PAU ’ਚ ਵਾਈਸ ਚਾਂਸਲਰ ਸਣੇ ਸਿਖ਼ਰਲੀਆਂ ਖਾਲੀ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ‘ਆਪ’ ਸਰਕਾਰ
Monday, Aug 08, 2022 - 05:24 PM (IST)
ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਇਹ ਦਾਅਵੇ ਕਰ ਰਹੀ ਹੈ ਕਿ ਉਹ ਖੇਤੀਬਾੜੀ ਵਾਸਤੇ ਵੱਡਾ ਕੰਮ ਕਰ ਰਹੀ ਹੈ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹਾਲ ਇਸ ਵੇਲੇ ਹੁਣ ਤੱਕ ਦਾ ਸਭ ਤੋਂ ਮੰਦਾ ਹਾਲ ਹੈ ਕਿਉਂਕਿ ਵਾਈਸ ਚਾਂਸਲਰ ਸਮੇਤ ਇਸਦੀਆਂ ਸਾਰੀਆਂ ਸਿਖ਼ਰਲੀਆਂ ਪੋਸਟਾਂ ਖਾਲੀ ਪਈਆਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਵਾਈਸ ਚਾਂਸਲਰ ਤੋਂ ਇਲਾਵਾ ਰਜਿਸਟਰਾਰ, ਡੀਨ ਰਿਸਰਚ ਅਤੇ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਦੀਆ ਪੋਸਟਾਂ ਵੀ ਡੇਢ ਸਾਲ ਤੋਂ ਰੈਗੂਲਰ ਆਧਾਰ ’ਤੇ ਨਹੀਂ ਭਰੀਆਂ ਗਈਆਂ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਕੋਈ ਇਹ ਤਾਂ ਆਖ ਸਕਦਾ ਹੈ ਕਿ ਪਿਛਲੀ ਕਾਂਗਰਸ ਪਾਰਟੀ ਸਰਕਾਰ ਆਪਸੀ ਧੜੇਬੰਦੀ ਦੀ ਲੜਾਈ ਵਿਚ ਲੱਗੀ ਸੀ ਪਰ ਹੁਣ ਤੁਹਾਨੂੰ ਕੌਣ ਪੰਜ ਮਹੀਨਿਆਂ ਤੋਂ ਪੀ. ਏ. ਯੂ. ਵਿਚ ਸਿਖਰਲੀਆਂ ਪੋਸਟਾਂ ਰੈਗੂਲਰ ਆਧਾਰ ’ਤੇ ਭਰਨ ਤੋਂ ਰੋਕ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਵਿਧਾਇਕ ਬਲਕਾਰ ਸਿੱਧੂ ਨੇ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ
ਗਰੇਵਾਲ ਨੇ ਕਿਹਾ ਕਿ ਅਧਿਆਪਨ ਕਾਰਜ ਨਾਲ ਵੀ ਸਮਝੌਤਾ ਕੀਤਾ ਗਿਆ ਹੈ ਤੇ ਵੱਡੀ ਗਿਣਤੀ ਵਿਚ ਆਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਜੋ ਸਹਾਇਕ ਪ੍ਰੋਫੈਸਰ ਦੋ ਸਾਲ ਪਹਿਲਾਂ ਨਿਯੁਕਤ ਕੀਤੇ ਗਏ ਸਨ, ਉਨ੍ਹਾਂ ਨੂੰ ਹੁਣ ਤੱਕ ਰੈਗੂਲਰ ਤਨਖਾਹਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਟੀਚਿੰਗ ਸਟਾਫ ਨੂੰ ਬਣਦੇ ਸਕੇਲ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਉਹ ਯੂਨੀਵਰਸਿਟੀ ’ਚ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਵਾਸਤੇ ਕੱਖ ਨਹੀਂ ਕੀਤਾ ਗਿਆ। ਗਰੇਵਾਲ ਨੇ ਕਿਹਾ ਕਿ ਸਿਰਫ ਗੱਲਾਂ ਦਾ ਕੜਾਹ ਬਣਾਉਣ ਨਾਲ ਇਸ ਵੱਕਾਰੀ ਯੂਨੀਵਰਸਿਟੀ ਦੇ ਮਾੜੇ ਹਾਲਾਤ ਸੁਧਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੀ. ਏ. ਯੂ. ਦਾ ਭੋਗ ਪੈ ਗਿਆ ਤਾਂ ਸਾਰਾ ਖੇਤੀਬਾੜੀ ਰਿਸਰਚ ਪ੍ਰੋਗਰਾਮ ਹੀ ਢਹਿ-ਢੇਰੀ ਹੋ ਜਾਵੇਗਾ ਤੇ ਕਿਸਾਨ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਮਿਆਰੀ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ।
ਇਹ ਖ਼ਬਰ ਵੀ ਪੜ੍ਹੋ : ਨੀਤੀ ਆਯੋਗ ਦੀ ਮੀਟਿੰਗ ਮਗਰੋਂ ਬੋਲੇ CM ਮਾਨ, ਕਿਹਾ-MSP ਕਮੇਟੀ ਦੇ ਪੁਨਰਗਠਨ ਦੀ ਕੀਤੀ ਮੰਗ
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਯੂਨੀਵਰਸਿਟੀ ਦਾ ਰੈਗੂਲਰ ਵੀ. ਸੀ. ਨਿਯੁਕਤ ਕਰੇ ਅਤੇ ਸਾਰੀਆਂ ਸਿਖ਼ਰਲੀਆਂ ਪੋਸਟਾਂ ਦੇ ਨਾਲ-ਨਾਲ ਸਾਰੀਆਂ ਖਾਲੀ ਆਸਾਮੀਆਂ ਵੀ ਭਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਜਿਸ ਤਰੀਕੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਯੂਨੀਵਰਸਿਟੀ ਨੂੰ 300 ਕਰੋੜ ਰੁਪਏ ਦਿੱਤੇ ਸਨ ਤਾਂ ਜੋ ਇਹ ਸਹੀ ਢੰਗ ਨਾਲ ਕੰਮ ਕਰ ਸਕੇ, ਉਸੇ ਤਰੀਕੇ ਯੂਨੀਵਰਸਿਟੀ ਨੂੰ ਵੀ ਢੁਕਵੇਂ ਆਮਦਨ ਫੰਡ ਪ੍ਰਦਾਨ ਕਰੇ। ਅਕਾਲੀ ਆਗੂ ਨੇ ਇਸ ਗੱਲ ’ਤੇ ਅਫਸੋਸ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਖੇਤੀਬਾੜੀ ਤੇ ਬਾਗਵਾਨੀ ਵਿਭਾਗ ਵਿਚ 1000 ਖਾਲੀ ਪੋਸਟਾਂ ਭਰਨ ਦੀ ਮੰਗ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਹਾਲਾਤਾਂ ਵੱਲ ਵੀ ਬੇਰੁਖ ਬਣੇ ਹੋਏ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਮੁੱਦਾ ਸੀ ਪਰ ਮੰਦੇ ਭਾਗਾਂ ਨੂੰ ਸਰਕਾਰ ਨੇ ਨਵੀਂਆਂ ਆਸਾਮੀਆਂ ਦੀ ਰਚਨਾ ਤਾਂ ਕੀ ਕਰਨੀ ਸੀ ਸਗੋਂ ਖਾਲੀ ਆਸਾਮੀਆਂ ਵੀ ਨਹੀਂ ਭਰ ਰਹੀ।