ਕਾਂਗਰਸ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨੂੰ ਦਬਾਉਣ ਲਈ ਪੱਬਾਂ ਭਾਰ : ਅਕਾਲੀ ਦਲ

Tuesday, Jun 09, 2020 - 02:15 AM (IST)

ਕਾਂਗਰਸ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨੂੰ ਦਬਾਉਣ ਲਈ ਪੱਬਾਂ ਭਾਰ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਕਾਂਗਰਸ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨੂੰ ਦਬਾਉਣ ਲਈ ਪੱਬਾਂ ਭਾਰ ਹੋਈ ਪਈ ਹੈ, ਜਦਕਿ ਉਹ ਡਿਸਟੀਲਰੀਆਂ ਦੇ ਮਾਲਕਾਂ ਤੇ ਉਹਨਾਂ ਕਾਂਗਰਸੀਆਂ ਖਿਲਾਫ ਕਾਰਵਾਈ ਵੀ ਕਰਨ 'ਚ ਅਸਫਲ ਰਹੀ ਹੈ, ਜੋ ਸ਼ਰਾਬ ਦੀ ਸਮਗਲਿੰਗ ਕਰ ਰਹੇ ਹਨ ਤੇ ਨਜਾਇਜ਼ ਸ਼ਰਾਬ ਬਣਾ ਤੇ ਬੋਟਲਿੰਗ ਕਰ ਕੇ ਵੇਚ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ 'ਤੇ ਬਿਲਕੁਲ ਚੁੱਪ ਬੈਠੀ ਹੈ ਤੇ ਹੁਣ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਦੇ ਪਰਿਵਾਰ ਦੀ ਮਲਕੀਅਤ ਵਾਲੀ ਡਿਸਟੀਲਰੀ ਤੇ ਦੋ ਕਾਂਗਰਸੀ ਵਿਧਾਇਕਾਂ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਕੰਬੋਜ ਦੇ ਨਜ਼ਦੀਕੀਆਂ ਵੱਲੋਂ ਚਲਾਈ ਜਾ ਰਹੀ ਨਜਾਇਜ਼ ਡਿਸਟੀਲਰੀ ਕਮ ਬੋਟਲਿੰਗ ਪਲਾਂਟ ਨਾਲ ਸਬੰਧਤ ਦੋ ਗੰਭੀਰ ਮਾਮਲਿਆਂ ਨੂੰ ਵੀ ਦਬਾਉਣ ਦੇ ਚੱਕਰ ਵਿਚ ਹੈ।

ਡਾ. ਚੀਮਾ ਨੇ ਕਿਹਾ ਕਿ ਉਹਨਾਂ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਹਾਲੇ ਤੱਕ ਚੱਢਾ ਡਿਸਟੀਲਰੀ ਦੇ ਨਾਲ ਲੱਗਦੀ ਖੰਡ ਮਿੰਲ ਵਿਚੋਂ ਦੋ ਟਰੱਕ ਸ਼ਰਾਬ ਫੜੇ ਜਾਣ ਦੇ ਮਾਮਲੇ ਵਿਚ ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਤੇ ਆਬਕਾਰੀ ਵਿਭਾਗ ਇਕ ਦੂਜੇ ਸਿਰ ਜ਼ਿੰਮੇਵਾਰੀ ਸੁੱਟ ਰਹੇ ਹਨ ਤਾਂ ਕਿ ਕੇਸ ਕਮਜ਼ੋਰ ਕੀਤਾ ਜਾ ਸਕੇ ਅਤੇ ਡਿਸਟੀਲਰੀ ਮੈਨੇਜਮੈਂਟ ਨੂੰ ਬਿਨਾਂ ਨੁਕਸਾਨ ਦੇ ਛੱਡ ਦਿੱਤਾ ਜਾਵੇ।  ਉਹਨਾਂ ਕਿਹਾ ਕਿ ਇਸੇ ਤਰ੍ਹਾਂ ਰਾਜਪੁਰਾ ਵਿਚ ਫੜੀ ਗਈ ਨਜਾਇਜ਼ ਡਿਸਟੀਲਰੀ ਦੇ ਮਾਮਲੇ ਵਿਚ ਸੂਬਾ ਪੁਲਿਸ ਤੇ ਆਬਕਾਰੀ ਵਿਭਾਗ ਨੇ ਹਾਲੇ ਤੱਕ ਕਾਂਗਰਸੀ ਵਿਧਾਇਕ ਜਲਾਲਪੁਰ ਤੇ ਕੰਬੋਜ ਨੂੰ ਪੁੱਛ ਗਿੱਛ ਵਾਸਤੇ ਨਹੀਂ ਸੱਦਿਆ।

ਅਕਾਲੀ ਨੇਤਾ ਨੇ ਕਿਹਾ ਕਿ ਬਜਾਏ ਕਾਂਗਰਸੀ ਨੇਤਾਵਾਂ ਖਿਲਾਫ ਕਾਰਵਾਈ ਕਰਨ ਤੇ ਆਬਕਾਰੀ ਵਿਭਾਗ ਨੇ ਸੀਨੀਅਰ ਪੱਤਰਕਾਰ ਮਨੀਸ਼ ਸਰਹਿੰਦੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸ਼ਰਾਬ ਮਾਫੀਆ ਬਾਰੇ ਉਹਨਾਂ ਕੋਲ ਉਪਲੱਬਧ ਜਾਣਕਾਰੀ ਦੇ ਸਰੋਤ ਦੱਸਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਇਸੇ ਤਰੀਕੇ ਪੱਤਰਕਾਰ ਜੈ ਸਿੰਘ ਛਿੱਬਰ ਨੂੰ ਧਮਕਾਉਣ ਦਾ ਯਤਨ ਕੀਤਾ ਸੀ ਤੇ ਹੁਣ ਦੂਜੇ ਪੱਤਰਕਾਰਾਂ ਨੂੰ ਵਿਧਾਇਕਾਂ ਤੇ ਉਹਨਾਂ ਦੇ ਚਹੇਤਿਆਂ ਬਾਰੇ ਲਿਖਣ 'ਤੇ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪ੍ਰੈਸ ਦੀ ਆਜ਼ਾਦੀ 'ਤੇ ਇਸ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ ਤੇ ਵੁਹ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੋਵੇਗਾ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਕੋਈ ਨੁਕਸਾਨ ਨਾਲ ਪਹੁੰਚਾਇਆ ਜਾ ਸਕੇ।  
 


author

Deepak Kumar

Content Editor

Related News