ਅਕਾਲੀ ਦਲ ਦੀ ਸਿਆਸਤ ''ਚ ਵੱਡਾ ਧਮਾਕਾ, ਵਲਟੋਹਾ ਦਾ ਪਿਆ ਬਾਦਲ ਦੇ ਜਵਾਈ ਨਾਲ ਪੇਚਾ
Wednesday, Mar 10, 2021 - 07:32 PM (IST)
ਤਰਨਤਾਰਨ/ਵਲਟੋਹਾ (ਵੈੱਬ ਡੈਸਕ, ਗੁਰਮੀਤ) : ਲੰਬੇ ਸਮੇਂ ਤੋਂ ਸਿਆਸੀ ਫੁੱਟ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇਕ ਹੋਰ ਵੱਡੀ ਚੁਣੌਤੀ ਸਾਹਮਣੇ ਆ ਗਈ ਹੈ। ਇਹ ਚੁਣੌਤੀ ਅਕਾਲੀ ਦਲ ਦੇ ਦੋ ਦਿੱਗਜ ਪਰਿਵਾਰਾਂ ਦਰਮਿਆਨ ਇਕ ਵਾਰ ਚੋਣਾਂ ਤੋਂ ਪਹਿਲਾਂ ਉੱਭਰ ਗਈ ਹੈ। ਦਰਅਸਲ ਪੰਜਾਬ ਦੀ ਸਿਆਸਤ ਵਿਚ ਵੱਡਾ ਰਸੂਖ ਰੱਖਣ ਵਾਲੇ ਅਕਾਲੀ ਦਲ ਦੇ ਦੋ ਚੋਟੀ ਦੇ ਪਰਿਵਾਰ ਆਹਮੋ-ਸਾਹਮਣੇ ਹੋ ਗਏ ਹਨ। ਸਾਬਕਾ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ (ਜੋ ਕਿ ਬਾਦਲ ਪਰਿਵਾਰ ਦੇ ਜਵਾਈ ਵੀ ਹਨ) ਨੇ ਆਪਣਾ ਹਲਕਾ ਛੱਡ ਖੇਮਕਰਨ ਹਲਕੇ ਵਿਚ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾ ਦਾ ਸਿਲਸਿਲਾ ਵੀ ਆਰੰਭ ਦਿੱਤਾ ਹੈ। ਇਥੇ ਹੀ ਬਸ ਬਕਾਇਦਾ ਇਹ ਐਲਾਨ ਵੀ ਕੀਤਾ ਗਿਆ ਹੈ ਕਿ ਕੈਰੋਂ ਪਰਿਵਾਰ ਦਾ ਕੋਈ ਮੈਂਬਰ ਹਲਕਾ ਖੇਮਕਰਨ ਤੋਂ ਹੀ ਚੋਣ ਲੜੇਗਾ ਜਿਸ ਨਾਲ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ। ਕੈਰੋਂ ਪਰਿਵਾਰ ਦੇ ਇਸ ਐਲਾਨ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੋ ਫਾੜ ਹੁੰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
ਉਧਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਬਿਆਨ ਤੋਂ ਬਾਅਦ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਵੀ ਤਿੱਖੇ ਤੇਵਰ ਵਿਖਾਉਂਦੇ ਹੋਏ ਆਖਿਆ ਹੈ ਕਿ ਟਿਕਟ ਦਾ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ 2007 ਤੋਂ ਇਸ ਹਲਕੇ ਤੋਂ ਚੋਣਾਂ ਲੜਦਾ ਆ ਰਿਹਾ ਹਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਮੈਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਲੜਾਂਗਾ। ਵਲਟੋਹਾ ਨੇ ਕਿਹਾ ਕਿ ਕੈਰੋਂ ਪਰਿਵਾਰ ਦਾ ਪੰਜਾਬ ਦੀ ਸਿਆਸਤ ਵਿਚ ਕੁਝ ਬਹੁਤਾ ਰਸੂਖ ਨਹੀਂ ਹੈ, ਸਿਰਫ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਹੋਣ ਕਰਕੇ ਇਨ੍ਹਾਂ ਨੂੰ ਮਾਣ-ਸਨਮਾਨ ਮਿਲਿਆ ਹੈ।
ਇਹ ਵੀ ਪੜ੍ਹੋ : ਮੋਗਾ 'ਚ ਵੱਡੀ ਵਾਰਦਾਤ, ਅਦਾਲਤ ਆਈ ਸਾਲ਼ੀ ਦਾ ਜੀਜੇ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
ਵਲਟੋਹਾ ਨੇ ਕਿਹਾ ਕਿ ਚੋਣ ਲੜਨ 'ਤੇ ਕਿਸੇ ਨੂੰ ਪਾਬੰਦੀ ਨਹੀਂ ਹੈ। ਕੈਰੋਂ ਖੇਮਕਰਨ ਹਲਕੇ ਤੋਂ ਜਿਸ ਮਰਜ਼ੀ ਪਾਰਟੀ ਤੋਂ ਚੋਣ ਲੜ ਸਕਦੇ ਹਨ। ਉਨ੍ਹਾਂ ਆਖਿਆ ਕਿ 15 ਮਾਰਚ ਨੂੰ ਭਿੱਖੀਵਿੰਡ ਵਿਖੇ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਰੈਲੀ 'ਚ ਰੈਲੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੇਰੀ ਖੇਮਕਰਨ ਹਲਕੇ ਤੋਂ ਉਮੀਦਵਾਰੀ ਦਾ ਐਲਾਨ ਕਰਨਗੇ ਅਤੇ ਇਹ ਐਲਾਨ 2022 ਚੋਣਾਂ ਸੰਬੰਧੀ ਪਹਿਲੇ ਉਮੀਦਵਾਰ ਦਾ ਐਲਾਨ ਹੋਵੇਗਾ।
ਇਹ ਵੀ ਪੜ੍ਹੋ : ਈ. ਡੀ. ਦੀ ਕਾਰਵਾਈ ਤੋਂ ਬਾਅਦ ਸੁਖਪਾਲ ਖਹਿਰਾ ਦਾ ਵੱਡਾ ਬਿਆਨ
ਨੋਟ - ਕੀ ਅਕਾਲੀ ਦਲ ਵਿਚ ਫਿਰ ਪੈਦਾ ਹੋਈ ਅੰਦਰੂਨੀ ਫੁੱਟ 2022 ਦੀਆਂ ਚੋਣਾਂ ਵਿਚ ਭਾਰੀ ਪੈ ਸਕਦੀ ਹੈ?