ ਦਿੱਤੇ ਪਰ ਕਾਂਗਰਸ ਸਰਕਾਰ ਦੋ ਪੁਲਸ ਮੁਖੀ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਤਿੰਨ ਮੁਖੀ ਬਦਲਣ ਤੋਂ ਬਾਅਦ ਮਜੀਠੀਆ ਦੇ ਖ਼ਿਲਾਫ ਝੂਠਾ ਕੇਸ ਦਰਜ ਕਰਨ ’ਚ ਸਫ਼ਲ ਹੋ ਗਈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਨਿਆਇਕ ਪ੍ਰਕਿਰਿਆ ਇਸ ਨੂੰ ਗ਼ਲਤ ਸਾਬਤ ਕਰੇਗੀ।

 


Manoj

Content Editor

Related News