ਕਿਸਾਨਾਂ ਦੇ ਹਿੱਤਾਂ ਲਈ ਅਕਾਲੀ ਦਲ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ : ਸੁਖਬੀਰ ਬਾਦਲ
Friday, Jun 05, 2020 - 08:53 PM (IST)
ਚੰਡੀਗੜ੍ਹ,(ਜ.ਬ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਯਕੀਨੀ ਖਰੀਦ ਦੇ ਮਸਲੇ ਸਮੇਤ ਕਿਸਾਨ ਹਿੱਤਾਂ 'ਤੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਪਾਰਟੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਬੈਠੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਯਤਨਾਂ ਸਦਕਾ ਕਿਸਾਨੀ ਵਸਤਾਂ ਦੀ ਖਰੀਦੋ ਫਰੋਖਤ ਸਬੰਧੀ ਨਵੇਂ ਐਕਟ ਵਿਚ ਵੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਨੂੰ ਯਕੀਨੀ ਬਣਾਇਆ ਗਿਆ ਹੈ। ਅਕਾਲੀ ਦਲ ਦੇ ਕਹਿਣ 'ਤੇ ਹੀ ਪ੍ਰਧਾਨ ਮੰਤਰੀ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਰਾਹੀਂ ਕਿਸਾਨਾਂ ਨੂੰ ਜਨਤਕ ਤੌਰ 'ਤੇ ਸਪੱਸ਼ਟ ਕੀਤਾ ਗਿਆ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲਾਂ ਦੀ ਯਕੀਨੀ ਖਰੀਦ ਦਾ ਮੌਜੂਦਾ ਪ੍ਰਬੰਧ ਜਾਰੀ ਰਹੇਗਾ ਅਤੇ ਇਸ ਵਿਚ ਕੋਈ ਤਬਦੀਲੀ ਨਹੀਂ ਆਵੇਗੀ। ਫਿਰ ਵੀ ਜੇਕਰ ਭਵਿੱਖ ਵਿਚ ਕਦੇ ਕਿਸਾਨੀ ਉਪਜ ਦੇ ਸਮਰਥਨ ਮੁੱਲ ਅਤੇ ਲਾਜ਼ਮੀ ਖਰੀਦ ਨੂੰ ਕੋਈ ਖਤਰਾ ਖੜ੍ਹਾ ਕੀਤਾ ਗਿਆ ਤਾਂ ਅਕਾਲੀ ਦਲ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ, ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਕੇ ਵੀ ਇਸ ਪ੍ਰਬੰਧ ਨੂੰ ਜਾਰੀ ਰਖਵਾਉਣ ਲਈ ਵਚਨਬੱਧ ਹਾਂ।
ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਐਕਟ ਦੇ ਵਿਰੋਧ ਕਰਨ ਬਾਰੇ ਚਿੱਟੇ ਦਿਨ ਝੂਠ ਬੋਲ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਵਲੋਂ ਇਸ ਐਕਟ ਦੇ ਪ੍ਰਬੰਧ ਨੂੰ ਪਹਿਲਾਂ ਹੀ ਅਗਸਤ 2017 ਵਿਚ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਮੁੱਖ ਮੰਤਰੀ ਹੁਣ ਝੂਠ ਬੋਲ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਦੀ ਕਿਸਾਨਾਂ ਨੂੰ ਸਿਰਫ ਇੱਕ ਹੀ ਦੇਣ ਹੈ ਅਤੇ ਉਹ ਇਹ ਹੈ ਕਿ ਮੁੱਖ ਮੰਤਰੀ ਖੁਦ ਪਾਵਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਕਿਸੇ ਦੇ ਮਨ ਵਿਚ ਇਸ ਗੱਲ ਬਾਰੇ ਕੋਈ ਸ਼ੰਕਾ ਨਹੀਂ ਰਹਿਣੀ ਚਾਹੀਦੀ ਕਿ ਜੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕਿਸਾਨਾਂ ਦੇ ਕਿਸੇ ਹਿੱਤ ਨਾਲ ਕੋਈ ਵੀ ਸਮਝੌਤਾ ਹੋਣ ਦਾ ਖਦਸ਼ਾ ਪੈਦਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਹਿੱਤਾਂ ਦੀ ਰਖਵਾਲੀ ਲਈ ਅੱਗੇ ਆ ਕੇ ਲੜੇਗੀ। ਸ਼੍ਰੋਮਣੀ ਅਕਾਲੀ ਦਲ ਦੇ ਹੁੰਦਿਆਂ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।