ਅਕਾਲੀ ਕੌਂਸਲਰ ਦੇ ਪੁੱਤਰਾਂ ''ਤੇ ਅਸ਼ਲੀਲ ਛੇੜਛਾੜ ਕਰਨ ਦਾ ਮਾਮਲਾ ਦਰਜ

01/16/2018 7:10:38 PM

ਸਮਾਣਾ (ਅਸ਼ੋਕ) : ਸਿਟੀ ਪੁਲਸ ਵੱਲੋਂ ਸਮਾਣਾ ਦੇ ਇਕ ਅਕਾਲੀ ਕੌਂਸਲਰ ਦੇ 2 ਪੁੱਤਰਾਂ ਖਿਲਾਫ਼ ਅਸ਼ਲੀਲ ਛੇੜਛਾੜ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘੜਾਮੀਪੱਤੀ ਨਿਵਾਸੀ ਇਕ ਨਾਬਾਲਿਗ ਲੜਕੀ ਨੇ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਆਖਿਆ ਕਿ ਉਹ ਲੰਘੀਂ 9 ਜਨਵਰੀ ਨੂੰ ਜਦੋਂ ਟਿਊਸ਼ਨ ਪੜ੍ਹਨ ਤੋਂ ਬਾਅਦ ਸ਼ਾਮ ਨੂੰ ਆਪਣੇ ਘਰ ਵਾਪਸ ਆਉਣ ਵੇਲੇ ਕੌਂਸਲਰ ਰਾਜ ਕੁਮਾਰ ਦੀ ਆਟਾ ਚੱਕੀ ਕੋਲ ਪਹੁੰਚੀ ਤਾਂ ਕੌਂਸਲਰ ਦੇ ਮੁੰਡੇ ਗੌਤਮ ਕੁਮਾਰ ਅਤੇ ਅਸ਼ੋਕ ਕੁਮਾਰ ਚੱਕੀ 'ਤੇ ਖੜ੍ਹੇ ਸਨ। ਦੋਹਾਂ ਭਰਾਵਾਂ ਨੇ ਉਸਨੂੰ ਗਾਲਾਂ ਕੱਢਦਿਆਂ ਰਾਹ ਵਿਚ ਘੇਰ ਲਿਆ। ਪੀੜਤਾ ਨੇ ਸ਼ਿਕਾਇਤ ਵਿਚ ਆਖਿਆ ਹੈ ਕਿ ਗੌਤਮ ਕੁਮਾਰ ਨੇ ਉਸਦੀ ਬਾਂਹ ਫੜ ਕੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਪਾਉਣ 'ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਟਾ ਚੱਕੀ ਕੋਲ ਹੀ ਰਹਿੰਦੇ ਉਸਦੇ ਘਰ ਦੇ ਮੈਂਬਰ ਮੌਕੇ 'ਤੇ ਪੁੱਜੇ, ਜਿਸ ਤੋਂ ਬਾਅਦ ਦੋਵੇਂ ਭਰਾ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਥੋਂ ਫਰਾਰ ਹੋ ਗਏ।
ਪੀੜਤ ਲੜਕੀ ਦੀ ਸ਼ਿਕਾਇਤ 'ਤੇ ਸਿਟੀ ਪੁਲਸ ਨੇ ਗੌਤਮ ਕੁਮਾਰ ਅਤੇ ਅਸ਼ੋਕ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਕੌਂਸਲਰ ਰਾਜ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦਾ ਆਖਣਾ ਹੈ ਕਿ ਉਸਨੂੰ ਰਾਜਨੀਤਕ ਤੌਰ 'ਤੇ ਪ੍ਰੇਸ਼ਾਨ ਕਰਨ ਲਈ ਉਸਦੇ ਮੁੰਡਿਆਂ ਖਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ।


Related News