''ਜੇ ਅਕਾਲੀ ਦਲ ਕਿਸਾਨੀ ਹਿੱਤਾਂ ਪ੍ਰਤੀ ਸੱਚੀ-ਮੁੱਚੀ ਸੁਹਿਰਦ ਹੈ ਤਾਂ ਉਹ ਤੁਰੰਤ ਮੋਦੀ ਸਰਕਾਰ ਨਾਲੋਂ ਤੋੜੇ ਨਾਤਾ''

09/16/2020 8:28:22 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਖੇਤੀ ਆਰਡੀਨੈਸਾਂ ਸਬੰਧੀ ਦੋਗਲੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ, ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇ ਉਹ ਕਿਸਾਨਾਂ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਸੱਚੀ-ਸੁੱਚੀ ਸੁਹਿਰਦ ਹਨ ਤਾਂ ਉਹ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਕੇਂਦਰ ਦੀ ਮੋਦੀ ਸਰਕਾਰ ਨਾਲੋਂ ਤੁਰੰਤ ਆਪਣਾ ਨਾਤਾ ਤੋੜਣ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਗਠਜੋੜ ਤੋੜ ਕੇ ਕੇਂਦਰ ਸਰਕਾਰ 'ਚੋਂ ਬਾਹਰ ਨਹੀਂ ਆਉਂਦਾ ਤਾਂ ਉਹ ਇਹ ਕਿਸਾਨ ਮਾਰੂ ਕਾਨੂੰਨ ਬਣਾਉਣ ਦੀ ਆਪਣੀ ਜ਼ਿਮੇਂਵਾਰੀ ਤੋਂ ਭੱਜ ਨਹੀਂ ਸਕਦਾ।

ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਵਲੋਂ ਕੱਲ ਲੋਕ ਸਭਾ 'ਚ ਜ਼ਰੂਰੀ ਵਸਤਾਂ ਸਬੰਧੀ ਬਿੱਲ ਦੇ ਵਿਰੋਧ 'ਚ ਦਿੱਤੇ ਗਏ ਕੁਝ ਮਿੰਟਾਂ ਦੇ ਭਾਸ਼ਣ ਦੇ ਉਦੋਂ ਤੱਕ ਕੋਈ ਮਾਈਨੇ ਨਹੀਂ ਹਨ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਮੋਦੀ ਸਰਕਾਰ 'ਚ ਭਾਈਵਾਲ ਬਣਿਆ ਹੋਇਆ ਹੈ। ਅਕਾਲੀ ਦਲ ਦੀ ਤ੍ਰਾਸਦੀ ਇਹ ਹੈ ਕਿ ਉਹ ਕਿਸਾਨਾਂ 'ਚ ਆਪਣੀ ਭੱਲ ਵੀ ਬਣਾਉਣੀ ਚਾਹੁੰਦਾ ਹੈ ਅਤੇ ਕੇਂਦਰ ਸਰਕਾਰ 'ਚ ਮਿਲੀ ਹੋਈ ਇੱਕ ਨਿਗੂਣੀ ਜਿਹੀ ਵਜ਼ੀਰੀ ਵੀ ਨਹੀਂ ਛੱਡਣਾ ਚਾਹੁੰਦਾ ਪਰ ਉਸ ਦੀ ਇਹ ਦੋ ਬੇੜੀਆਂ 'ਚ ਸਵਾਰ ਹੋਣ ਦੀ ਗੁੰਮਰਾਹਕੁੰਨ ਨੀਤੀ ਕਤੱਈ ਕਾਮਯਾਬ ਨਹੀਂ ਹੋਣੀ ਕਿਉਂਕਿ ਜਨਤਾ ਸਭ ਕੁਝ ਜਾਣਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੱਲ੍ਹ ਲੋਕ ਸਭਾ 'ਚ ਜ਼ਰੂਰੀ ਵਸਤਾਂ ਸਬੰਧੀ ਬਿੱਲ ਦੇ ਵਿਰੋਧ 'ਚ ਲਿਆ ਗਿਆ ਸਟੈਂਡ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦਾ ਹੀ ਇੱਕ ਨਵਾਂ ਪੈਂਤੜਾ ਹੈ। ਅਕਾਲੀ ਦਲ ਨੇ ਇਹ ਪੈਂਤੜਾ ਭਾਰਤੀ ਜਨਤਾ ਪਾਰਟੀ ਨਾਲ ਪਰਦੇ ਪਿੱਛੇ ਹੋਏ ਸਮਝੌਤੇ ਪਿੱਛੋਂ ਹੀ ਲਿਆ ਗਿਆ ਹੈ, ਜਿਸ ਤਹਿਤ ਅਕਾਲੀ ਦਲ ਸਿਰਫ਼ ਮੂੰਹ ਰੱਖਣ ਲਈ ਹੀ ਇਨ੍ਹਾਂ ਆਰਡੀਨੈਸਾਂ ਦਾ ਵਿਰੋਧ ਕਰੇਗਾ ਅਤੇ ਭਾਰਤੀ ਜਨਤਾ ਪਾਰਟੀ ਇਸ ਵਿਰੋਧ ਨੂੰ ਨਜ਼ਰਅੰਦਾਜ ਕਰੇਗੀ।
ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਸਰਾਸਰ ਗਲਤ ਹੈ ਕਿ ਖੇਤੀ ਆਰਡੀਨੈਸਾਂ ਨੂੰ ਕੇਂਦਰੀ ਕੈਬਨਿਟ ਵਲੋਂ ਪ੍ਰਵਾਨਗੀ ਦੇਣ ਸਮੇਂ ਹਰਸਿਮਰਤ ਕੌਰ ਬਾਦਲ ਨੇ ਗੰਭੀਰ ਖ਼ਦਸ਼ੇ ਪ੍ਰਗਟ ਕੀਤੇ ਸਨ। ਉਨ੍ਹਾਂ ਕਿਹਾ ਕਿ ਅਜੇ ਦੋ ਦਿਨ ਪਹਿਲਾਂ ਤੱਕ ਤਾਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ ਪੂਰਾ ਅਕਾਲੀ ਦਲ ਖੇਤੀ ਆਰਡੀਨੈਸਾਂ ਦੀ ਡੱਟ ਕੇ ਹਿਮਾਇਤ ਕਰ ਰਿਹਾ ਸੀ। ਸ. ਸਿੱਧੂ ਨੇ ਕਿਹਾ ਕਿ ਅਕਾਲੀ ਦਲ ਤਾਂ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿਚ ਬਿਆਨ ਦਿਵਾਕੇ ਉਨ੍ਹਾਂ ਦੇ ਬਚੇ-ਖੁਚੇ ਵਕਾਰ ਨੂੰ ਢਾਹ ਲਾਉਣ ਦੀ ਹੱਦ ਤੱਕ ਚਲਾ ਗਿਆ ਸੀ। ਅਕਾਲੀ ਦਲ ਵਲੋਂ ਹੁਣ ਵਿਰੋਧ ਦਾ ਲਿਆ ਜਾ ਰਿਹਾ ਨਵਾਂ ਪੈਂਤੜਾ ਪੰਜਾਬ 'ਚ ਖੇਤੀ ਆਰਡੀਨੈਸਾਂ ਖਿਲਾਫ ਉੱਠੇ ਜ਼ਬਰਦਸਤ ਲੋਕ ਰੋਹ ਦੇ ਡਰ 'ਚੋਂ ਨਿਕਲਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ਉੱਤੇ ਬਣਾਏ ਜਾ ਰਹੇ ਨਵੇਂ ਕਾਨੂੰਨ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਘਸਿਆਰੇ ਬਣਾ ਕੇ ਰੱਖ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਾਨੂੰਨ ਭਾਰਤੀ ਸੰਵਿਧਾਨ ਦੇ ਸੰਘੀ ਸਰੂਪ ਅਤੇ ਭਾਵਨਾ ਦੇ ਬਿਲਕੁਲ ਉਲਟ ਹਨ। ਸਿੱਧੂ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸਾਨਾਂ ਦੇ ਹਿੱਤਾਂ ਅਤੇ ਮੁਲਕ 'ਚ ਹਕੀਕੀ ਸੰਘੀ ਢਾਂਚਾ ਉਸਾਰਣ ਦਾ ਮੁਦੱਈ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਹਿਜ਼ ਇੱਕ ਵਜ਼ੀਰੀ ਖਾਤਰ ਆਪਣੇ ਸਿਧਾਂਤ ਅਤੇ ਇਤਿਹਾਸ ਨੂੰ ਕਲੰਕਤ ਕਰ ਰਿਹਾ ਹੈ।


Deepak Kumar

Content Editor

Related News