ਅਕਾਲੀ ਦਲ ਨਾਲ ਗਠਜੋੜ ''ਤੇ ਪੰਜਾਬ ਭਾਜਪਾ ਪ੍ਰਧਾਨ ਦਾ ਦੋ ਟੁੱਕ ''ਚ ਜਵਾਬ
Friday, Sep 18, 2020 - 08:52 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣੀ ਨਲਾਇਕੀ ਅਤੇ ਹੋਰ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਖੇਤੀ ਆਰਡੀਨੈਂਸ ਦੇ ਮੁੱਦੇ ਨੂੰ ਤੂਲ ਦੇ ਰਹੀ ਹੈ। ਸ਼ਰਮਾ ਮੁਤਾਬਕ ਖੇਤੀ ਆਰਡੀਨੈਂਸ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ 'ਤੇ ਸਫਾਈ ਦੇ ਚੁੱਕੇ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ 'ਤੇ ਬੋਲਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਖੁਦ ਆਖ ਚੁੱਕਾ ਹੈ ਕਿ ਉਹ ਐੱਨ. ਡੀ. ਏ. ਦੇ ਹਿੱਸਾ ਹੈ, ਫਿਰ ਇਸ 'ਤੇ ਕੁਝ ਕਹਿਣ ਨੂੰ ਬਾਕੀ ਨਹੀਂ ਰਹਿ ਜਾਂਦਾ ਹੈ।
ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ
ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬਾ ਇਕਾਈ ਕੇਂਦਰ ਦੇ ਇਸ ਫ਼ੈਸਲੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਯਕੀਨ ਦਵਾ ਚੁੱਕੇ ਹਨ ਕਿ ਸਰਕਾਰੀ ਖਰੀਦ ਵੀ ਜਾਰੀ ਰਹੇਗੀ ਅਤੇ ਐੱਮ. ਐੱਸ. ਪੀ. ਵੀ ਜਾਰੀ ਰਹੇਗਾ, ਫਿਰ ਵੀ ਕੁਝ ਧਿਰਾਂ ਵਲੋਂ ਜਾਣ ਬੁੱਝ ਕੇ ਇਸ ਮੁੱਦੇ ਨੂੰ ਵਧਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਕੀ ਕਰਨਗੇ ਨਵਜੋਤ ਸਿੰਘ ਸਿੱਧੂ?
ਪੰਜਾਬ ਸਰਕਾਰ 'ਤੇ ਹਮਲਾ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਉਨ੍ਹਾਂ ਨੇ ਅੱਜ ਤਕ ਕਿਸਾਨਾਂ ਦਾ ਕਿੰਨਾ ਕਰਜ਼ਾ ਮੁਆਫ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਮੰਤਰੀ ਦਲਿਤ ਬੱਚਿਆਂ ਦਾ ਵਜ਼ੀਫਾ ਖਾ ਚੁੱਕਾ ਹੈ ਅਤੇ 64 ਕਰੋੜ ਰੁਪਏ ਦਾ ਘਪਾਲ ਕੀਤਾ ਹੈ ਜਦਕਿ ਸ਼ਰਾਬ ਮਾਫੀਆ, ਅਨਾਜ ਘਪਲੇ ਵਰਗੇ ਗੰਭੀਰ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪੰਜਾਬ ਸਰਕਾਰ ਜਾਣ ਬੁੱਝ ਕੇ ਖੇਤੀ ਆਰਡੀਨੈਂਸ ਦੇ ਮੁੱਦੇ ਨੂੰ ਚੁੱਕ ਰਹੀ ਹੈ। ਸ਼ਰਮਾ ਨੇ ਕਿਹਾ ਕਿ ਜਦੋਂ ਇਸ ਆਰਡੀਨੈਂਸ ਦੇ ਨਤੀਜੇ ਸਾਹਮਣੇ ਆਉਣਗੇ ਤਾਂ ਕਿਸਾਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਇਸ ਨਾਲ ਉਨ੍ਹਾਂ ਨੂੰ ਪੂਰਨ ਆਜ਼ਾਦੀ ਮਿਲੀ ਹੈ।
ਇਹ ਵੀ ਪੜ੍ਹੋ : ਖੇਤੀ ਆਰਡੀਨੈਂਸ 'ਤੇ ਕੈਪਟਨ ਦੀ ਭਾਜਪਾ ਨੂੰ ਤਾੜਨਾ, ਕਿਹਾ ਪਾਕਿ ਵਿਗਾੜ ਸਕਦੈ ਮਾਹੌਲ