ਅਕਾਲੀ-ਬਸਪਾ ਸਰਕਾਰ ਬਣਨ ਦੇ ਮਹਿਜ਼ ਇਕ ਮਹੀਨੇ ਅੰਦਰ ਘਨੌਰ ਨੂੰ ‘ਤਹਿਸੀਲ’ ਦਾ ਦਰਜਾ ਦਿਆਂਗੇ : ਚੰਦੂਮਾਜਰਾ
Tuesday, Dec 28, 2021 - 05:53 PM (IST)
ਪਟਿਆਲਾ (ਬਲਜਿੰਦਰ) : ਅਕਾਲੀ-ਬਸਪਾ ਸਰਕਾਰ ਦੇ ਸੱਤਾ ’ਚ ਆਉਣ ਦੇ ਮਹਿਜ਼ 1 ਮਹੀਨੇ ਦੇ ਅੰਦਰ-ਅੰਦਰ ਘਨੌਰ ਨੂੰ ਤਹਿਸੀਲ ਦਾ ਦਰਜ਼ਾ ਦਿਵਾ ਕੇ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਦਿਵਾਈ ਜਾਵੇਗੀ। ਇਹ ਐਲਾਨ ਅੱਜ ਸ਼੍ਰੋਮਣੀ ਅਕਾਲੀ ਦਲਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਘਨੌਰ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਚੰਦੂਮਾਜਰਾ ਨੇ ਆਖਿਆ ਬੜੇ ਦੁਖ ਦੀ ਗੱਲ ਹੈ ਕਿ ਹਲਕਾ ਘਨੌਰ ਪਟਿਆਲਾ ਜ਼ਿਲ੍ਹੇ ਦਾ ਅਹਿਮ ਹਲਕਾ ਹੋਣ ਦੇ ਬਾਵਜੂਦ ਵੀ ਇਥੋਂ ਦੇ ਲੋਕਾਂ ਨੂੰ ਆਪਣੇ ਤਹਿਸੀਲ ਸਬੰਧੀ ਛੋਟੇ-ਛੋਟੇ ਕੰਮਾਂ-ਕਾਰਾਂ ਲਈ ਰਾਜਪੁਰਾ ਜਾਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਕੀਮਤੀ ਸਮਾਂ ਅਤੇ ਪੈਸਾ ਅਜਾਈਂ ਗਵਾਉਣਾ ਪੈਂਦਾ ਹੈ। ਹਲਕਾ ਵਾਸੀਆਂ ਦੀ ਇਸ ਮਸੱਸਿਆ ਨੂੰ ਹੱਲ ਕਰਵਾਉਣਾ ਮੇਰਾ ਪਹਿਲਾ ਅਤੇ ਮੁੱਖ ਨਿਸ਼ਾਨਾ ਹੋਵੇਗਾ ਅਤੇ ਘਨੌਰ ਨੂੰ ਤਹਿਸੀਲ ਦਾ ਦਰਜਾ ਦਿਵਾ ਕੇ ਹਲਕਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਜਾਵੇਗਾ। ਚੰਦੂਮਾਜਰਾ ਨੇ ਆਖਿਆ ਕਿ ਜੇਕਰ ਉਹ ਹਲਕਾ ਲਹਿਰਾਗਾਗਾ ਵਿਚ 35 ਪਿੰਡਾਂ ਦੀ ਤਹਿਸੀਲ ਬਣਾ ਕੇ ਪੰਜਾਬ ਅੰਦਰ ਰਿਕਾਰਡ ਕਾਇਮ ਕਰ ਚੁੱਕੇ ਹਨ ਤਾਂ ਘਨੌਰ ਨੇੜਲੇ 100 ਪਿੰਡਾਂ ਦੀ ਇਕ ਤਹਿਸੀਲ ਬਣਾਉਣਾ ਮੇਰੇ ਲਈ ਕੋਈ ਔਖਾ ਕੰਮ ਨਹੀਂ ਹੋਵੇਗਾ ਅਤੇ ਇਸ ਨੂੰ ਹਰ ਹੀਲੇ ਕੀਤਾ ਜਾਵੇਗਾ।
ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਦੁਸ਼ਮਣ ਜਮਾਤ ਕਾਂਗਰਸ ਪਾਰਟੀ ਨੇ ਹੁਣ ਤੱਕ ਹਲਕੇ ਅੰਦਰ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚਲਾਉਣ, ਨਜਾਇਜ਼ ਮਾਈਨਿੰਗ ਕਰਨ ਅਤੇ ਥਾਣਿਆਂ ਅੰਦਰ ਝੂਠੇ ਪਰਚੇ ਦਰਜ ਕਰਵਾਉਣ ’ਚ ਤਾਂ ਖੂਬ ਮੁਹਾਰਤ ਹਾਸਲ ਕਰ ਲਈ ਪਰ ਹਲਕੇ ਦੇ ਵਿਕਾਸ ਵੱਲ ਖਾਸ ਕਰਕੇ ਬੁਨਿਆਦੀ ਸਹੂਲਤਾਂ ਵੱਲ ਉਕਾ ਹੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਅੱਜ ਕਾਂਗਰਸ ਪਾਰਟੀ ਲੋਕ ਬੁਰੀ ਤਰ੍ਹਾਂ ਹਤਾਸ਼ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਨੇ ਹਲਕੇ ਲਈ ਇਕ ਡੱਕਾ ਭੰਨ ਕੇ ਦੂਹਰਾ ਤੱਕ ਨਹੀਂ ਕੀਤਾ ਸਗੋਂ ਹਲਕੇ ਅੰਦਰ ਲੁੱਟ-ਖਸੁੱਟ ਤੇ ਦਹਿਸ਼ਦ ਦਾ ਮਾਹੌਲ ਹੀ ਪੈਦਾ ਕੀਤਾ ਹੈ।
ਉਨ੍ਹਾਂ ਅੱਗੇ ਆਖਿਆ ਕਿ ਹਲਕੇ ਦੀਆਂ ਲੜਕੀਆਂ ਲਈ ਘਨੌਰ ਵਿਖੇ ਇਕ ਆਧੁਨਿਕ ਅਤੇ ਉਚ ਵਿਦਿਅਕ ਸਹੂਲਤਾਂ ਨਾਲ ਭਰਪੂਰ ਕਾਲਜ ਬਣਾਉਣ ਦੇ ਨਾਲ ਨਾਲ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲਾ ਹਸਪਤਾਲ ਸਥਾਪਿਤ ਕਰਵਾਉਣਾ ਅਤੇ ਪਟਿਆਲਾ ਜ਼ਿਲ੍ਹੇ ਲਈ ਨਹਿਰੀ ਪਾਣੀ ਦਾ ਕੋਟਾ ਦੁੱਗਣਾ ਕਰਵਾਉਣਾ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ਦੀ ਪਹਿਲਕਦਮੀ ਹੋਵੇਗੀ। ਅੱਜ ਹਲਕੇ ਦੀਆਂ ਬੱਚੀਆਂ ਨੂੰ ਉਚ ਵਿਦਿਆ ਲਈ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਪਟਿਆਲਾ, ਰਾਜਪੁਰਾ ਜਾਂ ਅੰਬਾਲਾ ਵਿਖੇ ਦੂਰ ਦਰਾਡੇ ਜਾਣਾ ਪੈਂਦਾ ਹੈ, ਇਨ੍ਹਾਂ ਸਮੱਸਿਆ ਤੋਂ ਹਕਲਾ ਵਾਸੀਆਂ ਨੂੰ ਅਕਾਲੀ-ਬਸਪਾ ਸਰਕਾਰ ਬਣਨ ਸਾਰ ਨਿਜ਼ਾਤ ਦਿਵਾਈ ਜਾਵੇਗੀ। ਉਨ੍ਹਾਂ ਹੋਰ ਆਖਿਆ ਕਿ ਅਕਾਲੀ ਸਰਕਾਰ ਆਉਣ ’ਤੇ ਹਲਕੇ ਦੇ ਹਰ ਇਕ ਬੱਚੇ ਨੂੰ ਚੰਗਾ ਰੁਜ਼ਗਾਰ ਜਾਂ ਕਾਰੋਬਾਰ ਸ਼ੁਰੂ ਕਰਨ ਲਈ ਮਾਲੀ ਮਦਦ ਮੁਹੱਈਆ ਕਰਵਾਈ ਜਾਵੇਗੀ ਤਾਂਕਿ ਪੜ੍ਹੇ ਲਿਖੇ ਨੌਜਵਾਨ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਉਨ੍ਹਾਂ ਕਾਂਗਰਸ ’ਤੇ ਤੰਜ ਕਸਦਿਆਂ ਆਖਿਆ ਕਿ ਕਾਂਗਰਸ ਦਾ ਹਾਲ ‘ਸਰਵਾਲਿਆਂ ਦੀ ਭਰਮਾਰ ਤੇ ਲਾੜਾ ਕੋਈ ਵੀ ਨਹੀਂ’ ਵਰਗਾ ਹੋ ਚੁੱਕਿਆ ਹੈ। ਕਾਂਗਰਸ ਦੀ ਸਥਿਤੀ ਅੱਜ ਬਿਨਾਂ ਡਰਾਈਵਰ ਵਾਲੀ ਗੱਡੀ ਵਰਗੀ ਹੋ ਚੁੱਕੀ ਹੈ ਜਿਸਦਾ ਐਕਸੀਡੈਂਟ ਹੋਣਾ ਤੈਅ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਹਾਈਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ, ਹੋਰ ਮੁੱਖ ਮੰਤਰੀ ਦੇ ਉਮੀਦਵਾਰ ਖੜ੍ਹੇ ਕਰਨਾ ਅਤੇ ਮੁੱਖ ਮੰਤਰੀ ਨੂੰ ਚੋਣ ਪ੍ਰਚਾਰ ਦੀ ਕਮਾਂਡ ਤੱਕ ਵੀ ਨਾ ਸੌਂਪਣੀ ਚਰਨਜੀਤ ਚੰਨੀ ਦੀ ਨਾਅਹਿਲੀਅਤ ’ਤੇ ਮੋਹਰ ਲਗਾਉਣ ਦੇ ਬਰਾਬਰ ਹੈ ਅਤੇ ਇਹ ਕਾਂਗਰਸ ਪਾਰਟੀ ਵਲੋਂ ਦਲਿਤ ਭਾਈਚਾਰੇ ਨਾਲ ਕੀਤਾ ਵੱਡਾ ਧੋਖਾ ਅਤੇ ਧੱਕਾ ਕੀਤਾ ਹੈ।