ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

Monday, Nov 05, 2018 - 06:58 PM (IST)

ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?

ਜਲੰਧਰ (ਜਸਬੀਰ ਵਾਟਾਂਵਾਲੀ) : ਸ੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਸਬੰਧੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ’ਚ ਘਿਰੇ ਅਕਾਲੀ ਦਲ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦੇ ਰਹੀਆਂ। ਇਸ ਤੋਂ ਬਾਅਦ ਜਿੱਥੇ ਅਕਾਲੀ ਦਲ ਦੇ ਵੱਡੇ ਮਹਾਰਥੀ ਅਸਤੀਫੇ ਦੇ ਰਹੇ ਹਨ, ਉੱਥੇ ਹੀ ਅਕਾਲੀ ਦਲ ਨੂੰ ਆਪਣੇ ਸੀਨੀਅਰ ਆਗੂਆਂ ਦੀ ਬਗਾਵਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੀਆਂ ਇਹ ਮੁਸ਼ਕਿਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਪਾਰਟੀ ਦੇ ਸੀਨੀਅਰ ਟਕਸਾਲੀ ਆਗੂਆਂ ਨੇ ਅਹੁਦਿਆਂ ਤੋਂ ਅਸਤੀਫੇ ਅਤੇ ਸੁਖਬੀਰ ਖਿਲਾਫ ਖੁਲ੍ਹਮ-ਖੁਲ੍ਹੀ ਬਗਾਵਤ ਸ਼ੁਰੂ ਕਰ ਦਿੱਤੀ।

PunjabKesari

ਇਸ ਬਗਾਵਤ ਦੀ ਸ਼ੁਰੂਆਤ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ। ਭਾਵੇਂ ਕਿ ਉਨ੍ਹਾਂ ਨੇ ਅਸਤੀਫਾ ਦੇਣ ਦਾ ਕਾਰਨ ਸਿਹਤ ਦਾ ਠੀਕ ਨਾ ਹੋਣਾ ਦੱਸਿਆ ਪਰ ਅਸਤੀਫਾ ਦੇਣ ਮੌਕੇ ਉਨ੍ਹਾਂ ਦਬਵੀਂ ਸੁਰ ਵਿਚ ਪਾਰਟੀ ਪ੍ਰਧਾਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਦੇ ਨਾਲ-ਨਾਲ ਅਕਾਲੀ ਦਲ ਕੋਲੋਂ ਹੋਈਆਂ ਗ਼ਲਤੀਆਂ ਨੂੰ ਵੀ ਕਬੂਲਿਆ। ਅਸਤੀਫਾ ਦੇਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਮੀਡੀਆ ਵਿਚ ਇਹ ਬਿਆਨ ਵੀ ਦਿੱਤਾ ਕਿ ਸਿਰਸਾ ਮੁੱਖੀ ਨੂੰ ਅਕਾਲ ਦੇ ਜੱਥੇਦਾਰ ਵੱਲੋਂ ਦਿੱਤੀ ਗਈ ਮਾਫੀ ਬਿਲਕੁਲ ਗ਼ਲਤ ਸੀ।

PunjabKesari

 ਉਨ੍ਹਾਂ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਪਾਰਟੀ ਦੀ ਰੀੜ ਦੀ ਹੱਡੀ ਸਮਝੇ ਜਾਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਸਿਹਤ ਠੀਕ ਨਾ ਹੋਣ ਦਾ ਬਹਾਨਾ ਬਣਾ ਕੇ ਅਸਤੀਫਾ ਦੇ ਦਿੱਤਾ। ਉਸ ਮੌਕੇ ਉਨ੍ਹਾਂ ਨੇ ਵੀ ਦਬਵੀਂ ਸੁਰ ਵਿਚ ਪਾਰਟੀ ਪ੍ਰਾਧਨ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਅਤੇ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਦਾ ਮੰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੇ ਨਾਲ-ਨਾਲ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਵੀ ਸੁਖਬੀਰ ਅਤੇ ਬਿਕਰਮ ਸਿੰਘ ਮਜੀਠੀਆ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਪਾਰਟੀ ਪ੍ਰਧਾਨ ਨੂੰ ਬਦਲਣ ਤਕ ਦੀ ਗੱਲ ਕਹਿ ਦਿੱਤੀ। ਭਾਵੇਂ ਕਿ ਸੇਖਵਾਂ ਦੇ ਇਸ ਵਿਰੋਧ ਦੇ ਸਿੱਟੇ ਵਜੋਂ ਹੀ ਪਾਰਟੀ ਪ੍ਰਾਧਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਝਪਦਿਆਂ ਹੀ ਪਾਰਟੀ ਵਿਚੋਂ ਕੱਢ ਦਿੱਤਾ ਪਰ ਪਾਰਟੀ ਵਿਚ ਉੱਠੀਆਂ ਬਗਾਵਤੀ ਸੁਰਾਂ ਮੱਠੀਆਂ ਪੈਣ ਦੀ ਬਜਾਏ ਵਧੇਰੇ ਤੇਜ਼ ਹੋ ਗਈਆਂ।

PunjabKesari

ਇਹ ਬਗਾਵਤੀ ਸੁਰਾਂ ਉਸ ਮੌਕੇ ਹੋਰ ਵੀ ਪ੍ਰਚੰਡ ਰੂਪ ਵਿਚ ਸਾਹਮਣੇ ਆਈਆਂ ਜਦੋਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਖਡੂਰ ਸਾਹਿਬ ਵਿਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਸੁਖਬੀਰ ਬਾਦਲ ਅਤੇ ਮਜੀਠੀਆ ਉੱਤੇ ਸਿੱਧੇ ਹਮਲੇ ਬੋਲ ਦਿੱਤੇ ਅਤੇ ਸਿਰਸਾ ਮੁਖੀ ਨੂੰ ਦਿੱਤੀ ਗਈ ਮਾਫੀ ਪਿੱਛੇ ਸੁਖਬੀਰ ਦਾ ਸਿੱਧਾ-ਸਿੱਧਾ ਹੱਥ ਦੱਸਿਆ। ਇਸ ਦੇ ਨਾਲ-ਨਾਲ ਉਨ੍ਹਾਂ ਅਕਾਲੀ ਦਲ ਦੇ ਕਈ ਹੋਰ ਪਰਦੇ ਵੀ ਫਰੋਲੇ।

PunjabKesari

ਅਕਾਲੀ ਦਲ ਦੇ ਇਨ੍ਹਾਂ ਆਗੂਆਂ ਦੀ ਨਾਰਾਜ਼ਗੀ ਨੂੰ ਘੋਖੀਏ ਤਾਂ ਸਿਰਸਾ ਮੁੱਖੀ ਨੂੰ ਦਿੱਤੀ ਗਈ ਮਾਫੀ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਵਿਚ ਬਾਦਲ ਪਰਿਵਾਰ ਦੇ ਹੱਥ ਦਾ ਸ਼ੱਕ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਦੇ ਨਾਲ-ਨਾਲ ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਪ੍ਰਧਾਨ ਕਮਾਂਡ ਸੰਭਾਲੇ ਜਾਣ ਤੋਂ ਬਾਅਦ ਟਕਸਾਲੀ ਆਗੂਆਂ ਦੀ ਕੀਤੀ ਜਾ ਰਹੀ ਅਣਦੇਖੀ ਵੀ ਇਸ ਦਾ ਮੁੱਖ ਕਾਰਨ ਹੈ। ਸ਼ਾਇਦ ਇਹੀ ਕਾਰਨ ਹੈ ਕਿ ਡਾ. ਰਤਨ ਸਿੰਘ ਅਜਨਾਲਾ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਅਕਾਲੀ ਪਾਰਟੀ ਪ੍ਰਧਾਨ ਦੇ ਵਿਰੋਧ ਵਿਚ ਆ ਖੜੇ ਹੋ ਗਏ ਹਨ । ਅਕਾਲੀ ਦਲ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪਾਰਟੀ ਵਿਚ ਇਸ ਤਰ੍ਹਾਂ ਦੀਆਂ ਬਗਾਵਤੀ ਸੁਰਾਂ ਪਹਿਲਾਂ ਕਦੇ ਵੀ ਨਹੀਂ ਉੱਠੀਆਂ ਅਤੇ ਨਾ ਹੀ ਵੱਡੇ ਆਗੂਆਂ ਨੇ ਇਸ ਤਰ੍ਹਾਂ ਕਦੇ ਅਸਤੀਫੇ ਦਿੱਤੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਕਾਲੀ ਦਲ ਵਿਚ ਪਿਆ ਇਹ ਖਿਲਾਰਾ ਆਖਰਕਾਰ ਕਿਸ ਮੋੜ ’ਤੇ ਜਾ ਕੇ ਰੁਕੇਗਾ। ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੇ ਕਈ ਵੱਡੇ ਆਗੂ ਸੁਖਪਾਲ ਖਹਿਰਾ ਦੇ ਲਿੰਕ ਵਿਚ ਵੀ ਹਨ ਅਤੇ ਤੀਜਾ ਫਰੰਟ ਬਣਾਏ ਜਾਣ ਦਾ ਇੰਤਜਾਰ ਕਰ ਰਹੇ ਹਨ।  ਸਵਾਲ ਇਹ ਵੀ ਹੈ ਕਿ, ਕੀ ਬ੍ਰਹਮਪੁਰਾ ਵਰਗੇ ਟਕਸਾਲੀ ਆਗੂਆਂ ਵੱਲੋਂ ਕੀਤੀ ਜਾ ਰਹੀ ਇਹ ਬਗਾਵਤ ਅਕਾਲੀ ਦਲ ਦੇ ਪਤਨ ਦਾ ਕਾਰਨ ਬਣ ਜਾਵੇਗੀ?


Related News