ਅਕਾਲੀ-ਕਾਂਗਰਸ ਗੱਠਜੋੜ ਨਾਲ ਬਣੀ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ''ਤੇ ਪਿਆ ਕਾਲਾ ਪਰਛਾਵਾਂ

Thursday, Oct 05, 2017 - 01:47 PM (IST)

ਅਕਾਲੀ-ਕਾਂਗਰਸ ਗੱਠਜੋੜ ਨਾਲ ਬਣੀ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ''ਤੇ ਪਿਆ ਕਾਲਾ ਪਰਛਾਵਾਂ

ਸ੍ਰੀ ਆਨੰਦਪੁਰ ਸਾਹਿਬ(ਸ਼ਮਸ਼ੇਰ)— ਇਤਿਹਾਸਕ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਦੀ 13 ਵਾਰਡਾਂ ਦੀ ਨਗਰ ਕੌਂਸਲ ਦੀ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਬਹੁਗਿਣਤੀ ਮੈਂਬਰਾਂ ਵੱਲੋਂ ਮੌਜੂਦਾ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ 'ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ ਉਪੰਰਤ ਨਗਰ ਕੌਂਸਲ 'ਤੇ ਕਾਲਾ ਪਰਛਾਵਾਂ ਮੰਡਰਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਮੀਟਿੰਗ ਦੌਰਾਨ ਪ੍ਰਧਾਨ ਵਾਲੀਆ ਦਾ ਵਿਰੋਧ ਕਰਨ ਵਾਲੇ ਕੌਂਸਲਰਾਂ ਹਰਜੀਤ ਸਿੰਘ ਜੀਤਾ, ਰਾਮ ਸਿੰਘ, ਗੁਰਅਵਤਾਰ ਸਿੰਘ ਚੰਨ, ਇੰਦਰਜੀਤ ਕੌਸ਼ਿਕ, ਨਰਿੰਦਰ ਸਿੰਘ ਨਿੰਦਾ, ਜਤਿੰਦਰ ਕੌਰ, ਮਨਪ੍ਰੀਤ ਕੌਰ ਅਰੋੜਾ, ਸੋਨਿਕਾ ਮਹਿਤਾ ਤੇ ਰੀਟਾ ਰਾਣੀ ਨੇ ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ 'ਤੇ ਕੌਂਸਲ ਦੇ ਕਾਰਜਾਂ 'ਚ ਭ੍ਰਿਸ਼ਟਾਚਾਰ ਕਰਨ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅਣਗੌਲਿਆਂ ਕਰਨ ਦੇ ਗਭੀਰ ਦੋਸ਼ ਲਾਉਂਦੇ ਹੋਏ ਉਨ੍ਹਾਂ ਤੋਂ ਤੁਰੰਤ ਅਸਤੀਫੇ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਕੌਂਸਲ ਪ੍ਰਧਾਨ ਦੇ ਸਮਰਥਕ ਕੌਂਸਲਾਂ ਵੱਲੋਂ ਗੰਭੀਰ ਦੋਸ਼ ਲਾਉਣੇ ਭਵਿੱਖ ਦੀ ਕਿਸ ਰਣਨੀਤੀ ਦਾ ਸੰਕੇਤ ਹਨ? ਕੀ ਇਹ ਅਗਲੇ ਦਿਨਾਂ 'ਚ ਹੋਣ ਜਾ ਰਹੀ ਸਿਆਸੀ ਸਫਬੰਦੀ ਦਾ ਇਕ ਹਿੱਸਾ ਹਨ? ਇਸ ਸਬੰਧੀ ਸ਼ਹਿਰ ਤੇ ਸਿਆਸੀ ਗਲਿਆਰਿਆਂ 'ਚ ਚਰਚਾ ਛਿੜੀ ਹੋਈ ਹੈ।
ਕੌਂਸਲ ਅਧੀਨ ਕੰਮ ਕਰਨ ਵਾਲੇ 60 ਕਰਮਚਾਰੀ, ਜੋ ਕੌਂਸਲ ਵੱਲੋਂ ਬੇਲਾ ਰਾਮਗੜ੍ਹ ਸੁਸਾਇਟੀ ਤੋਂ ਠੇਕੇ 'ਤੇ ਲਏ ਹੋਏ ਹਨ, ਇਨ੍ਹਾਂ ਨੂੰ ਚਾਰ ਤੋਂ ਵੱਧ ਛੁੱਟੀਆਂ ਪ੍ਰਤੀ ਮਹੀਨਾ ਅਲਾਟ ਨਹੀਂ ਹੈ ਪਰ ਕੌਂਸਲ ਦੀ ਮਿਲੀਭੁਗਤ ਨਾਲ ਇਨ੍ਹਾਂ ਸਫਾਈ ਕਰਮਚਾਰੀਆਂ ਦਾ ਬੀਤੇ ਢਾਈ ਸਾਲਾਂ ਤੋਂ ਕੋਈ ਪੈਸਾ ਨਹੀਂ ਕੱਟਿਆ ਗਿਆ, ਜਦਕਿ ਠੇਕੇਦਾਰ ਵੱਲੋਂ ਇਨ੍ਹਾਂ ਦੀਆਂ 4 ਤੋਂ ਵੱਧ ਛੁੱਟੀਆਂ ਦੀ ਅਦਾਇਗੀ ਕਟੌਤੀ ਕਰ ਕੇ ਕੀਤੀ ਜਾਂਦੀ ਹੈ, ਜਿਸ ਕਾਰਨ ਲੱਖਾਂ ਦਾ ਚੂਨਾ ਪ੍ਰਤੀ ਮਹੀਨਾ ਕੌਂਸਲ ਨੂੰ ਲੱਗ ਰਿਹਾ ਹੈ। ਸ਼ਹਿਰ ਦੇ ਕਈ ਕੰਮਾਂ 'ਚ ਭ੍ਰਿਸ਼ਟਾਚਾਰ ਹੋਇਆ ਹੈ, ਜਿਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਲੋੜ ਹੈ।- ਹਰਜੀਤ ਸਿੰਘ ਜੀਤਾ ਕੌਂਸਲਰ ਸ੍ਰੀ ਆਨੰਦਪੁਰ ਸਾਹਿਬ 
ਮੈਂ ਹੁਣ ਤੱਕ ਨਗਰ ਕੌਂਸਲ ਦੀ ਨਿਸ਼ਕਾਮ ਸੇਵਾ ਕੀਤੀ ਹੈ। ਮੈਂ ਤਨਖਾਹ ਨਾ ਲੈਣ ਦੀ ਜੋ ਗੱਲ ਕੀਤੀ ਸੀ, ਉਸ ਦਾ ਮਕਸਦ ਇਹ ਸੀ ਕਿ ਮੈਂ ਆਪਣੀ ਤਨਖਾਹ ਦਾ ਹਿੱਸਾ ਵੀ ਨਗਰ ਕੌਂਸਲ ਦੀ ਖਿਦਮਤ 'ਚ ਲਾਉਂਦਾ ਹਾਂ। ਜੋ ਐਂਬੂਲੈਂਸ ਕੌਂਸਲ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਖੜ੍ਹੀ ਕੀਤੀ ਗਈ ਹੈ, ਉਸ ਦੀ ਕਿਸ਼ਤ ਮੈਂ ਆਪਣੀ ਤਨਖਾਹ 'ਚੋਂ ਅਦਾ ਕਰਦਾ ਹਾਂ। ਮੈਂ ਕੋਈ ਟੈਲੀਫੋਨ ਸਹੂਲਤ, ਸਰਕਾਰੀ ਗੱਡੀ ਜਾਂ ਹੋਰ ਲੋੜੀਂਦੀ ਸਹੂਲਤ ਕੌਂਸਲ ਤੋਂ ਪ੍ਰਧਾਨ ਹੋਣ ਦੀ ਹੈਸੀਅਤ 'ਚ ਪ੍ਰਾਪਤ ਨਹੀਂ ਕੀਤੀ। ਇਥੋਂ ਤੱਕ ਕਿ ਮੈਂ ਆਪਣੀ ਨਿੱਜੀ ਗੱਡੀ 'ਚ ਵੀ ਤੇਲ ਆਪਣੀ ਜੇਬ 'ਚੋਂ ਪਵਾਉਂਦਾ ਹਾਂ। ਮੈਂ ਪ੍ਰਧਾਨਗੀ ਤੋਂ ਪਹਿਲਾਂ ਲੋਕਾਂ ਦਾ ਸੇਵਾਦਾਰ ਹਾਂ। -ਮਹਿੰਦਰ ਸਿੰਘ ਵਾਲੀਆ ਪ੍ਰਧਾਨ ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ


Related News