ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਨੂੰ 30 ਤੱਕ ਦਾ ਅਲਟੀਮੇਟਮ
Thursday, Aug 24, 2017 - 04:06 PM (IST)
ਰਮਦਾਸ (ਸਾਰੰਗਲ) - ਅੱਜ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਉਸ ਵੇਲੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ 30 ਅਗਸਤ ਤੱਕ ਦਾ ਅਲਟੀਮੇਟਮ ਦੇ ਦਿੱਤਾ ਗਿਆ, ਜਦੋਂ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਸਰਹੱਦੀ ਕਸਬਾ ਰਮਦਾਸ 'ਚ ਪੈਂਦੇ ਵੱਖ-ਵੱਖ ਪਿੰਡਾਂ ਵਿਚ ਕਾਂਗਰਸੀ ਆਗੂਆਂ ਦੀ ਕਥਿਤ ਸ਼ਹਿ 'ਤੇ ਪੁਲਸ ਵੱਲੋਂ ਅਕਾਲੀ ਵਰਕਰਾਂ 'ਤੇ ਦਰਜ ਕੀਤੇ ਗਏ ਨਾਜਾਇਜ਼ ਪਰਚਿਆਂ ਦਾ ਮਾਮਲਾ ਗਰਮਾ ਗਿਆ।
ਇਸ ਸਬੰਧੀ ਅੱਜ ਸਰਹੱਦੀ ਕਸਬਾ ਰਮਦਾਸ ਵਿਖੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਰੋਹ 'ਚ ਆਏ ਸਮੂਹ ਅਕਾਲੀ ਕੌਂਸਲਰਾਂ ਸਮੇਤ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੇ ਮਨਾਂ ਦੀ ਖੁੱਲ੍ਹ ਕੇ ਭੜਾਸ ਕੱਢੀ। ਇਸ ਮੌਕੇ ਬੋਲਦਿਆਂ ਬੋਨੀ ਅਜਨਾਲਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਕਾਂਗਰਸੀਆਂ ਦੀ ਕਥਿਤ ਸ਼ਹਿ 'ਤੇ ਪੁਲਸ ਵੱਲੋਂ ਅਕਾਲੀ ਵਰਕਰਾਂ 'ਤੇ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਬਦਲਾਲਊ ਭਾਵਨਾ ਦੀ ਨੀਤੀ ਤਹਿਤ ਕੰਮ ਕਰ ਰਹੀ ਹੈ, ਜਿਸ ਨੂੰ ਅਕਾਲੀ ਦਲ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਾਂਗਰਸੀਆਂ ਦੇ ਹੱਥਾਂ ਦੀ ਕਠਪੁਤਲੀ ਕਰਾਰ ਦਿੰਦਿਆਂ ਕਿਹਾ ਕਿ ਪੁਲਸ ਪ੍ਰਸ਼ਾਸਨ ਦਾ ਕੰਮ ਜਨਤਾ ਨੂੰ ਸਾਫ-ਸੁਥਰਾ ਪ੍ਰਸ਼ਾਸਨ ਦੇਣਾ ਤੇ ਲੋਕਾਂ ਦੀ ਰੱਖਿਆ ਕਰਨਾ ਹੁੰਦਾ ਹੈ ਪਰ ਸਥਾਨਕ ਪੁਲਸ ਇਸ ਸਭ ਤੋਂ ਕੋਹਾਂ ਦੂਰ ਹੋ ਕੇ ਇਕ ਪਾਰਟੀ ਦਾ ਸਾਥ ਦੇ ਰਹੀ ਹੈ ਅਤੇ ਅਕਾਲੀ ਵਰਕਰਾਂ 'ਤੇ ਧੜਾਧੜ ਨਾਜਾਇਜ਼ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ।
ਅਕਾਲੀ ਵਰਕਰਾਂ 'ਤੇ ਦਰਜ ਹੋਏ ਪਰਚਿਆਂ ਦਾ ਵੇਰਵਾ
ਇਸ ਦੌਰਾਨ ਬੋਨੀ ਅਜਨਾਲਾ ਨੇ ਪੁਲਸ ਵੱਲੋਂ ਅਕਾਲੀ ਵਰਕਰਾਂ 'ਤੇ ਨਾਜਾਇਜ਼ ਦਰਜ ਕੀਤੇ ਪਰਚਿਆਂ ਦਾ ਪੱਤਰਕਾਰਾਂ ਨੂੰ ਜੋ ਵੇਰਵਾ ਦਿੱਤਾ, ਜਿਸ ਮੁਤਾਬਕ ਸਰਹੱਦੀ ਕਸਬਾ ਰਮਦਾਸ 'ਚ ਪੈਂਦੇ ਪਿੰਡ ਮੱਧੂਛਾਂਗਾ ਵਿਖੇ 4 ਅਕਾਲੀ ਵਰਕਰਾਂ ਸਮੇਤ 25 ਅਣਪਛਾਤਿਆਂ ਵਿਰੁੱਧ ਧਾਰਾ 307 ਤਹਿਤ ਨਾਜਾਇਜ਼ ਪਰਚਾ ਦਰਜ ਕਰਨਾ, ਪਿੰਡ ਗੱਗੋਮਾਹਲ, ਗੁਰਾਲੇ ਤੇ ਚਮਿਆਰੀ 'ਚ ਅਕਾਲੀ ਵਰਕਰਾਂ ਵਿਰੁੱਧ 307 ਦਾ ਨਾਜਾਇਜ਼ ਪਰਚਾ ਦਰਜ ਕੀਤਾ ਜਾਣਾ, ਪਿੰਡ ਡੱਲਾ ਰਾਜਪੂਤ ਵਿਖੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਕਾਲੀ ਵਰਕਰਾਂ 'ਤੇ ਪਰਚਾ ਦਰਜ ਕੀਤਾ ਜਾਣਾ ਆਦਿ ਸ਼ਾਮਿਲ ਹਨ।
ਪੰਜਾਬ ਸਰਕਾਰ ਨੂੰ ਅਲਟੀਮੇਟਮ : ਰੋਸ ਪ੍ਰਦਰਸ਼ਨ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਪੰਜਾਬ ਸਰਕਾਰ ਅਤੇ ਸਥਾਨਕ ਪੁਲਸ ਪ੍ਰਸ਼ਾਸਨ ਨੂੰ 30 ਅਗਸਤ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਅਕਾਲੀ ਵਰਕਰਾਂ ਵਿਰੁੱਧ ਦਰਜ ਕੀਤੇ ਗਏ ਉਪਰੋਕਤ ਨਾਜਾਇਜ਼ ਪਰਚਿਆਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ 30 ਅਗਸਤ ਤੋਂ ਬਾਅਦ ਵੱਡੇ ਪੱਧਰ 'ਤੇ ਸਰਕਾਰ ਤੇ ਪੁਲਸ ਵਿਰੁੱਧ ਸੰਘਰਸ਼ ਰੂਪੀ ਅੰਦੋਲਨ ਕਰਨਗੇ, ਜਿਸ ਤੋਂ ਨਿਕਲਣ ਵਾਲੇ ਗੰਭੀਰ ਸਿੱਟਿਆਂ ਦੀ ਜ਼ਿੰਮੇਵਾਰੀ ਮੌਜੂਦਾ ਪੰਜਾਬ ਸਰਕਾਰ ਦੀ ਹੀ ਹੋਵੇਗੀ।
ਇਨ੍ਹਾਂ ਕੀਤਾ ਪੰਜਾਬ ਸਰਕਾਰ ਵਿਰੁੱਧ ਮੁਜ਼ਾਹਰਾ: ਬੀਬੀ ਜਸਵਿੰਦਰ ਕੌਰ ਗਿੱਲ ਪ੍ਰਧਾਨ ਨਗਰ ਕੌਂਸਲ ਰਮਦਾਸ, ਸੁਰਿੰਦਰਪਾਲ ਕਾਲੀਆ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਮਦਾਸ, ਤਰਿੰਦਰਸ਼ੇਰ ਸਿੰਘ, ਇੰਦਰਜੀਤ ਸਿੰਘ, ਹਰਜੀਤ ਸਿੰਘ, ਜੋਗਿੰਦਰਪਾਲ, ਅਮਰਜੀਤ ਫੌਜੀ, ਬੀਬੀ ਕਮਲਜੀਤ, ਜਗਜੀਤ ਸਿੰਘ, ਗੁਰਿੰਦਰ ਸੋਨਾ, ਅਮਰਜੀਤ ਰੰਧਾਵਾ, ਬਾਊ ਰਾਜ ਕੁਮਾਰ ਐੱਸ. ਡੀ. ਓ., ਸੋਨੂੰ, ਬੀਬੀ ਗੁਰਮੀਤ ਕੌਰ ਤੇ ਕੇਵਲ ਕ੍ਰਿਸ਼ਨ, ਬੀਬੀ ਦਲਬੀਰ ਕੌਰ, ਗੁਰਪ੍ਰੀਤ ਸਿੰਘ, ਨਰੇਸ਼ ਸੋਢੀ, ਰਮਨ ਜੁਲਕਾ, ਪ੍ਰਕਾਸ਼, ਗਿਆਨ ਚੰਦ, ਸਵਿੰਦਰ ਸਿੰਘ ਆਦਿ।
